???? ਪਟਿਆਲਾ ਵਿੱਚ ਹੋਇਆ ਦੁਖਦਾਈ ਹਾਦਸਾ . . . . . . .
???? ਸਕੂਲ ਜਾਂਦੇ 12 ਸਾਲ ਦੇ ਬੱਚੇ ਦੀ ਆਟੋ ’ਚੋਂ ਡਿੱਗਣ ਨਾਲ ਹੋਈ ਮੌਤ
???? ਡਿਪਟੀ ਕਮਿਸ਼ਨਰ ਪਟਿਆਲਾ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਭਾਰੀ ਦੁੱਖ ਦਾ ਪ੍ਰਗਟਾਵਾ
???? ਡਿਪਟੀ ਕਮਿਸ਼ਨਰ ਨੇ ਦੁੱਖਦਾਈ ਘਟਨਾ ਦੇ ਹਾਲਾਤਾਂ ਦੀ ਜਾਂਚ ਲਈ ਬਣਾਈ ਕਮੇਟੀ ; 5 ਦਿਨਾਂ ’ਚ ਰਿਪੋਰਟ ਪੇਸ਼ ਕਰਨ ਦੇ ਆਦੇਸ਼
ਪਟਿਆਲਾ, 11 ਅਪ੍ਰੈਲ – ਸੁਨੀਤਾ ਵਰਮਾ, ਰਾਕੇਸ਼, ਰਜਨੀਸ਼, ਸੁਰਜੀਤ ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ ਬਿਓਰੋ – ਪਟਿਆਲਾ ਸ਼ਹਿਰ ਵਿੱਚ 10 ਅਪ੍ਰੈਲ, ਸੋਮਵਾਰ ਨੂੰ ਉਸ ਵੇਲੇ ਭਾਰੀ ਸੋਗ ਦੀ ਲਹਿਰ ਫੈਲ ਗਈ ਜਦੋਂ ਲੋਕਾਂ ਨੂੰ ਇਹ ਸੁਣਨ ਨੂੰ ਮਿਲਿਆ ਕਿ ਚੌਰਾ-ਸਨੌਰ ਮਾਰਗ ਉਤੇ ਇੱਕ ਆਟੋ ਵਿੱਚੋਂ ਡਿੱਗ ਕੇ ਇੱਕ 12 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 12 ਸਾਲ ਦਾ ਬੱਚਾ ਦਕਸ਼ ਸ਼ਰਮਾ ਪੁੱਤਰ ਮਨਦੀਪ ਸ਼ਰਮਾ, ਸੈਂਟ ਮੈਰੀ ਸਕੂਲ ਵਿਚ 6ਵੀਂ ਜਮਾਤ ਵਿੱਚ ਪੜ੍ਹਦਾ ਸੀ ਜੋਕਿ ਹਰ ਰੋਜ਼ ਵੈਨ ਵਿਚ ਹੀ ਆਪਣੇ ਸਕੂਲ ਜਾਂਦਾ ਸੀ, ਪਰੰਤੂ ਅੱਜ ਵੈਨ ਪੈਂਚਰ ਹੋ ਜਾਣ ਕਾਰਨ ਸਕੂਲ ਜਾਣ ਲਈ ਉਹ ਆਟੋ ਵਿੱਚ ਬੈਠ ਗਿਆ, ਪਰ ਸਫ਼ਰ ਦੌਰਾਨ ਸੜਕ ਦੇ ਇੱਕ ਟੋਏ ਵਿੱਚ ਆਟੋ ਦਾ ਟਾਇਰ ਵੱਜਣ ਤੋਂ ਬਾਅਦ ਮਾਸੂਮ ਬੱਚਾ ਦਕਸ਼ ਉੱੱਛਲ ਕੇ ਆਟੌ ਤੋਂ ਬਾਹਰ ਸੜਕ ’ਤੇ ਡਿੱਗ ਪਿਆ। ਡੂੰਘੀ ਸੱਟ ਵੱਜਣ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ। ਉਸਨੂੰ ਤੁਰੰਤ ਹੀ ਇੱਕ ਵੱਡੇ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ, ਪਰ ਉਸਦੀ ਮੌਤ ਹੋ ਗਈ। ਇਹ ਵੀ ਕਿਹਾ ਜਾਂਦਾ ਹੈ ਕਿ ਉਕਤ ਵੱਡੇ ਹਸਪਤਾਲ ਨੇ ਬੱਚੇ ਦੀ ਡੈੱਡ ਬਾਡੀ ਦੇਣ ਵਿੱਚ ਦੁਖੀ ਪਰਿਵਾਰਕ ਮੈਂਬਰਾਂ ਨੂੰ ਬਹੁਤ ਤੰਗ ਕਰਕੇ ਹੋਰ ਵੀ ਜ਼ਿਆਦਾ ਦੁਖੀ ਕੀਤਾ। ਬੱਚੇ ਦੀ ਇਸ ਤਰ੍ਹਾਂ ਮੌਤ ਹੋ ਜਾਣ ਦੀ ਖ਼ਬਰ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਅੱਗ ਵਾਂਗ ਫੈਲ ਗਈ ਅਤੇ ਹਰ ਪਾਸੇ ਇਸ ਹਾਦਸੇ ਦੀ ਚਰਚਾ ਹੋਣ ਲੱਗ ਪਈ। ਅੱਥਰੂਆਂ ਭਰੀਆਂ ਅੱਖਾਂ ਅਤੇ ਬਹੁਤ ਹੀ ਦੁਖੀ ਮਨ ਦੇ ਨਾਲ ਬੱਚੇ ਦਾ ਸਸਕਾਰ ਹੋਇਆ।
???? ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਮਾਸੂਮ ਬੱਚੇ ਦਕਸ਼ ਦੀ ਮੌਤ ਉਤੇ ਭਾਰੀ ਦੁੱਖ ਦਾ ਪ੍ਰਗਟਾਵਾ – ਡਿਪਟੀ ਕਮਿਸ਼ਨਰ ਜਿਲ੍ਹਾ ਪਟਿਆਲਾ ਮੈਡਮ ਸਾਕਸ਼ੀ ਸਾਹਨੀ, ਆਈ.ਏ.ਐਸ, ਨੇ ਮਾਸੂਮ ਬੱਚੇ ਦਕਸ਼ ਦੀ ਮੌਤ ਉਤੇ ਭਾਰੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਦਕਸ਼ ਦੇ ਪਰਿਵਾਰ ਪ੍ਰਤਿ ਹਮਦਰਦੀ ਜਤਾਉਂਦੇ ਹੋਏ ਪਰਿਵਾਰ ਨਾਲ ਖੜ੍ਹਣ ਦੀ ਗੱਲ ਕੀਤੀ ਅਤੇ ਬੱਚੇ ਦੇ ਪਰਿਵਾਰ ਨਾਲ ਪ੍ਰਸ਼ਾਸਨ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਨ੍ਹਾਂ ਦੇ ਘਰ ਕੁਝ ਅਧਿਕਾਰੀਆਂ ਨੂੰ ਵੀ ਭੇਜਿਆ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਦੁੱਖਦਾਈ ਘਟਨਾ ਦੇ ਕਾਰਨਾਂ ਦੀ ਤੁਰੰਤ ਜਾਂਚ ਕਰਨ ਅਤੇ 5 ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕਰ ਦਿੱਤਾ। ਇਸ ਕਮੇਟੀ ਵਿੱਚ ਐਸ.ਡੀ.ਐਮ ਪਟਿਆਲਾ ਦੇ ਨਾਲ ਸਕੱਤਰ ਆਰ.ਟੀ.ਏ, ਐਸ.ਪੀ ਟਰੈਫਿਕ, ਜਿਲ੍ਹਾ ਬਾਲ ਸੁਰੱਖਿਆ ਅਫਸਰ ਅਤੇ ਜਿਲ੍ਹਾ ਸਿੱਖਿਆ ਅਫਸਰ ਪਟਿਆਲਾ ਦੇ ਨਾਂਅ ਸ਼ਾਮਲ ਹਨ।
???? ਪਟਿਆਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ – 12 ਸਾਲ ਦੇ ਮਾਸੂਮ ਬੱਚੇ ਦੀ ਮੌਤ ਦੀ ਦੁੱਖਦਾਈ ਘਟਨਾ ਉੱਤੇ ਪਟਿਆਲਾ ਦੇ ਇਲੈਕਟ੍ਰੋਨਿਕ ਤੇ ਪਿੰਟ ਮੀਡੀਆ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦੇਈਏ ਕਿ ਮ੍ਰਿਤਕ ਬੱਚਾ ਦਕਸ਼ ਪਟਿਆਲਾ ਦੇ ਸੀਨੀਅਰ ਪੱਤਰਕਾਰ ਅਨੁਰਾਗ ਸ਼ਰਮਾ ਦੀ ਸਾਲੀ ਦਾ ਬੇਟਾ ਸੀ। ਪੱਤਰਕਾਰ ਭਾਈਚਾਰੇ ਨੇ ਦੁਖੀ ਪਰਿਵਾਰ ਨਾਲ ਦਿਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੱਚੇ ਦਾ ਪਿਤਾ ਮਨਦੀਪ ਸ਼ਰਮਾ ਅਤੇ ਦਾਦਾ ਹਰਮੇਸ਼ ਸ਼ਰਮਾ ਬਹਾਦੁਰਗੜ੍ਹ ਦੀ ਐਸਕੋਰਟ ਫੈਕਟਰੀ ਵਿੱਚ ਮੁਲਾਜ਼ਮ ਹਨ ਅਤੇ ਪਰਿਵਾਰ ਸਮੇਤ ਨੇੜੇ ਹੀ ਪੀਰ ਕਲੋਨੀ ਵਿਖੇ ਰਹਿੰਦੇ ਹਨ। ਹਾਦਸੇ ਦਾ ਸ਼ਿਕਾਰ ਮਾਸੂਮ ਬੱਚਾ ਦਕਸ਼ ਆਪਣੇ ਮਾਤਾ ਪਿਤਾ ਦੀ ਇਕਲੌਤੀ ਸੰਤਾਨ ਸੀ। ਬੱਚੇ ਦੀ ਇਸ ਬੇਵਕਤੀ ਮੌਤ ਦੀ ਖਬਰ ਸੁਣਨ ਵਾਲੇ ਹਰ ਵਿਅਕਤੀ ਨੂੰ ਬਹੁਤ ਦੁੱਖ ਹੋਇਆ ਹੈ। Newsline Express