-ਮੁੰਜਾਲ ਫਾਊਂਡੇਸ਼ਨ ਤੇ ਹੀਰੋ ਸਾਇਕਲਜ਼ ਦੀ ਸਹਾਇਤਾ ਨਾਲ 1 ਕਰੋੜ ਰੁਪਏ ਦੀ ਲਾਗਤ ਵਾਲਾ ਪਲਾਂਟ ਸੁਪਰਸਪੈਸ਼ਲਿਟੀ ਬਲਾਕ ਨੂੰ ਦੇਵੇਗਾ ਆਕਸੀਜਨ
-ਕੋਵਿਡ ਦੀ ਸੰਭਾਵਤ ਤੀਜੀ ਲਹਿਰ ਦੇ ਮੱਦੇਨਜ਼ਰ ਤਿਆਰੀਆਂ ਮੁਕੰਮਲ-ਪ੍ਰਨੀਤ ਕੌਰ
-ਮੁੰਜਾਲ ਗਰੁੱਪ ਨੇ ਪੰਜਾਬ ਦੇ ਲੋਕਾਂ ਨਾਲ ਸਨਅਤੀ ਰਿਸ਼ਤਾ ਮਜ਼ਬੂਤ ਕੀਤਾ-ਪ੍ਰਨੀਤ ਕੌਰ
-ਰਾਜਿੰਦਰਾ ਹਸਤਾਲ ‘ਚ 1650 ਐਲ.ਪੀ.ਐਮ. ਸਮਰੱਥਾ ਦੇ ਤਿੰਨ ਆਕਸੀਜਨ ਪਲਾਂਟ ਤੇ 6 ਕਿਲੋਲਿਟਰ ਦੀ ਸਮਰੱਥਾ ਵਾਲਾ ਐਲ.ਐਮ.ਓ. ਪਲਾਂਟ ਕਾਰਜਸ਼ੀਲ
ਪਟਿਆਲ, 16 ਜੁਲਾਈ : ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਲੋਕ ਸਭਾ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸੁਪਰਸਪੈਸ਼ਲਿਟੀ ਬਲਾਕ ਵਿਖੇ 600 ਐਲ.ਪੀ.ਐਮ. ਦੀ ਸਮਰੱਥਾ ਵਾਲੇ ਪੀ.ਐਸ.ਏ. ਆਕਸੀਜਨ ਪਲਾਂਟ ਹਸਪਤਾਲ ਨੂੰ ਸਮਰਪਿਤ ਕੀਤਾ। ਇਹ ਪਲਾਂਟ ਮੁੰਜਾਲ ਫਾਊਂਡੇਸ਼ਨ ਅਤੇ ਹੀਰੋ ਸਾਇਕਲਜ਼ ਲਿਮਟਿਡ ਲੁਧਿਆਣਾ ਦੀ ਸਹਾਇਤਾ ਨਾਲ 1 ਕਰੋੜ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹੀਰੋ ਸਾਇਕਲ ਦੇ ਡਾਇਰੈਕਟਰ ਅਭਿਸ਼ੇਕ ਮੁੰਜਾਲ ਅਤੇ ਐਸ.ਕੇ. ਰਾਏ ਮੈਨੇਜਿੰਗ ਟਰਸਟੀ ਓ.ਪੀ. ਮੁੰਜਾਲ ਫਾਊਂਡੇਸ਼ਨ ਵੀ ਮੌਜੂਦ ਸਨ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਇਹ ਪਲਾਂਟ ਹਵਾ ‘ਚੋਂ ਆਕਸੀਜਨ ਲੈਕੇ ਇਸ ਨੂੰ ਸੋਧਣ ਉਪਰੰਤ ਕਰੀਬ 120 ਸਿਲੰਡਰ ਭਰਕੇ ਮਰੀਜਾਂ ਲਈ ਮੁਹੱਈਆ ਕਰਵਾਏਗਾ। ਅੱਜ ਦੇ ਇਸ ਨਵੇਂ ਪਲਾਂਟ ਦੇ ਕਾਰਜਸ਼ੀਲ ਹੋਣ ਨਾਲ ਰਾਜਿੰਦਰਾ ਹਸਪਤਾਲ ‘ਚ ਇਸ ਸਮੇਂ 1950 ਐਲ.ਪੀ.ਐਮ. ਸਮਰੱਥਾ ਦੇ ਤਿੰਨ ਆਕਸੀਜਨ ਪਲਾਂਟ, 3 ਮੈਨੀਫੋਲਡ (ਸਿਲੰਡਰਾਂ ਨਾਲ ਸਪਲਾਈ ਦੇਣ ਵਾਲੇ) ਅਤੇ ਇੱਕ 6 ਕਿਲੋਲਿਟਰ ਦੀ ਸਮਰੱਥਾ ਵਾਲਾ ਐਲ.ਐਮ.ਓ. ਪਲਾਂਟ ਕਾਰਜਸ਼ੀਲ ਹੈ। ਇਸ ਤੋਂ ਇਲਾਵਾ ਹਸਪਤਾਲ ‘ਚ ਇੱਕ-ਇੱਕ ਹਜ਼ਾਰ ਦੀ ਸਮਰੱਥਾ ਵਾਲੇ ਤਿੰਨ ਹੋਰ ਪੀ.ਐਸ.ਏ. ਆਕਸੀਜਨ ਪਲਾਂਟ ਅਤੇ ਚੌਥਾ 20 ਕਿਲੋਲਿਟਰ ਦੀ ਸਮਰੱਥਾ ਵਾਲਾ ਐਲ.ਪੀ.ਐਮ. ਆਕਸੀਜਨ ਪਲਾਂਟ ਸਥਾਪਤ ਕਰਨ ਦਾ ਕੰਮ ਚੱਲ ਰਿਹਾ ਹੈ।
ਇਸ ਮੌਕੇ ਕਰਵਾਏ ਇੱਕ ਸਾਦੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਮੁੰਜਾਲ ਗਰੁੱਪ ਨੇ ਸੂਬੇ ‘ਚ ਸਨਅਤੀ ਲਹਿਰ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸਮਾਜਿਕ ਜਿੰਮੇਵਾਰੀ ‘ਚ ਯੋਗਦਾਨ ਪਾਕੇ ਪੰਜਾਬ ਦੇ ਲੋਕਾਂ ਅਤੇ ਸਨਅਤਾਂ ਦਾ ਰਿਸ਼ਤਾ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਨੇ ਕੋਵਿਡ ਦੀ ਪਹਿਲੀ ਤੇ ਦੂਜੀ ਲਹਿਰ ਦੌਰਾਨ ਇਕੱਲੇ ਪਟਿਆਲਾ ਹੀ ਨਹੀਂ ਬਲਕਿ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਸਮੇਤ ਹਰਿਆਣਾ ਤੇ ਦਿੱਲੀ ਤੇ ਹੋਰ ਸੂਬਿਆਂ ਦੇ ਮਰੀਜਾਂ ਦੀ ਜਾਨ ਵੀ ਬਚਾਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਹਸਪਤਾਲ ਦੇ ਡਾਕਟਰਾਂ, ਨਰਸਿੰਗ ਤੇ ਹੋਰ ਅਮਲੇ ਦੇ ਉਹ ਨਿਜੀ ਤੌਰ ‘ਤੇ ਧੰਨਵਾਦੀ ਹਨ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਮਹਾਂਮਾਰੀ ਨੂੰ ਇੱਕ ਜੰਗ ਸਮਝਦਿਆਂ ਮਿਸ਼ਨ ਫ਼ਤਹਿ ਸ਼ੁਰੂ ਕੀਤਾ ਅਤੇ ਕੋਵਿਡ ਦੀ ਲਾਗ ਤੋਂ ਪੰਜਾਬ ਵਾਸੀਆਂ ਨੂੰ ਬਚਾਉਣ ਲਈ ਉਚੇਚੇ ਕਦਮ ਚੁੱਕੇ ਅਤੇ ਇਕੱਲਾ ਪੰਜਾਬ ਹੀ ਅਜਿਹਾ ਸੂਬਾ ਸੀ, ਜਿੱਥੇ ਆਕਸੀਜਨ, ਡਾਕਟਰੀ ਸਹਾਇਤਾ ਤੇ ਮਰੀਜਾਂ ਨੂੰ ਬੈਡਾਂ ਦੀ ਕੋਈ ਸਮੱਸਿਆ ਨਹੀਂ ਆਈ। ਉਨ੍ਹਾਂ ਕਿਹਾ ਕਿ ਹੁਣ ਕੋਵਿਡ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਪੂਰੀਆਂ ਤਿਆਰੀਆਂ ਮੁਕੰਮਲ ਹਨ, ਇੱਥੋਂ ਤੱਕ ਕਿ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ ਦੀ ਚੌਥੀ ਮੰਜਿਲ ‘ਤੇ ਬੱਚਿਆਂ ਲਈ ਵਿਸ਼ੇਸ਼ ਵਾਰਡ ਤਿਆਰ ਕਰਕੇ ਆਕਸੀਜਨ ਨਾਲ ਲੈਸ ਬੈਡ ਤਿਆਰ ਰੱਖੇ ਹੋਏ ਹਨ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਹੀਰੋ ਗਰੁੱਪ ਦੇ ਡਾਇਰੈਕਟਰ ਅਭਿਸ਼ੇਕ ਮੁੰਜਾਲ ਨੇ ਆਪਣੀ ਸਾਇਕਲ ਕੰਪਨੀ ਦੇ ਆਮ ਲੋਕਾਂ ਰਾਹੀਂ ਕੌਮਾਂਤਰੀ ਪੱਧਰ ‘ਤੇ ਪਾਏ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਕਿ ਉਹ ਹੁਣ ਦੇਸ਼ ਦੇ ਵਾਤਾਵਰਣ ਨੂੰ ਧਿਆਨ ‘ਚ ਰੱਖਦੇ ਹੋਏ ਦੇਸ਼ ‘ਚ ਈ-ਸਾਈਕਲ ਦਾ ਦੇਸ਼ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਵੱਡੀ ਪੱਧਰ ‘ਤੇ ਨਿਰਮਾਣ ਸ਼ੁਰੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਜਿੱਥੇ ਦੇਸ਼ ਅਤੇ ਦੇਸ਼ ਵਾਸੀਆਂ ਪ੍ਰਤੀ ਵਚਨਬੱਧ ਹੈ ਉਥੇ ਹੀ ਆਪਣੇ ਵਪਾਰ ਨੂੰ ਕੌਮਾਂਤਰੀ ਪੱਧਰ ‘ਤੇ ਪਛਾਣ ਦਿਵਾਉਣ ਵਾਲੇ ਆਪਣੇ ਜੱਦੀ ਸੂਬੇ ਪੰਜਾਬ ਦੀਆਂ ਲੋੜਾਂ ਪ੍ਰਤੀ ਵੀ ਸੁਚੇਤ ਹੈ।
ਲੰਡਨ ਤੋਂ ਵਿਸ਼ੇਸ਼ ਤੌਰ ‘ਤੇ ਆਨਲਾਈਨ ਜੁੜੇ ਹੀਰੋ ਗਰੁੱਪ ਦੇ ਮੁਖੀ ਪੰਕਜ ਮੁੰਜਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਸੋਚ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਲੁਧਿਆਣਾ ਦੀ ਸਾਇਕਲ ਵੈਲੀ ਉਨ੍ਹਾਂ ਦੀ ਵਿਸ਼ੇਸ਼ ਦਿਲਚਸਪੀ ਨਾਲ ਹੀ ਸਿਰੇ ਚੜ੍ਹ ਰਹੀ ਹੈ। ਸ੍ਰੀ ਮੁੰਜਾਲ ਨੇ ਕਿਹਾ ਕਿ ਪੰਜਾਬ ਦੇ ਜੰਮਪਲ ਹੋਣ ਦੇ ਨਾਤੇ ਉਨ੍ਹਾਂ ਦੀ ਇਹ ਦਿਲੀ ਇੱਛਾ ਰਹੀ ਹੈ ਕਿ ਉਹ ਆਪਣੇ ਰਾਜ ਦੇ ਲੋਕਾਂ ਦੀ ਮੁਸ਼ਕਿਲ ਦੀ ਘੜੀ ‘ਚ ਸਰਕਾਰ ਦੇ ਨਾਲ ਉਨ੍ਹਾਂ ਦੀ ਸੇਵਾ ‘ਚ ਖੜ੍ਹ ਸਕਣ। ਇਸ ਮੌਕੇ ਓ.ਪੀ. ਮੁੰਜਾਲ ਫਾਊਂਡੇਸ਼ਨ ਦੇ ਪ੍ਰਬੰਧਕੀ ਟਰਸਟੀ ਐਸ.ਕੇ. ਰਾਏ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਸੇਖੋਂ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਨਿਜੀ ਸਕੱਤਰ ਬਲਵਿੰਦਰ ਸਿੰਘ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਵਾਈਸ ਚੇਅਰਮੈਨ ਕੇ.ਕੇ. ਸਹਿਗਲ, ਮਹਿਲਾ ਕਾਂਗਰਸ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਿਰਨ ਢਿੱਲੋਂ, ਬਲਾਕ ਪ੍ਰਧਾਨ ਨਰੇਸ਼ ਦੁੱਗਲ, ਅਤੁਲ ਜੋਸ਼ੀ, ਇਲਾਕੇ ਦੇ ਕੌਂਸਲਰ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਵਾਇਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਡਾ. ਗਿਰੀਸ਼ ਸਾਹਨੀ, ਡਾ. ਡੀ.ਐਸ. ਭੁੱਲਰ, ਡਾ. ਅਮਨਦੀਪ ਬਖ਼ਸ਼ੀ, ਲੋਕ ਨਿਰਮਾਣ ਵਿਭਾਗ ਦੇ ਐਕਸੀਐਨ ਐਸ.ਐਲ. ਗਰਗ, ਐਕਸੀਐਨ ਦਵਿੰਦਰ ਕੌਸ਼ਲ ਵੀ ਮੌਜੂਦ ਸਨ।