???? ਵੰਦੇ ਮਾਤਰਮ ਦਲ ਨੇ ਖੂਨਦਾਨ ਕੈਂਪ ਲਗਾ ਕੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਤੇ ਆਪਣਾ 18ਵਾਂ ਸਥਾਪਨਾ ਦਿਵਸ
???? ਸਮਾਜ ਦੀਆਂ ਬੁਰਾਈਆਂ ਵਿਰੁੱਧ ਵੀ ਆਵਾਜ਼ ਬੁਲੰਦ ਕਰਦਾ ਹੈ ਵੰਦੇ ਮਾਤਰਮ ਦਲ : ਸੁਸ਼ੀਲ ਨਾਇਯਰ
???? ਖੂਨਦਾਨ ਕਰਨ ਲਈ ਪੂਰੇ ਉਤਸ਼ਾਹ ਤੇ ਜੋਸ਼ ਵਿੱਚ ਦਿਖੇ ਨੌਜਵਾਨ : ਅਨੁਰਾਗ ਸ਼ਰਮਾ
ਪਟਿਆਲਾ / ਸੁਰਜੀਤ ਗਰੋਵਰ, ਰਾਕੇਸ਼, ਰਜਨੀਸ਼ ਸਕਸੈਨਾ / ਨਿਊਜ਼ਲਾਈਨ ਐਕਸਪ੍ਰੈਸ – ਮਹਾਨ ਦੇਸ਼ ਭਗਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 116ਵੇਂ ਜਨਮ ਦਿਨ ਅਤੇ ਸਮਾਜ ਸੇਵੀ ਸੰਸਥਾ ਵੰਦੇ ਮਾਤਰਮ ਦਲ ਦੇ 18ਵੇਂ ਸਥਾਪਨਾ ਦਿਵਸ ਮੌਕੇ ਪ੍ਰਾਚੀਨ ਸ਼੍ਰੀ ਭੂਤਨਾਥ ਮੰਦਰ ਵਿੱਚ ਦਲ ਦੇ ਸਮਾਜ ਸੇਵਕਾਂ ਨੇ ਵਿਸ਼ਾਲ ਖੂਨਦਾਨ ਕੈਂਪ ਲਗਾ ਕੇ ਇਹ ਵਿਸ਼ੇਸ਼ ਦਿਹਾੜਾ ਮਨਾਇਆ।
ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲਬਾਤ ਕਰਦਿਆਂ ਵੰਦੇ ਮਾਤਰਮ ਦਲ ਦੇ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਅਨੁਰਾਗ ਸ਼ਰਮਾ ਨੇ ਕਿਹਾ ਕਿ ਅੱਜ ਦੇ ਕੈਂਪ ਦੀ ਖਾਸੀਅਤ ਇਹ ਸੀ ਕਿ ਜਿਨ੍ਹਾਂ ਨੌਜਵਾਨਾਂ ਨੇ ਪਹਿਲਾਂ ਕਦੇ ਵੀ ਖੂਨਦਾਨ ਨਹੀਂ ਕੀਤਾ, ਉਹ ਨੌਜਵਾਨ ਪਹਿਲੀ ਵਾਰ ਖੂਨਦਾਨ ਕਰਨ ਲਈ ਪੂਰੇ ਉਤਸ਼ਾਹ ਤੇ ਜੋਸ਼ ਨਾਲ ਕੈਂਪ ਵਿੱਚ ਸ਼ਾਮਲ ਹੋਏ ਤੇ ਖੂਨਦਾਨ ਕਰਕੇ ਖੁਸ਼ੀ ਮਹਿਸੂਸ ਕੀਤੀ। ਸ਼ਰਮਾ ਨੇ ਕਿਹਾ ਕਿ ਵੰਦੇ ਮਾਤਰਮ ਦਲ ਦੀ ਟੀਮ ਹਮੇਸ਼ਾ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੀ ਹੈ ਤੇ ਇਸ ਪ੍ਰੇਰਨਾ ਦਾ ਅਸਰ ਅੱਜ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਖੂਨਦਾਨ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨਦਾਨ ਕਰਨ ਲਈ ਸ਼ਮੂਲੀਅਤ ਕੀਤੀ।
ਇਸ ਦੇ ਨਾਲ ਹੀ ਇਸ ਖੂਨਦਾਨ ਕੈਂਪ ਵਿੱਚ ਕਈ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੀਆਂ ਸਖਸ਼ੀਅਤਾਂ ਸਮੇਤ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ ਦੇ ਪੱਤਰਕਾਰਾਂ ਨੇ ਵੀ ਸ਼ਿਰਕਤ ਕਰਕੇ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਵੰਦੇ ਮਾਤਰਮ ਦਲ ਦੀ ਟੀਮ ਨੂੰ ਵਧਾਈ ਦਿੱਤੀ ਕਿ ਉਹਨਾਂ ਨੇ ਹਮੇਸ਼ਾ ਹੀ ਸਮਾਜ ਦੀ ਸੇਵਾ ਅਤੇ ਲੋਕ ਭਲਾਈ ਲਈ ਕੰਮ ਕੀਤਾ ਹੈ।
ਜਾਣਕਾਰੀ ਦਿੰਦਿਆਂ ਵੰਦੇ ਮਾਤਰਮ ਦਲ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਅੱਜ ਜਦੋਂ ਹਰ ਰੋਜ਼ ਹਸਪਤਾਲਾਂ ਵਿੱਚ ਖੂਨ ਦੀ ਲੋੜ ਹੈ ਤਾਂ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਬਹੁਤ ਘੱਟ ਲੋਕ ਖੂਨਦਾਨ ਕਰਦੇ ਹਨ, ਸਿਰਫ ਦੋ ਫੀਸਦੀ ਲੋਕ ਹੀ ਖੂਨਦਾਨ ਕਰਦੇ ਹਨ, ਇਸ ਲਈ ਅੱਜ ਹਰ ਵਿਅਕਤੀ ਨੂੰ ਖੂਨਦਾਨ ਕਰਨ ਦੀ ਲੋੜ ਹੈ। ਇਸ ਲਈ ਖੂਨਦਾਨ ਕਰਨ ਲਈ 18 ਸਾਲ ਤੋਂ ਵੱਧ ਉਮਰ ਦਾ ਜੋ ਵੀ ਵਿਅਕਤੀ ਹੈ, ਭਾਵੇਂ ਉਹ ਨੌਜਵਾਨ ਹੋਵੇ, ਔਰਤਾਂ ਜਾਂ ਮਰਦ ਹਨ ਅਤੇ ਮੈਡੀਕਲ ਤੌਰ ‘ਤੇ ਸਿਹਤਮੰਦ ਹਨ, ਉਹ ਖੂਨਦਾਨ ਕਰ ਸਕਦੇ ਹਨ। ਇਹ ਖੂਨ 3 ਮਹੀਨੇ ਬਾਅਦ ਦੁਬਾਰਾ ਦਾਨ ਕੀਤਾ ਜਾ ਸਕਦਾ ਹੈ। ਇਸ ਲਈ ਟੀਮ ਹਮੇਸ਼ਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਜਦੋਂ ਵੀ ਉਨ੍ਹਾਂ ਨੂੰ ਐਮਰਜੈਂਸੀ ਵਿੱਚ ਖੂਨਦਾਨ ਕਰਨ ਲਈ ਬੁਲਾਇਆ ਜਾਂਦਾ ਹੈ, ਉਹ ਤਿਆਰ ਰਹਿੰਦੇ ਹਨ। ਕੈਂਪ ਵਿੱਚ ਵੀ ਅਨੁਰਾਗ ਸ਼ਰਮਾ ਨੇ ਸਭ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪ ਵੀ ਖੂਨਦਾਨ ਕੀਤਾ। ਅੱਜ ਇਸ ਖੂਨਦਾਨ ਕੈਂਪ ਵਿੱਚ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਬਲੱਡ ਬੈਂਕ ਦੀ ਟੀਮ ਪਹੁੰਚੀ, ਜਦੋਂਕਿ ਪ੍ਰਾਈਵੇਟ ਵਰਧਮਾਨ ਹਸਪਤਾਲ ਤੋਂ ਬਲੱਡ ਬੈਂਕ ਦੀ ਟੀਮ ਪਹੁੰਚੀ। ਇਨ੍ਹਾਂ ਦੋਵਾਂ ਟੀਮਾਂ ਨੇ ਅੱਜ 80 ਯੂਨਿਟ ਖੂਨ ਇਕੱਤਰ ਕੀਤਾ ਅਤੇ ਸਮੂਹ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਵੰਦੇ ਮਾਤਰਮ ਦਲ ਦੇ ਬੁਲਾਰੇ ਸੁਸ਼ੀਲ ਨਾਇਯਰ ਨੇ ਕਿਹਾ ਕਿ ਵੰਦੇ ਮਾਤਰਮ ਦਲ ਜਿੱਥੇ ਬੇਜ਼ੁਬਾਨ ਪਸ਼ੂ-ਪੰਛੀਆਂ ਦੀ ਸੇਵਾ ਕਰਨ ਲਈ ਤਤਪਰ ਹੈ, ਉੱਥੇ ਹੀ ਸਮਾਜ ਦੀਆਂ ਬੁਰਾਈਆਂ ਵਿਰੁੱਧ ਵੀ ਆਵਾਜ਼ ਬੁਲੰਦ ਕਰਦਾ ਹੈ। ਇਸ ਦੇ ਨਾਲ ਹੀ ਖ਼ੂਨਦਾਨ ਦੀ ਸੇਵਾ ਵਿੱਚ ਲੰਮੇ ਸਮੇਂ ਤੋਂ ਸੇਵਾ ਕਰ ਰਹੀ ਟੀਮ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਕਿਤੇ ਵੀ ਖ਼ੂਨ ਦੀ ਘਾਟ ਕਾਰਨ ਕਿਸੇ ਦੀ ਜਾਨ ਨੂੰ ਖ਼ਤਰਾ ਨਾ ਹੋਵੇ। ਇਸੇ ਉਪਰਾਲੇ ਸਦਕਾ ਇਹ ਖੂਨਦਾਨ ਕੈਂਪ ਵਿਸ਼ੇਸ਼ ਤੌਰ ‘ਤੇ ਥੈਲੇਸੀਮੀਆ ਦੀ ਬਿਮਾਰੀ ਤੋਂ ਪੀੜਤ ਬੱਚਿਆਂ ਲਈ ਲਗਾਇਆ ਗਿਆ ਹੈ ਤਾਂ ਜੋ ਰਾਜਿੰਦਰਾ ਹਸਪਤਾਲ ਵਿੱਚ ਉਨ੍ਹਾਂ ਲੋੜਵੰਦ ਬੱਚਿਆਂ ਨੂੰ ਖੂਨ ਮਿਲ ਸਕੇ।
ਵੰਦੇ ਮਾਤਰਮ ਦਲ ਦੀ ਸਮੁੱਚੀ ਟੀਮ ਨੇ ਇਸ ਕੈਂਪ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ, ਖੂਨਦਾਨ ਕੀਤਾ ਅਤੇ ਸੇਵਾ ਕੀਤੀ। ਇੱਥੇ ਇਸ ਕੈਂਪ ਵਿੱਚ ਪਵਨ ਸਿੰਗਲਾ ਪੰਜਾਬ ਰਾਜ ਸੂਚਨਾ ਕਮਿਸ਼ਨ ਬਤੌਰ ਮੁੱਖ ਮਹਿਮਾਨ ਦੇ ਤੌਰ ਉੱਤੇ ਪਹੁੰਚੇ। ਇਸ ਮੌਕੇ ਵਿਨੋਦ ਰਿਸ਼ੀ, ਦਰਸ਼ਨ ਬਾਂਸਲ (ਆਰ.ਐਸ.ਐਸ.), ਤੇਜਿੰਦਰ ਮਹਿਤਾ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ, ਹਰਪਾਲ ਜੁਨੇਜਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਤੌਰ ਮਹਿਮਾਨ ਵਿਸ਼ੇਸ਼ ਤੌਰ ’ਤੇ ਪਹੁੰਚੇ, ਬਲਜਿੰਦਰ ਸਿੰਘ ਢਿੱਲੋਂ ਆਪ ਪਾਰਟੀ, ਸੁਮੇਰ ਸਿਡਾ ਭਾਜਪਾ, ਕੁੰਦਨ ਗੋਗੀਆ ਆਪ, ਵਰੁਣ ਜਿੰਦਲ ਭਾਜਪਾ, ਸੰਦੀਪ ਬੰਧੂ , ਸਮਾਜ ਸੇਵੀ, ਸਤਿੰਦਰ ਕੋਰ ਵਾਲੀਆ, ਰਾਜੇਸ਼ ਪੰਜੋਲਾ, ਭਗਵਾਨ ਦਾਸ ਜੁਨੇਜਾ, ਧਾਰਮਿਕ ਸੰਸਥਾ ਤੋਂ ਸ਼੍ਰੀ ਹਿੰਦੂ ਤਖਤ ਤੋਂ ਮੁਖੀ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਸੰਗਤਾਂ ਸਮੇਤ ਖੂਨਦਾਨ ਕੀਤਾ। ਇਸ ਮੌਕੇ ਟੀਮ ਦੇ ਮੈਂਬਰ ਧੀਰਜ ਗੋਇਲ, ਗੁਰਪ੍ਰੀਤ ਸਿੰਘ ਗੁਰੀ, ਪਵਨ ਕੁਮਾਰ ਯੋਧਾ, ਵਰੁਣ ਕੌਸ਼ਲ, ਕਰਨ, ਸੰਜੇ ਕੁਮਾਰ, ਨਿੰਦਰਾ ਕਾਹਲੋਂ, ਦੀਪਕ ਸਿੰਘ, ਤਨਵੀਰ ਧੀਮਾਨ ਅਸ਼ਵਨੀ ਸ਼ਰਮਾ, ਰਿਧਾਂਸ਼ ਗੋਇਲ, ਲਕਸ਼ਿਤ ਗੋਇਲ, ਦਿਨੇਸ਼ ਸ਼ਰਮਾ ਤੇ ਹੋਰ ਹਾਜ਼ਰ ਸਨ।
Newsline Express