???? ਜੇਲ੍ਹ ਤੋਂ ਵਾਪਸ ਆਏ ਸ਼ਿਵ ਸੈਨਾ ਨੇਤਾ ਹਰੀਸ਼ ਸਿੰਗਲਾ ਨੇ ਕੀਤਾ ਵੱਡਾ ਐਲਾਨ…..
???? ਹੁਣ ਪਟਿਆਲਾ ‘ਚ ਨਹੀਂ, ਸਗੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਦੇ ਬਾਹਰ ਕੱਢੀ ਜਾਵੇਗੀ ਭਗਵਾਨ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ, ਕੋਈ ਰੋਕ ਕੇ ਦਿਖਾਏ : ਹਰੀਸ਼ ਸਿੰਗਲਾ
???? ਪੰਜਾਬ ਸਰਕਾਰ ਨੇ ਭਗਵਾਨ ਸ਼੍ਰੀ ਰਾਮ ਦੀ ਯਾਤਰਾ ਰੋਕ ਕੇ ਅਤੇ ਸ਼ਿਵ ਸੈਨਿਕਾਂ ਨੂੰ ਜ਼ਬਰਦਸਤੀ ਜੇਲ੍ਹ ਭੇਜ ਕੇ ਕੀਤੀ ਗੁੰਡਾਗਰਦੀ : ਹਰੀਸ਼ ਸਿੰਗਲਾ
???? ਸ਼ਿਵ ਸੈਨਿਕਾਂ ਨੂੰ ਜ਼ਬਰਦਸਤੀ ਜੇਲ੍ਹ ਭੇਜਣ ਵਿਰੁੱਧ ਹਾਈਕੋਰਟ ਜਾਵੇਗੀ ਸ਼ਿਵ ਸੈਨਾ; ਗਵਾਹ ਤੇ ਸਬੂਤ ਤਿਆਰ : ਹਰੀਸ਼ ਸਿੰਗਲਾ
ਪਟਿਆਲਾ / ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ – ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਪ੍ਰਧਾਨ ਹਰੀਸ਼ ਸਿੰਗਲਾ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਮਹੀਨਾ ਪਹਿਲਾਂ ਭਗਵਾਨ ਸ਼੍ਰੀ ਰਾਮ ਜੀ ਦੇ ਵਿਜੇ ਦਸ਼ਮੀ (ਦੁਸ਼ਹਿਰਾ) ਤਿਉਹਾਰ ‘ਤੇ ਸ਼ੋਭਾ ਯਾਤਰਾ ਕੱਢਣ ਦਾ ਐਲਾਨ ਕੀਤਾ ਸੀ, ਜਿਸ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਅਤੇ ਪੂਰੇ ਸ਼ਹਿਰ ਨੂੰ ਝੰਡਿਆਂ, ਬੋਰਡ ਬੈਨਰਾਂ ਤੇ, ਭਗਵਾਨ ਸ਼੍ਰੀ ਰਾਮ ਜੀ ਦੇ ਫਲੈਕਸਾਂ ਨਾਲ ਸਜਾਇਆ ਗਿਆ ਸੀ, ਪਰੰਤੂ ਪੰਜਾਬ ਸਰਕਾਰ ਨੇ ਹਿੰਦੂ ਧਰਮ ਦੇ ਪ੍ਰਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਗੁੰਡਾਗਰਦੀ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਿਨਾਂ ਕਿਸੇ ਕਾਰਨ ਸਾਡੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ। ਹਰੀਸ਼ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਜ਼ਰੂਰੀ ਹੈ ਤਾਂ ਸ਼ੋਭਾ ਯਾਤਰਾ ਦੀ ਤਰੀਕ ਬਦਲਣ ਲਈ ਵੀ ਤਿਆਰ ਹਾਂ, ਯਾਤਰਾ ਨੂੰ ਛੋਟਾ ਕਰਨ ਲਈ ਵੀ ਤਿਆਰ ਹਾਂ ਅਤੇ ਯਾਤਰਾ ਦਾ ਰੂਟ ਬਦਲਣ ਲਈ ਵੀ ਤਿਆਰ ਹਾਂ, ਇੱਥੇ ਤੱਕ ਕਿ ਜੇਕਰ ‘ਆਪ’ ਸਰਕਾਰ ਹਰੀਸ਼ ਸਿੰਗਲਾ ਦੇ ਵਧਦੇ ਸਿਆਸੀ ਕੱਦ ਤੋਂ ਡਰਦੀ ਹੈ ਤਾਂ ਉਹ ਸ਼੍ਰੀ ਹਨੂੰਮਾਨ ਮੰਦਰ ‘ਚ ਬੈਠ ਕੇ ਹੀ ਇਸ ਸ਼ੋਭਾ ਯਾਤਰਾ ਦਾ ਪ੍ਰਬੰਧ ਕਰਣਗੇ ਅਤੇ ਨਾਲ ਨਹੀਂ ਜਾਣਗੇ। ਪ੍ਰੰਤੂ ਇੰਨੇ ਵਿਕਲਪ ਦੇਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਦਾ ਨਾਮ ਲੈਣ ਤੋਂ ਰੋਕਿਆ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਨਹੀਂ ਹੈ, ਨਾ ਹੀ ਇਹ ਖਾਲਿਸਤਾਨ ਦਾ ਵਿਰੋਧ ਹੈ ਅਤੇ ਨਾ ਹੀ ਇਹ ਸਿੱਖ ਵਿਰੋਧੀ ਹੈ। ਅਸੀਂ ਆਪਣੇ ਭਗਵਾਨ ਮਰਿਯਾਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦਾ ਨਾਮ ਹਰ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਨਾਲ ਧੱਕੇਸ਼ਾਹੀ ਤੇ ਗੁੰਡਾਗਰਦੀ ਕਰਦਿਆਂ ਦੁਸ਼ਹਿਰੇ ਦੇ ਤਿਉਹਾਰ ਤੋਂ ਠੀਕ ਪਹਿਲਾਂ 22 ਅਕਤੂਬਰ ਨੂੰ ਸਵੇਰੇ 5:30 ਵਜੇ ਭਾਰੀ ਗਿਣਤੀ ਬਿਨਾਂ ਵਰਦੀ ਦੇ ਪੁਲਿਸ ਮੁਲਾਜ਼ਮ ਭੇਜ ਕੇ ਹਰੀਸ਼ ਸਿੰਗਲਾ ਦੇ ਨਾਲ ਨਾਲ ਰਜਿੰਦਰ ਪਵਾਰ ਰਾਜੂ, ਲਾਹੌਰੀ ਸਿੰਘ, ਵਿਸ਼ਾਲ ਕੰਬੋਜ, ਆਰ.ਕੇ. ਬੌਬੀ, ਸੰਜੇ ਡੈਂਟਰ, ਰਵੀ ਗੌਤਮ ਪਰਮਾਨੰਦ ਰਾਜਪੁਰਾ ਸ਼ਿਵ ਸੈਨਾ ਆਗੂਆਂ ਦੇ ਘਰਾਂ ’ਤੇ ਛਾਪੇ ਮਾਰੇ ਤੇ ਸਾਰਿਆਂ ਨੂੰ ਬਿਨਾਂ ਕਿਸੇ ਕਾਰਨ ਗ੍ਰਿਫਤਾਰ ਕਰ ਲਿਆ ਗਿਆ।
ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਪ੍ਰਮੁੱਖ ਹਿੰਦੂ ਨੇਤਾਵਾਂ ਨੂੰ ਬਿਨਾਂ ਕਿਸੇ ਦੋਸ਼, ਜੁਰਮ ਅਤੇ ਗ੍ਰਿਫਤਾਰੀ ਵਾਰੰਟ ਤੋਂ ਜਬਰੀ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕਰਦਾ ਹੈ। ਸ਼ਿਵ ਸੈਨਾ ਲੀਗਲ ਸੈੱਲ ਸਰਕਾਰ ਅਤੇ ਪੁਲਿਸ ਦੀ ਕਾਰਵਾਈ ਦੇ ਸਾਰੇ ਗਵਾਹ ਅਤੇ ਸਬੂਤ ਇਕੱਠੇ ਕਰੇਗਾ ਅਤੇ ਜਲਦੀ ਹੀ ਹਾਈ ਕੋਰਟ ਵਿੱਚ ਇਨਸਾਫ਼ ਦੀ ਅਪੀਲ ਕਰੇਗਾ।
ਹਰੀਸ਼ ਸਿੰਗਲਾ ਨੇ ਅੱਗੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਐਸ.ਡੀ.ਐਮ ਸਾਹਮਣੇ ਜਾਂ ਅਦਾਲਤ ਵਿੱਚ ਪੇਸ਼ ਕੀਤੇ ਬਿਨਾਂ ਹੀ ਪਟਿਆਲਾ ਤੋਂ ਪਠਾਨਕੋਟ ਜੇਲ੍ਹ ਭੇਜ ਦਿੱਤਾ। ਪੁਲਿਸ ਨੇ ਕਿਹਾ ਕਿ ਹਰੀਸ਼ ਸਿੰਗਲਾ ਅਤੇ ਉਸ ਦੇ ਸਾਥੀ ਜ਼ਮਾਨਤੀ ਬਾਂਡ ਪੇਸ਼ ਨਹੀਂ ਕਰ ਸਕੇ, ਜਦਕਿ ਸੱਚਾਈ ਇਹ ਹੈ ਕਿ ਸਾਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਅਸੀਂ ਕਿਸ ਲਈ ਆਏ ਹਾਂ, ਬਿਨਾ ਕੋਈ ਗੁਨਾਹ ਦੱਸੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੰਜਾਬ ਸਰਕਾਰ ਦੇ ਕਹਿਣ ‘ਤੇ ਸਾਨੂੰ ਪਠਾਨਕੋਟ ਜੇਲ੍ਹ ‘ਚ ਕਿਸੇ ਨੂੰ ਮਿਲਣ ਨਹੀਂ ਦਿੱਤਾ ਗਿਆ ਅਤੇ ਨਾ ਹੀ ਸਾਨੂੰ ਆਪਣੇ ਘਰ ਫੋਨ ਕਰਨ ਦਿੱਤਾ ਗਿਆ।
ਹਰੀਸ਼ ਸਿੰਗਲਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਸਾਡੇ ਪਰਿਵਾਰਾਂ ਨੂੰ ਪੁਲਿਸ ਨੇ ਤੰਗ-ਪ੍ਰੇਸ਼ਾਨ ਕੀਤਾ ਅਤੇ ਮੇਰੇ ਪਰਿਵਾਰ ਦੇ ਸਾਰੇ ਮੋਬਾਈਲ ਫ਼ੋਨ, ਘਰ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਡੀ.ਵੀ.ਆਰ ਅਤੇ ਘਰ ਦਾ ਕੀਮਤੀ ਸਮਾਨ ਪੁਲਿਸ ਧੱਕੇ ਨਾਲ ਚੁੱਕ ਕੇ ਲੈ ਗਈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਸਾਨੂੰ ਕਾਨੂੰਨ ਅਨੁਸਾਰ kiße ਰੋਕੂ ਕਾਰਵਾਈ ਅਧੀਨ ਗ੍ਰਿਫਤਾਰ ਕੀਤਾ ਸੀ ਤਾਂ ਸੀਸੀਟੀਵੀ ਕੈਮਰੇ ਦਾ ਡੀ ਵੀ ਆਰ ਚੁੱਕਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਗੁੰਡਾਗਰਦੀ ਤੇ ਧੱਕੇਸ਼ਾਹੀ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਨਰਾਜ਼ ਸ਼ਿਵ ਸੈਨਿਕ ਪਠਾਨਕੋਟ ਜੇਲ੍ਹ ਦੇ ਬਾਹਰ ਇਕੱਠੇ ਹੋ ਗਏ ਤਾਂ ਤੁਰੰਤ ਐਸਡੀਐਮ ਪਟਿਆਲਾ ਨੇ ਇਹ ਜ਼ਮਾਨਤ ਮਨਜ਼ੂਰ ਕਰ ਲਈ ਜਦਕਿ ਪਹਿਲਾਂ ਜ਼ਮਾਨਤੀ ਬਾਂਡ ਦੇਣ ਤੋਂ ਬਾਅਦ ਵੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਹਰੀਸ਼ ਸਿੰਗਲਾ ਨੇ ਕਿਹਾ ਕਿ ਆਪਣੇ 40 ਸਾਲਾਂ ਦੇ ਸਿਆਸੀ ਕਰੀਅਰ ਵਿੱਚ ਅਸੀਂ ਕਈ ਸਰਕਾਰਾਂ ਦੇਖੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਧਾਰਮਿਕ ਕੰਮ ਕਰਨ ਤੋਂ ਨਹੀਂ ਰੋਕਿਆ।
ਹਰੀਸ਼ ਸਿੰਗਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਠਾਨਕੋਟ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕਿਹਾ ਕਿ ਜਦੋਂ ਸਾਨੂੰ ਪਠਾਨਕੋਟ ਜੇਲ੍ਹ ਲੈਕੇ ਗਏ ਸੀ ਤਾਂ ਪੰਜ ਗੱਡੀਆਂ ਦਾ ਕਾਫਲਾ ਸਾਨੂੰ ਸੁਰੱਖਿਆ ਨਾਲ ਲੈ ਕੇ ਰਵਾਨਾ ਹੋਇਆ, ਪਰ ਜਦੋਂ ਅਸੀਂ ਜ਼ਮਾਨਤ ਲੈ ਕੇ ਵਾਪਸ ਆਏ ਤਾਂ ਕੋਈ ਸੁਰੱਖਿਆ ਨਹੀਂ ਸੀ ਅਤੇ ਅਸੀਂ ਸਿਰਫ਼ ਸੀ.ਆਰ.ਪੀ.ਐਫ ਦੀ ਸੁਰੱਖਿਆ ‘ਤੇ ਭਰੋਸਾ ਕਰਕੇ ਪਟਿਆਲਾ ਆਏ। ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ, ਨਾ ਹੀ ਪਟਿਆਲੇ ਤੋਂ ਕੋਈ ਪੁਲਿਸ ਭੇਜੀ ਗਈ ਅਤੇ ਨਾ ਹੀ ਪਠਾਨਕੋਟ ਤੋਂ ਕੋਈ ਪੁਲਿਸ ਸੁਰੱਖਿਆ ਸਾਡੇ ਨਾਲ ਭੇਜੀ ਗਈ।
ਹਰੀਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਇਹ ਸਾਰੀਆਂ ਕਾਰਵਾਈਆਂ ਦਰਸਾਉਂਦੀਆਂ ਹਨ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸਾਨੂੰ ਮਾਰਨਾ ਜਾਂ ਮਰਵਾਉਣਾ ਚਾਹੁੰਦੇ ਹਨ ਅਤੇ ਉਹ ਹਿੰਦੂ ਧਰਮ ਦੇ ਪ੍ਰਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਹਰੀਸ਼ ਸਿੰਗਲਾ ਨੇ ਕਿਹਾ ਕਿ ਮੈਂ ਸਨਾਤਨ ਧਰਮ ਅਤੇ ਹਿੰਦੂ ਧਰਮ ਦੀ ਰੱਖਿਆ ਅਤੇ ਭਗਵਾਨ ਸ੍ਰੀ ਰਾਮ ਅਤੇ ਹਨੂੰਮਾਨ ਦੇ ਪ੍ਰਚਾਰ ਪ੍ਰਸਾਰ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ ਅਤੇ ਮੈਂ ਸਰਕਾਰ ਦੀ ਕਿਸੇ ਵੀ ਦਖਲਅੰਦਾਜ਼ੀ ਤੋਂ ਨਹੀਂ ਡਰਦਾ, ਮੈਂ ਹਰ ਕੁਰਬਾਨੀ ਕਰਦਾ ਰਹਾਂਗਾ।
ਹਰੀਸ਼ ਸਿੰਗਲਾ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਭਗਵਾਨ ਸ੍ਰੀ ਰਾਮ ਦੀ ਯਾਤਰਾ ਹੁਣ ਪਟਿਆਲੇ ਨਹੀਂ, ਸਗੋਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੱਕ ਪਹੁੰਚੇਗੀ ਜਿਸ ਲਈ ਜਲਦੀ ਹੀ ਪੰਜਾਬ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਤਰੀਕ ਦਾ ਐਲਾਨ ਕੀਤਾ ਜਾਵੇਗਾ ਅਤੇ ਭਗਵਾਨ ਸ਼੍ਰੀ ਰਾਮ ਜੀ ਦੀ ਯਾਤਰਾ ਨੂੰ ਕੋਈ ਨਹੀਂ ਰੋਕ ਸਕਦਾ।
Newsline Express