???? ਪਟਿਆਲਾ ਦੇ ਪ੍ਰਸਿੱਧ “ਰਾਮ ਸਿੰਘ ਮਨਮੋਹਨ ਸਿੰਘ ਜਵੈਲਰਜ਼” ਦੇ ਮਾਲਕ ਮਨਮੋਹਨ ਸਰਾਫ ਨੂੰ ਸਦਮਾ ; ਇਕਲੌਤਾ ਬੇਟਾ ਸਵਰਗਵਾਸ
???? ਸਸਕਾਰ ਅੱਜ ਪਟਿਆਲਾ ਦੇ ਵੀਰ ਜੀ ਸ਼ਮਸ਼ਾਨ ਘਾਟ ਵਿਖੇ
ਪਟਿਆਲਾ, 24 ਸਤੰਬਰ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਸਰਹਿੰਦੀ ਬਾਜ਼ਾਰ ਵਿਚ ਸਥਿਤ ਪ੍ਰਸਿੱਧ “ਰਾਮ ਸਿੰਘ ਮਨਮੋਹਨ ਸਿੰਘ ਜਵੈਲਰਜ਼” ਦੇ ਮਾਲਕ ਮਨਮੋਹਨ ਸਰਾਫ ਨੂੰ ਬੀਤੀ ਸ਼ਾਮ ਉਸ ਵੇਲੇ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਨੂੰ ਇਕਲੌਤੇ ਬੇਟੇ ਦਵਿੰਦਰ ਪਾਲ ਸਿੰਘ “ਸੋਨੂੰ” ਦੇ ਸਵਰਗਵਾਸ ਹੋਣ ਦੀ ਖਬਰ ਮਿਲੀ। ਲਗਭਗ 42 ਸਾਲ ਦੇ ਸੋਨੂੰ ਦਾ ਕੁਝ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਹ ਕਿਸੇ ਇਨਫੈਕਸ਼ਨ ਦੀ ਬਿਮਾਰੀ ਦੇ ਇਲਾਜ ਲਈ ਹਸਪਤਾਲ ਦਾਖਲ ਹੋਇਆ ਸੀ, ਜਿੱਥੇ ਉਸਦਾ ਦੇਹਾਂਤ ਹੋ ਗਿਆ।
ਮਨਮੋਹਨ ਸਿੰਘ ਸਰਾਫ ਕੱਲ੍ਹ ਦੇਰ ਸ਼ਾਮ ਨੂੰ ਅਜੇ ਫੋਰਟਿਸ ਹਸਪਤਾਲ ਤੋਂ ਘਰ ਵਾਪਿਸ ਵੀ ਨਹੀਂ ਆਏ ਸਨ ਕਿ ਪਟਿਆਲਾ ਦੇ ਸਰਕਟ ਹਾਊਸ ਦੇ ਸਾਹਮਣੇ ਸਥਿਤ ਉਨ੍ਹਾਂ ਦੀ ਕੋਠੀ ਦੇ ਬਾਹਰ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਵਾਲੇ ਲੋਕਾਂ ਦਾ ਭਾਰੀ ਇਕੱਠ ਜਮ੍ਹਾ ਹੋ ਗਿਆ ਸੀ।
ਸੋਨੂੰ ਦੀ ਬੇਵਕਤੀ ਮੌਤ ਉਤੇ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਸਮੇਤ, ਦੁਖੀ ਪਰਿਵਾਰ ਦੇ ਰਿਸ਼ਤੇਦਾਰਾਂ ਤੋਂ ਅਲਾਵਾ ਵੱਖ ਵੱਖ ਸਿਆਸੀ ਆਗੂ, ਪੁਲਿਸ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ, ਵਪਾਰੀ ਤੇ ਉਦਯੋਗਪਤੀ, ਸੋਨੇ ਦਾ ਕਾਰੋਬਾਰ ਕਰਨ ਵਾਲੇ ਛੋਟੇ ਵੱਡੇ ਵਪਾਰੀ ਤੇ ਕਾਰੀਗਰ, ਦੁਕਾਨਦਾਰ ਤੇ ਪੱਤਰਕਾਰ, ਸਮਾਜ ਸੇਵਕ ਤੇ ਹੋਰ ਲੋਕ ਵੀ ਪਹੁੰਚ ਰਹੇ ਹਨ।
ਪਟਿਆਲਾ, ਸਮਾਣਾ, ਨਾਭਾ, ਰਾਜਪੁਰਾ ਦੇ ਸਵਰਨਕਾਰ ਸੰਘ ਤੇ ਪਟਿਆਲਾ ਸਰਾਫਾ ਐਸੋਸੀਏਸ਼ਨਾਂ ਵੱਲੋਂ ਸੋਨੂੰ ਦੇ ਦੇਹਾਂਤ ਉਤੇ ਭਾਰੀ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਪਟਿਆਲਾ ਦੇ ਸਵਰਨਕਾਰ ਆਗੂ ਭੀਮ ਸੈਨ ਵਰਮਾ, ਨਰੇਸ਼ ਵਰਮਾ, ਅਸ਼ੋਕ ਵਰਮਾ, ਲੱਕੀ ਵਰਮਾ ਤੇ ਹੋਰਾਂ ਨੇ ਵੀ ਸੋਨੂੰ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸੋਨੂੰ ਬਹੁਤ ਹੀ ਹਸਮੁੱਖ ਤੇ ਸ਼ਾਂਤ ਸੁਭਾਅ ਵਾਲਾ ਵਿਅਕਤੀ ਸੀ।
ਮ੍ਰਿਤਕ ਦੇਹ ਦਾ ਸਸਕਾਰ ਅੱਜ, ਐਤਵਾਰ ਨੂੰ, ਦਿਨ ਦੇ 12 ਵਜੇ ਰਾਜਪੁਰਾ ਰੋਡ ਪਟਿਆਲਾ ਦੇ ‘ਵੀਰ ਜੀ ਸ਼ਮਸ਼ਾਨ ਘਾਟ’ ਵਿਖੇ ਹੋਵੇਗਾ। Newsline Express