???? 28 ਜੂਨ ਨੂੰ ਪਟਿਆਲਾ ‘ਚ ਧੂਮਧਾਮ ਨਾਲ ਨਿਕਲੇਗੀ ਸ਼ਾਨਦਾਰ 21ਵੀਂ ਭਗਵਾਨ ਜਗਨ ਨਾਥ ਰਥ ਯਾਤਰਾ
ਪਟਿਆਲਾ, 13 ਜੂਨ – ਰਾਕੇਸ਼ ਸ਼ਰਮਾ, ਸਕਸੈਨਾ, ਗਰੋਵਰ – ਨਿਊਜ਼ਲਾਈਨ ਐਕਸਪ੍ਰੈਸ- ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਚੇਤਨਾ ਦੇ ਚੰਡੀਗੜ੍ਹ ਚੈਪਟਰ-ਇਸਕੋਨ ਅਤੇ ਇਸਕੋਨ ਫੈਸਟੀਵਲ ਕਮੇਟੀ ਪਟਿਆਲਾ ਵੱਲੋਂ 28 ਜੂਨ, 2023 ਨੂੰ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ 21ਵੀਂ ਭਗਵਾਨ ਜਗਨ ਨਾਥ ਰਥ ਯਾਤਰਾ ਦਾ ਆਯੋਜਨ ਬਹੁਤ ਹੀ ਸ਼ਰਧਾ ਨਾਲ ਸ਼ਾਨਦਾਰ ਢੰਗ ਨਾਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਕਮੇਟੀ ਦੇ ਪ੍ਰੈੱਸ ਸਕੱਤਰ ਸੁਦਰਸ਼ਨ ਮਿੱਤਲ ਨੇ ਨਿਊਜ਼ਲਾਈਨ ਐਕਸਪ੍ਰੈਸ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਇਸਕੋਨ ਮੰਦਿਰ, ਚੰਡੀਗੜ੍ਹ ਤੋਂ ਸ੍ਰੀ ਅਕਿੰਚਨ ਪ੍ਰਿਆ ਦਾਸ ਦੇ ਅਨੁਸਾਰ ਇਸਕੌਨ ਦੇ ਸ਼ਰਧਾਲੂਆਂ ਅਤੇ ਭਾਰਤ ਅਤੇ ਵਿਦੇਸ਼ਾ ਤੋਂ ਉੱਘੀਆਂ ਅਧਿਆਤਮਿਕ ਸਖਸ਼ੀਅਤਾਂ ਦੇ ਇਸ ਯਾਤਰਾ ਵਿੱਚ ਹਿੱਸਾ ਲੈਣ ਦੀ ਉਮੀਦ ਹੈ। ਰੱਥ ਯਾਤਰਾ ਦੀਆਂ ਤਿਆਰੀਆਂ ਸਬੰਧੀ ਸ੍ਰੀ ਅਕਿੰਚਨ ਪ੍ਰਿਆ ਦਾਸ ਦੀ ਅਗਵਾਈ ਹੇਠ ਅੱਜ ਛੋਟੀ ਬਾਰਾਂਦਰੀ ਪਟਿਆਲਾ ਵਿਖੇ ਮੀਟਿੰਗ ਹੋਈ, ਜਿਸ ਵਿੱਚ ਅਸ਼ਵਨੀ ਗੋਇਲ, ਧੀਰਜ ਚਾਵਲਾ, ਵਿਕਰਮ ਅਹੂਜਾ, ਬਿਨੀਤ ਬਾਂਸਲ, ਪੀ.ਡੀ. ਗੁਪਤਾ, ਓ.ਪੀ. ਗੋਇਲ, ਸੀ.ਐਮ. ਮਿੱਤਲ, ਸ਼ਸ਼ੀ ਅਗਰਵਾਲ ਤੇ ਹੋਰ ਪ੍ਰਭੂ ਭਗਤ ਹਾਜ਼ਰ ਸਨ।
ਅੱਜ ਦੀ ਮੀਟਿੰਗ ਦੌਰਾਨ ਵਿਸ਼ਾਲ ਰੱਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਪ੍ਰਭੂ ਭਗਤ ਪੁਨੀਤ ਬੁੱਧੀਰਾਜਾ, ਦਿਬਿਆ ਸ਼ਰਮਾ, ਚੰਦਰ ਸ਼ੇਖ਼ਰ, ਬੌਬੀ ਕੰਪਾਨੀ, ਸੁਦਰਸ਼ਨ ਮਿੱਤਲ, ਪਰਦੀਪ ਕਪਿਲਾ, ਜਰਨੈਲ ਸਿੰਘ ਮਾਹੀ, ਸੰਜੀਵ ਬਬਲਾ, ਸਵਤੰਤਰ ਰਾਜ ਪਾਸੀ, ਧੀਰਜ ਚਲਾਣਾ ਪ੍ਰਧਾਨ, ਇਸਕੋਨ ਫੈਸਟੀਵਲ ਕਮੇਟੀ ਪਟਿਆਲਾ ਨੇ ਦੱਸਿਆ ਕਿ 28 ਜੂਨ, 2023 ਨੂੰ ਰੱਥ ਯਾਤਰਾ ਤੋਂ ਪਹਿਲਾਂ ਸਵੇਰੇ 9:00 ਵਜੇ ਸਨਾਤਨ ਧਰਮ ਕੁਮਾਰ ਸਭਾ ਭਵਨ ਰਾਜਪੁਰਾ ਰੋਡ, ਪਟਿਆਲਾ ਵਿਖੇ ਛੱਪਣ ਭੋਗ ਅਤੇ ਆਰਤੀ ਕੀਤੀ ਜਾਵੇਗੀ।
ਸੁਦਰਸ਼ਨ ਮਿੱਤਲ, ਪ੍ਰੈਸ ਸਕੱਤਰ, ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰ ਦੀ ਰਸੋਈ ਵਿੱਚੋਂ ਕੋਈ ਵੀ ਵਸਤੂ ਬਗੈਰ ਪਿਆਜ, ਲੱਸਣ, ਹਲਦੀ ਤੋਂ ਬਿਨਾਂ ਛੱਪਨ ਭੋਗ ਬਣਾ ਕੇ ਲਗਾ ਸਕਦੇ ਹੋ।
ਰੱਥ ਯਾਤਰਾ ਵਿੱਚ ਸ਼ਾਮਲ ਰੰਗ ਬਿਰੰਗੇ ਫੁੱਲਾਂ ਨਾਲ ਸਜੇ ਵਿਸ਼ਾਲ ਰੱਥ ਵਿੱਚ ਭਗਵਾਨ ਸ੍ਰੀ ਜਗਨ ਨਾਥ ਜੀ, ਬਲਭਦਰ ਜੀ ਅਤੇ ਦੇਵੀ ਸੁਭਦਰਾ ਜੀ ਮਨਮੋਹਕ ਮੂਰਤੀਆਂ ਦੇ ਰੂਪ ਵਿੱਚ ਵਿਰਾਜਮਾਨ ਰਹਿਣਗੇ।
ਰੱਥ ਯਾਤਰਾ, ਮਾਲ ਰੋਡ ਪਟਿਆਲਾ ਉਤੇ ਸਥਿਤ ਮਾਤਾ ਸ੍ਰੀ ਕਾਲੀ ਦੇਵੀ ਜੀ ਦੇ ਮੰਦਰ ਤੋਂ ਦੁਪਹਿਰ 1 ਵਜੇ ਸ਼ੁਰੂ ਹੋ ਕੇ ਲਾਹੋਰੀ ਗੇਟ, ਆਰੀਆ ਸਮਾਜ, ਤ੍ਰਿਵੈਣੀ ਚੌਂਕ, ਸਰਹਿੰਦੀ ਬਜਾਰ, ਦਰਸ਼ਨੀ ਗੇਟ, ਸ਼ੀਤਲਾ ਮਾਤਾ ਮੰਦਰ ਚੌਂਕ, ਕਸੇਰਾ ਚੌਂਕ, ਕਿਲ੍ਹਾ ਚੌਂਕ, ਸਦਰ ਬਾਜ਼ਾਰ, ਏ ਟੈਂਕ, ਅਦਾਲਤ ਬਜਾਰ, ਧਰਮਪੁਰਾ ਬਜਾਰ, ਗਊਸ਼ਾਲਾ ਰੋਡ, ਸ਼ੇਰ-ਏ-ਪੰਜਾਬ ਮਾਰਕਿਟ, ਪ੍ਰੈਸ ਰੋਡ, ਆਰੀਆ ਸਮਾਜ, ਸਬਜੀ ਮੰਡੀ, ਨਹਿਰੂ ਪਾਰਕ ਰੋਡ, ਸਰਹਿੰਦੀ ਗੇਟ, ਸ੍ਰੀ ਹਨੂੰਮਾਨ ਮੰਦਰ ਰਾਜਪੁਰਾ ਰੋਡ ਤੋਂ ਹੁੰਦੀ ਹੋਈ ਐਸ.ਡੀ.ਕੇ.ਐਸ. ਭਵਨ ਰਾਜਪੁਰਾ ਰੋਡ ਵਿਖੇ ਸਮਾਪਤ ਹੋਵੇਗੀ। ਇਸ ਦੌਰਾਨ ਸਾਰੇ ਬਾਜ਼ਾਰਾਂ ਵਿੱਚ ਥਾਂ ਥਾਂ ਵਿਖੇ ਲੰਗਰ ਆਦਿ ਵਰਤਾਏ ਜਾਂਦੇ ਰਹਿਣਗੇ।
ਉਪਰੋਕਤ ਤੋਂ ਇਲਾਵਾ ਸ਼ਾਮ 7:30 ਵਜੇ ਰਾਜਪੁਰਾ ਰੋਡ ਉਤੇ ਸਥਿਤ ਭਵਨ ਵਿਖੇ ਸੰਗੀਤਮਈ ਸੰਕੀਰਤਨ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਇਸ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸਵਾਦਿਸ਼ਟ ਸ੍ਰੀ ਕ੍ਰਿਸ਼ਨ ਪ੍ਰਸਾਦਮ ਵੰਡਿਆ ਜਾਵੇਗਾ।
ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਣ ਭਗਵਾਨ ਸ੍ਰੀ ਜਗਨਨਾਥ ਜੀ ਦੇ ਰੱਥ ਅੱਗੇ ਮ੍ਰਿਦੰਗਾ ਅਤੇ ਕਰਤਾਲ ਦੀ ਧੁੰਨ ‘ਤੇ ਪੱਛਮੀ ਸ਼ਰਧਾਲੂਆਂ ਵਲੋਂ ਕੀਤਾ ਜਾਂਦਾ ਸਵਾਮੀ ਡਾਂਸ ਵੀ ਹੋਵੇਗਾ।
Newsline Express