ਪੰਜਾਬ ਭਰ ਵਿੱਚ ਓਪੀਡੀਜ਼ ਸਮੇਤ ਸਿਹਤ ਅਤੇ ਵੈਟਰਨਰੀ ਸੇਵਾਵਾਂ ਠੱਪ ਕਰਨ ਦਾ ਫ਼ੈਸਲਾ
ਚੰਡੀਗੜ੍ਹ, 10 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸਰਕਾਰ ਦੇ ਫੈਸਲਿਆਂ ਖਿਲਾਫ ਪੰਜਾਬ ਦੇ ਡਾਕਟਰਾਂ ਨੇ ਹੜਤਾਲ ਤੇ ਜਾਣ ਦਾ ਫੈਸਲਾ ਲੈ ਲਿਆ ਹੈ। ਸਾਂਝੀ ਸਰਕਾਰੀ ਡਾਕਟਰ ਤਾਲਮੇਲ ਕਮੇਟੀ (ਜੇਜੀਡੀਸੀਸੀ) ਦੀ ਬੈਠਕ ਵਿੱਚ 12 ਤੋਂ 14 ਜੁਲਾਈ ਤੱਕ ਪੰਜਾਬ ਭਰ ਵਿੱਚ ਓਪੀਡੀਜ਼ ਸਮੇਤ ਸਿਹਤ ਅਤੇ ਵੈਟਰਨਰੀ ਸੇਵਾਵਾਂ ਠੱਪ ਕਰਨ ਦਾ ਫ਼ੈਸਲਾ ਕੀਤਾ ਗਿਆ। ਪਰ ਐਮਰਜੈਂਸੀ, ਕੋਵਿਡ, ਪੋਸਟਮਾਰਟਮ ਅਤੇ ਮੈਡੀਕਲ / ਵੈਟਰੋ-ਕਾਨੂੰਨੀ ਸੇਵਾਵਾਂ ਆਮ ਵਾਂਗ ਰਹਿਣਗੀਆਂ। ਡਾਕਟਰਾਂ ਨੇ ਐੱਨਪੀਏ ਵਿੱਚ ਕਟੌਤੀ ਮਾਮਲੇ ’ਤੇ ਸਰਕਾਰ ਦੀ ਚੁੱਪ ਤੇ ਇਸ ਦਾ ਠੋਸ ਹੱਲ ਨਾ ਕੱਢਣ ਕਾਰਨ ਇਹ ਫ਼ੈਸਲਾ ਕੀਤਾ ਹੈ। ਪੀਸੀਐੱਮਐੱਸਏ ਦੇ ਪ੍ਰਧਾਨ ਡਾ. ਗਗਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ: ਗਗਨਦੀਪ ਸਿੰਘ ਸ਼ੇਰਗਿੱਲ, ਵੈਟਰਨਰੀ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ, ਡੈਂਟਲ ਐਸੋਸੀਏਸ਼ਨ ਦੀ ਪ੍ਰਧਾਨ ਡਾ. ਪਵਨਪ੍ਰੀਤ ਕੌਰ, ਆਯੁਰਵੈਦਿਕ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਪਾਠਕ, ਹੋਮਿਓਪੈਥਿਕ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਅਤੇ ਰੂਰਲ ਮੈਡੀਕਲ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ ਦੀਪਇੰਦਰ ਸਿੰਘ ਨੇ ਦਸਿਆ ਕਿ ਐੱਨਪੀਏ ਮਾਮਲੇ ’ਤੇ ਸਰਕਾਰ ਦੇ ਰਵੱਈਏ ਖ਼ਿਲਾਫ ਹੜਤਾਲ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦਸਿਆ ਕਿ 15 ਤੋਂ 17 ਜੁਲਾਈ ਤੱਕ ਓਪੀਡੀਜ਼ ਦਾ ਬਾਈਕਾਟ ਕੀਤਾ ਜਾਵੇਗਾ ਪਰ ਹਸਪਤਾਲਾਂ ਦੇ ਵਿਹੜਿਆਂ ’ਚ ਸਮਾਂਤਰ ਓਪੀਡੀਜ਼ ਲਗਾਈ ਜਾਵੇਗੀ। ਇਸ ਦੇ ਬਾਵਜੂਦ ਸਰਕਾਰ ਨੇ 18 ਜੁਲਾਈ ਤੱਕ ਕੋਈ ਹੱਲ ਨਾ ਹੋਇਆ ਤਾਂ 19 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ।