???? ਨਰਕ ਦਾ ਰੂਪ ਧਾਰਨ ਕੀਤੀ ਏਸ਼ੀਆ ਦੀ ਸਭ ਤੋਂ ਵੱਡੀ ਟਰੈਕਟਰ ਕਬਾੜੀ ਮਾਰਕੀਟ ਵਿਖੇ ਪਟਿਆਲਾ ਪ੍ਰਸ਼ਾਸਨ ਦੀ ਵੱਡੀ ਕਾਰਵਾਈ
???? ਇੰਪਰੂਵਮੈਂਟ ਟਰੱਸਟ ਅਤੇ ਟ੍ਰੈਫਿਕ ਪੁਲਿਸ ਨੇ ਨਾਜਾਇਜ ਕਬਜਿਆਂ ਖਿਲਾਫ ਕੀਤੀ ਕਾਰਵਾਈ
???? ਦੁਕਾਨਦਾਰਾਂ ਨੇ ਮਿੰਨਤਾਂ ਤੜਕੇ ਕਰਕੇ ਲਿਖਤੀ ਰੂਪ ‘ਚ 30 ਜੂਨ ਤੱਕ ਨਾਜਾਇਜ਼ ਕਬਜ਼ੇ ਹਟਾਉਣ ਦਾ ਲਿਆ ਸਮਾਂ
ਪਟਿਆਲਾ, 19 ਜੂਨ – ਸੁਰਜੀਤ ਗਰੋਵਰ/ ਨਿਊਜ਼ਲਾਈਨ ਐਕਸਪ੍ਰੈਸ – ਏਸ਼ੀਆ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਟਰੈਕਟਰ ਕਬਾੜੀ ਮਾਰਕੀਟ ਪਟਿਆਲਾ ਪਿਛਲੇ ਕਾਫੀ ਸਮੇਂ ਤੋਂ ਨਰਕ ਦਾ ਰੂਪ ਧਾਰ ਚੁੱਕੀ ਹੈ। ਟੁੱਟੀਆਂ ਸੜਕਾਂ, ਗੰਦਗੀ ਤੇ ਨਾਜਾਇਜ਼ ਕਬਜ਼ਿਆਂ ਕਾਰਨ ਨਾ ਸਿਰਫ ਲੋਕਾਂ ਦਾ, ਸਗੋਂ ਖੁਦ ਸੈਂਕੜੇ ਦੁਕਾਨਦਾਰਾਂ ਦਾ ਲੰਘਣਾ ਮੁਸ਼ਕਿਲ ਹੋ ਚੁੱਕਿਆ ਹੈ। ਪਟਿਆਲਾ ਪ੍ਰਸਾਸ਼ਨ ਅਤੇ ਸਰਕਾਰ ਕੋਲ ਕਈ ਸ਼ਿਕਾਇਤਾਂ ਪਹੁੰਚਣ ਦੇ ਬਾਵਜੂਦ ਮਸਲਾ ਹੱਲ ਹੋਣ ਦੀ ਥਾਂ ਲਗਾਤਾਰ ਹੋਰ ਜ਼ਿਆਦਾ ਵਧਦਾ ਰਿਹਾ। ਆਖਿਰ ਅੱਜ ਸੋਮਵਾਰ ਨੂੰ ਪਟਿਆਲਾ ਇੰਪਰੂਵਮੇਂਟ ਟਰੱਸਟ ਅਤੇ ਟਰੈਫਿਕ ਪੁਲਿਸ ਦਾ ਲਾਵ ਲਸ਼ਕਰ ਨਾਜਾਇਜ ਕਬਜ਼ੇ ਹਟਾਉਣ ਲਈ ਕ੍ਰੇਨਾਂ ਤੇ ਹੋਰ ਮਸ਼ੀਨਰੀ ਲੈਕੇ ਪਹੁੰਚਿਆ ਤਾਂ ਦੁਕਾਨਦਾਰਾਂ ਵਿੱਚ ਹਫ਼ੜਾ ਦਫ਼ੜੀ ਪੈ ਗਈ। ਪੁਲਿਸ ਨੇ ਜਦੋਂ ਕ੍ਰੈਨਾਂ ਨਾਲ ਵਾਹਨ ਚੁੱਕਣੇ ਸ਼ੁਰੂ ਕੀਤੇ ਤਾਂ ਦੁਕਾਨਦਾਰਾਂ ਨੇ ਤਰਲੇ ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪ੍ਰੰਤੂ ਪ੍ਰਸ਼ਾਸਨ ਦੀ ਸਖਤੀ ਕਾਰਨ ਜਦੋਂ ਦੁਕਾਨਦਾਰਾਂ ਦੀ ਇੱਕ ਨਾ ਚੱਲਦੀ ਦਿਖੀ ਤਾਂ ਕਬਾੜੀ ਮਾਰਕੀਟ ਯੂਨੀਅਨ, ਗੁਰੂ ਤੇਗ ਬਹਾਦਰ ਟਰੈਕਟਰ ਮਾਰਕੀਟ ਦੇ ਲੈਟਰ ਪੈਡ ਉਤੇ ਲਿਖਤੀ ਰੂਪ ਵਿਚ ਨਾਜਾਇਜ ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ 10 ਦਿਨ ਦਾ ਸਮਾਂ ਮੰਗਿਆ ਗਿਆ ਅਤੇ ਦੁਕਾਨਦਾਰਾਂ ਹਰਦੀਪ ਸਿੰਘ, ਧਰਮਪਾਲ ਸਿੰਘ, ਕੁਲਜੀਤ ਸਿੰਘ, ਸਰਬਜੀਤ ਸਿੰਘ, ਤਰਲੋਕ ਸਿੰਘ, ਜਸਬੀਰ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਕਈ ਹੋਰ ਕਾਬਜਕਾਰਾਂ ਨੇ ਜਲਦ ਹੀ ਕਬਜਾ ਕੀਤੀ ਗਈ ਜਗ੍ਹਾ ਖਾਲੀ ਕਰਨ ਦਾ ਵਾਦਾ ਕੀਤਾ, ਤਾਂ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਖਤੀ ਨਾਲ ਖੁਦ ਨਾਜਾਇਜ ਕਬਜ਼ੇ ਹਟਾਉਣ ਦੇ ਹੁਕਮ ਦਿੰਦਿਆਂ 29 ਜੂਨ ਤੱਕ ਦਾ ਸਮਾਂ ਦੇ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਮਾਰਕੀਟ ਦੇ ਕਈ ਦੁਕਾਨਦਾਰ ਅੰਦਰਖਾਤੇ ਖੁਦ ਪ੍ਰਸਾਸ਼ਨ ਦੀ ਕਾਰਵਾਈ ਤੋਂ ਖ਼ੁਸ਼ ਨਜ਼ਰ ਆਏ, ਕਿਉਂਕਿ ਇਹ ਬਹੁਤ ਵੱਡੀ ਮਾਰਕੀਟ ਨਰਕ ਦਾ ਰੂਪ ਧਾਰ ਚੁੱਕੀ ਹੈ ਅਤੇ ਉਥੋਂ ਵਾਹਨਾਂ ਦਾ ਹੀ ਨਹੀਂ, ਸਗੋਂ ਪੈਦਲ ਲੰਘਣ ਵਾਲਿਆਂ ਲਈ ਵੀ ਭਾਰੀ ਪ੍ਰੇਸ਼ਾਨੀ ਹੀ ਰਹਿ ਸੀ। ਲੋਕ ਕਹਿੰਦੇ ਹਨ ਕਿ ਵਾੜ ਹੀ ਖੇਤ ਨੂੰ ਖਾ ਰਹੀ ਹੈ, ਭਾਵ ਦੁਕਾਨਦਾਰਾਂ ਨੇ ਆਪ ਹੀ ਆਪਣੀ ਪ੍ਰਸਿੱਧ ਮਾਰਕੀਟ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ।
ਹੁਣ, ਦੇਖਣਾ ਹੈ ਕਿ ਅਗਲੇ 10 ਦਿਨਾਂ ਵਿੱਚ ਇਸ ਮਾਰਕੀਟ ਦੇ ਦੁਕਾਨਦਾਰ ਖੁਦ ਮਾਰਕੀਟ ਦਾ ਸੁਧਾਰ ਕਰਦੇ ਹਨ ਜਾਂ ਫੇਰ ਪੁਲਿਸ ਤੇ ਪ੍ਰਸ਼ਾਸਨ ਨੂੰ ਹੀ ਵੱਡਾ ਐਕਸ਼ਨ ਲੈਣਾ ਪਵੇਗਾ।
*Newsline Express*