ਬਠਿੰਡਾ, 17 ਜੂਨ – ਨਿਊਜ਼ ਲਾਈਨ ਐਕਸਪ੍ਰੈਸ – ਬਠਿੰਡਾ ਵਿਚ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਮਿੰਨੀ ਸਕੱਤਰੇਤ ਵਿਚ ਸਥਿਤ SSP ਤੇ DC ਦੇ ਦਫਤਰ ਵਿਚ ਚੋਰਾਂ ਨੇ ਸੁਵਿਧਾ ਕੇਂਦਰ ਤੋਂ ਲਗਭਗ 10 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਚੋਰੀ ਕਰਦੇ ਸਮੇਂ ਸੀਸੀਟੀਵੀ ਕੈਮਰੇ ਦੀ DVR ਵੀ ਆਪਣੇ ਨਾਲ ਲੈ ਗਏ।
ਇਹ ਘਟਨਾ ਸ਼ਨੀਵਾਰ ਰਾਤ ਦੀ ਦੱਸੀ ਜਾ ਰਹੀ ਹੈ। ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਸੁਵਿਧਾ ਕੇਂਦਰ ਮੁਲਾਜ਼ਮ ਡਿਊਟੀ ‘ਤੇ ਪਹੁੰਚੇ। ਘਟਨਾ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿਚ ਮੰਨਿਆ ਜਾ ਰਿਹਾ ਹੈ ਕਿ ਕਿਸੇ ਜਾਣਕਾਰ ਨੇ ਹੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।
ਜਾਣਕਾਰੀ ਮੁਤਾਬਕ ਮਿੰਨੀ ਸਕੱਤਰੇਤ ਵਿਚ ਜਿਥੇ ਐੱਸਐੱਸਪੀ ਤੇ ਡਿਪਟੀ ਕਮਿਸ਼ਨਰ ਦਾ ਦਫਤਰ ਹੈ ਉਥੇ ਨੇੜੇ ਸੁਵਿਧਾ ਕੇਂਦਰ ਹੈ। ਬਾਕੀ ਦਿਨਾਂ ਦੀ ਜੋ 10 ਲੱਖ ਤੋਂ ਵਧ ਨਕਦੀ ਸੀ, ਉਸ ਨੂੰ ਬੈਂਕ ਵਿਚ ਜਮ੍ਹਾਂ ਕਰਵਾਉਣ ਲਈ ਸੁਵਿਧਾ ਮੁਲਾਜ਼ਮ ਗਏ ਸਨ ਪਰ ਐਰਰ ਆਉਣ ਦੀ ਵਜ੍ਹਾ ਨਾਲ ਸ਼ੁੱਕਰਵਾਰ ਨੂੰ ਇਹ ਰਕਮ ਜਮ੍ਹਾਂ ਨਹੀਂ ਹੋ ਸਕੀ। ਇਸ ਕਰਕੇ ਸੁਵਿਧਾ ਕੇਂਦਰ ਮੁਲਾਜ਼ਮ ਰਕਮ ਨੂੰ ਵਾਪਸ ਲੈ ਆਏ। ਇਸ ਪੈਸੇ ਨੂੰ ਸੁਵਿਧਾ ਕੇਂਦਰ ਦੇ ਲਾਕਰ ਵਿਚ ਹੀ ਰੱਖਿਆ ਗਿਆ ਸੀ। ਪੁਲਿਸ ਉਕਤ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।