ਪਟਿਆਲਾ ਦੇ ਪੁੱਡਾ ਦਫਤਰ ਦੇ ਬਾਹਰ ਐਸ ਡੀ ਓ ਗੁਰਪ੍ਰੀਤ ਦੇ ਖਿਲਾਫ ਭੁੱਖ ਹੜਤਾਲ ‘ਤੇ ਬੈਠਿਆ ਮੰਗਤ ਰਾਮ
ਨੌਕਰੀਆਂ ਤੋਂ ਕੱਢਣ ਕਾਰਨ ਪਹਿਲਾਂ ਵੀ ਧਰਨੇ ਦੇ ਚੁੱਕੇ ਹਨ ਕਰਮਚਾਰੀ
ਪਟਿਆਲਾ, 15 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੁੱਡਾ ਪਟਿਆਲਾ ਦੇ ਬਾਹਰ ਅੱਜ ਇਕ ਨੌਜਵਾਨ ਭੁੱਖ ਹੜਤਾਲ ਤੇ ਬੈਠ ਗਿਆ ਹੈ ਜਿਸਦਾ ਕਹਿਣਾ ਹੈ ਕਿ ਜੇਕਰ ਉਸ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਮਰਨ ਵਰਤ ਵੀ ਸ਼ੁਰੂ ਕਰ ਦੇਵੇਗਾ।
ਅਜਰੋਰ ਨਿਵਾਸੀ ਮੰਗਤ ਰਾਮ ਨਾਂ ਦੇ ਇਸ ਵਿਅਕਤੀ ਦੇ ਹੱਥਾਂ ਵਿਚ ਇੱਕ ਬੈਨਰ ਫੜਿਆ ਹੋਤਆ ਹੈ ਜਿਸ ਉਤੇ ਦਫਤਰ ਦੇ ਗੁਰਪ੍ਰੀਤ ਸਿੰਘ ਨਾਂ ਦੇ ਇਕ ਐਸ ਡੀ ਓ ਦਾ ਨਾਮ ਲਿਖ ਕੇ ਮੁਰਦਾਬਾਦ ਲਿਖਿਆ ਹੋਇਆ ਹੈ ਅਤੇ ਨਾਲ ਹੀ ” ਸਾਡਾ ਹੱਕ ਇੱਥੇ ਰੱਖ ” ਵੀ ਲਿਖਿਆ ਹੋਇਆ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਮੰਗਤ ਰਾਮ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਪੁੱਡਾ ਵਿਭਾਗ ਦੇ ਕੰਮ ਕਰ ਰਿਹਾ ਹੈ ਅਤੇ ਉਸਦੇ ਨਾਲ ਹੋਰ ਕਾਮੇ ਵੀ ਕੰਮ ਕਰਦੇ ਸਨ, ਪ੍ਰੰਤੂ ਉਕਤ ਐਸ ਡੀ ਓ ਗੁਰਪ੍ਰੀਤ ਸਿੰਘ ਨੇ ਪੁਰਾਣੇ ਕਾਮੇ ਕੰਮ ਤੋਂ ਹਟਾ ਕੇ ਹੋਰ ਨਵੇਂ ਕਾਮੇ ਰੱਖ ਲਏ ਹਨ ਅਤੇ ਸਾਨੂੰ ਬੇਰੋਜ਼ਗਾਰ ਕਰ ਦਿੱਤਾ ਹੈ ਜਿਸ ਕਾਰਨ ਉਨ੍ਹਾਂ ਨੂੰ ਰੋਜ਼ੀ ਰੋਟੀ ਦੇ ਲਾਲੇ ਪੀ ਗਏ ਹਨ। ਇਸ ਸੰਬਧੀ ਉਕਤ ਅਧਿਕਾਰੀ ਦੇ ਖਿਲਾਫ ਪਹਿਲਾਂ ਵੀ ਧਰਨਾ ਦਿੱਤਾ ਜਾ ਚੁੱਕਾ ਹੈ, ਪ੍ਰੰਤੂ ਉਨ੍ਹਾਂ ਦੀ ਮੰਗ ਨਹੀਂ ਮੰਨੀ ਗਈ ਜਿਸ ਕਾਰਨ ਕਰਮਚਾਰੀਆਂ ਦੀ ਗੁਹਾਰ ਉਤੇ ਮਹਾਰਾਣੀ ਪਰਨੀਤ ਕੌਰ ਜੀ ਨੇ ਸਾਡੀ ਬੇਨਤੀ ਮਨਜ਼ੂਰ ਕਰਦੇ ਹੋਏ ਸਾਡੀ ਮੰਗ ਉਤੇ ਹੋਰ ਕਰਨ ਲਈ ਪੁੱਡਾ ਦਫਤਰ ਨੂੰ ਪੱਤਰ ਲਿਖਿਆ ਸੀ, ਪ੍ਰੰਤੂ ਅਧਿਕਾਰੀ ਦਾ ਵਿਵਹਾਰ ਉਨ੍ਹਾਂ ਨਾਲ ਹੋਰ ਜ਼ਿਆਦਾ ਮਾੜਾ ਹੈ ਗਿਆ ਜਿਸ ਕਾਰਨ ਦੁਖੀ ਹੋ ਕੇ ਭੁੱਖ ਹੜਤਾਲ ‘ਤੇ ਬੈਠਣ ਲਈ ਮਜਬੂਰ ਹੋਣਾ ਪਿਆ ਹੈ।
ਇਸ ਸਬੰਧੀ ਪੰਜਾਬ ਫੀਲਡ ਐਂਡ ਵਰਕਸ਼ਾਪ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਸੀਸਨ ਕੁਮਾਰ ਨੇ ਕਿਹਾ ਕਿ ਕਈ ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਕਾਮਿਆਂ ਨੂੰ ਕੱਢ ਕੇ ਤੇ ਉਨ੍ਹਾਂ ਨੂੰ ਬੇਰੋਜ਼ਗਾਰ ਕਰਕੇ ਆਪਣੇ ਸਿਫਾਰਸ਼ੀ ਨਵੇਂ ਬੰਦਿਆਂ ਦੀ ਭਰਤੀ ਕਰਨਾ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਕਤ ਅਧਿਕਾਰੀ ਗੁਰਪ੍ਰੀਤ ਸਿੰਘ ਉਨ੍ਹਾਂ ਨੂੰ ਗੁੰਮਰਾਹ ਕਰ ਰਿਹਾ ਹੈ, ਬੀਤੀ 1 ਤਾਰੀਖ ਨੂੰ ਕਰਮਚਾਰੀਆਂ ਵਲੋਂ ਦਫਤਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ ਤਾਂ ਠੇਕੇਦਾਰ ਰਾਜਨ ਅਤੇ ਐਸ ਡੀ ਓ ਗੁਰਪ੍ਰੀਤ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਐਡਜ਼ਸਟ ਕਰ ਲਿਆ ਜਾਵੇਗਾ। ਪਰੰਤੂ ਇਸਦੇ ਬਾਵਜੂਦ ਅਜਿਹਾ ਨਹੀਂ ਹੋਇਆ।
ਮੇਰੇ ਨਾਲ ਇਨ੍ਹਾਂ ਦਾ ਕੋਈ ਸਬੰਧ ਨਹੀਂ,
ਠੇਕੇਦਾਰ ਨੇ ਹੀ ਇਨ੍ਹਾਂ ਨੂੰ ਰੱਖਣਾ ਜਾਂ ਹਟਣਾ ਹੁੰਦਾ ਹੈ
ਮੇਰੇ ਵਿਰੁੱਧ ਕਾਮਿਆਂ ਦਾ ਰੋਸ ਬਿਲਕੁਲ ਗ਼ਲਤ ਹੈ : ਐਸ ਡੀ ਓ ਗੁਰਪ੍ਰੀਤ ਸਿੰਘ
ਪੁੱਡਾ ਦਫਤਰ ਪਟਿਆਲਾ ਦੇ ਬਾਹਰ ਅੱਜ ਭੁੱਖ ਹੜਤਾਲ ਉਤੇ ਬੈਠੇ ਠੇਕੇ ਉੱਤੇ ਰੱਖੇ ਕਾਮੇ ਦਾ ਸਾਡੇ ਦਫਤਰ ਨਾਲ ਜਾਂ ਮੇਰੇ ਨਾਲ ਕੋਈ ਸੰਬਧ ਵਾਸਤਾ ਨਹੀਂ ਹੁੰਦਾ, ਸਗੋਂ ਠੇਕੇ ਉੱਤੇ ਕਾਮਿਆਂ ਨੂੰ ਰੱਖਣ ਜਾਂ ਕੱਢਣ ਅਤੇ ਜਾਂ ਕੰਮ ਦੀ ਸੰਪਤੀ ਤੋਂ ਬਾਅਦ ਦੇ ਫੈਸਲੇ ਠੇਕੇਦਾਰ ਵਲੋਂ ਹੀ ਲਏ ਜਾ ਸਕਦੇ ਹਨ। ਇਸ ਲਈ ਮੇਰੇ ਵਿਰੁੱਧ ਰੋਸ ਪ੍ਰਦਰਸ਼ਨ ਕਰਨਾ ਜਾਂ ਨਾਅਰੇਬਾਜ਼ੀ ਕਰਨਾ ਬਿਲਕੁਲ ਗ਼ਲਤ ਹੈ, ਨਾਜਾਯਜ਼ ਅਤੇ ਗੈਰ ਕਾਨੂੰਨੀ ਹੈ। ਇੰਝ ਲੱਗਦਾ ਹੈ ਜਿਵੇਂ ਕੋਈ ਇਨ੍ਹਾਂ ਕਾਮਿਆਂ ਨੂੰ ਗੁੰਮਰਾਹ ਕਰ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਭੁੱਖ ਹੜਤਾਲ ਉਤੇ ਬੈਠੇ ਕਾਮੇ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਮੇਰੇ ਕੋਲ ਆ ਕੇ ਮੇਰੇ ਨਾਲ ਗੱਲ ਕਰਦਾ। ਐਸ ਡੀ ਓ ਗੁਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਮੇਰੀ ਉਕਤ ਵਿਅਕਤੀ ਨਾਲ ਕੋਈ ਗਿਲਾ ਸ਼ਿਕਵਾ ਜਾਂ ਰੰਜਿਸ਼ ਨਹੀਂ ਹੈ, ਉਹ ਮੇਰੇ ਕੋਲ ਆਵੇ ਤਾਂ ਮੈਂ ਉਸਦੀ ਮਦਦ ਹੀ ਕਰੂੰਗਾ।