-ਸੰਸਦ ਮੈਂਬਰ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੀਤਾ ਧੰਨਵਾਦ
-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ-ਪ੍ਰਨੀਤ ਕੌਰ
-ਸੰਘਰਸ਼ ਕਮੇਟੀ ਵੱਲੋਂ ਦਿੱਲੀ-ਕੱਟੜਾ ਐਕਸਪ੍ਰੈਸ-ਵੇਅ ਲਈ ਪਾਤੜਾਂ ਤਹਿਸੀਲ ਦੇ 11 ਪਿੰਡਾਂ ਦੇ ਕਿਸਾਨਾਂ ਨੂੰ ਮਿਲੇ ਮੁਆਵਜੇ ਲਈ ਪੰਜਾਬ ਸਰਕਾਰ ਦਾ ਧੰਨਵਾਦ
-ਘੱਗਾ ਦੇ ਮੇਨ ਰੋਡ ‘ਤੇ ਲਗਦੇ ਰਕਬੇ ਲਈ 1 ਕਰੋੜ ਤੇ ਬਾਕੀ ਪਿੰਡਾਂ ਲਈ 58 ਲੱਖ ਰੁਪਏ ਪ੍ਰਤੀ ਏਕੜ ਮਿਲਿਆ ਮੁਆਵਜਾ
ਪਟਿਆਲਾ, 16 ਜੁਲਾਈ : ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ-ਵੇਅ ਸਬੰਧੀਂ ਐਕਵਾਇਰ ਕੀਤੀ ਜਾਣ ਵਾਲੀ ਜਮੀਨ ਦਾ ਰੇਟ ਪਟਿਆਲਾ ਜ਼ਿਲ੍ਹੇ ‘ਚ ਕਿਸਾਨਾਂ ਦੀ ਮੰਗ ਮੁਤਾਬਕ ਹੋਣ ਤੋਂ ਬਾਅਦ, ਅੱਜ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਨੇੜੇ ਵਾਈ.ਪੀ.ਐਸ. ਚੌਂਕ ਵਿਖੇ 24 ਮਾਰਚ ਤੋਂ ਲਗਾਤਾਰ ਲਗਾਇਆ ਜਾ ਰਿਹਾ ਧਰਨਾ ਸਮਾਪਤ ਕਰ ਦਿੱਤਾ। ਅੱਜ ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਲੋਕ ਸਭਾ ਸ੍ਰੀਮਤੀ ਪ੍ਰਨੀਤ ਕੌਰ ਨਾਲ, ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਕੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਸਰਕਾਰ ਅਤੇ ਸ੍ਰੀਮਤੀ ਪ੍ਰਨੀਤ ਕੌਰ ਦਾ ਧੰਨਵਾਦ ਕਰਦਿਆਂ, ਸੰਘਰਸ਼ ਕਮੇਟੀ ਨੇ ਕਿਸਾਨਾਂ ਨੂੰ ਦਿੱਤੇ ਗਏ ਮੁਆਵਜੇ ਅਤੇ ਜਮੀਨ ਦੀ ਕੀਮਤ ‘ਤੇ ਸਤੁੰਸ਼ਟੀ ਦਾ ਇਜ਼ਹਾਰ ਕੀਤਾ।
ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜ੍ਹਦੀ ਆਈ ਹੈ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਪਾਤੜਾਂ ਤਹਿਸੀਲ ਦੇ 11 ਪਿੰਡਾਂ ਦੇ ਕਿਸਾਨਾਂ ਨੂੰ ਵੀ ਬਣਦਾ ਯੋਗ ਮੁਆਵਜਾ ਦਿਵਾਇਆ ਹੈ। ਉਨ੍ਹਾਂ ਨੇ ਮੁੱਖ ਮੰਤਰੀ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਖਾਸ ਕਰਕੇ ਐਸ.ਡੀ.ਐਮ. ਪਾਤੜਾਂ ਡਾ. ਪਾਲਿਕਾ ਅਰੋੜਾ ਦਾ ਇਸ ਮਸਲੇ ਨੂੰ ਹੱਲ ਕਰਨ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਦਿੱਲੀ-ਕੱਟੜਾ ਐਕਸਪ੍ਰੈਸ-ਵੇਅ ਲਈ ਕਿਸਾਨਾਂ ਦੀ ਜਮੀਨ ਐਕਵਾਇਰ ਕੀਤੀ ਗਈ ਹੈ ਪਰੰਤੂ ਕਿਸਾਨ ਇਸ ਜਮੀਨ ਲਈ ਮਿਲ ਰਹੇ ਮੁਆਵਜੇ ਤੋਂ ਸੰਤੁਸ਼ਟ ਨਹੀਂ ਸਨ, ਜਿਸ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਬਣਦੀ ਭੂਮਿਕਾ ਨਿਭਾਕੇ ਇਨ੍ਹਾਂ ਕਿਸਾਨਾਂ ਲਈ ਯੋਗ ਮੁਆਵਜਾ ਦਿਵਾਇਆ ਹੈ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮ. ਪਾਤੜਾਂ ਵੱਲੋਂ 31 ਮਈ 2021 ਨੂੰ ਜੋ ਅਵਾਰਡ ਪਾਸ ਕੀਤਾ ਗਿਆ ਹੈ, ਉਸ ਮੁਤਾਬਕ ਤਹਿਸੀਲ ਪਾਤੜਾਂ ਦੇ 11 ਪਿੰਡਾਂ ਦੀ ਐਕਵਾਇਰ ਕੀਤੀ ਗਈ ਜਮੀਨ ਲਈ ਘੱਗਾ ਮੇਨ ਰੋਡ ਨਾਲ ਲੱਗਦੇ ਰਕਬੇ ਲਈ 1 ਕਰੋੜ ਰੁਪਏ ਪ੍ਰਤੀ ਏਕੜ ਅਤੇ ਬਾਕੀ ਪਿੰਡਾਂ ਲਈ 58 ਲੱਖ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਗਿਆ ਹੈ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਇਸ ਮੁਆਵਜੇ ਦੀ ਵੰਡ ਲਈ 250 ਕਰੋੜ ਰੁਪਏ ਦੀ ਲਿਮਟ ਐਸ.ਡੀ.ਐਮ. ਪਾਤੜਾਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ, ਜਿਸ ‘ਚੋਂ 100 ਕਰੋੜ ਰੁਪਏ ਕਿਸਾਨਾਂ ਤੇ ਜਮੀਨ ਮਾਲਕਾਂ ਨੂੰ ਵੰਡੇ ਵੀ ਜਾ ਚੁੱਕੇ ਹਨ। ਜਿਸ ‘ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਇਨ੍ਹਾਂ ਕਿਸਾਨਾਂ ਦੀ ਸੰਘਰਸ਼ ਕਮੇਟੀ ਨੇ ਅੱਜ ਆਪਣਾ ਰੋਸ ਧਰਨਾ ਸਮਾਪਤ ਕਰ ਦਿੱਤਾ ਹੈ, ਜਿਸ ਲਈ ਕਿਸਾਨ ਆਗੂ ਵਧਾਈ ਦੇ ਪਾਤਰ ਹਨ।
ਇਸ ਮੌਕੇ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪਟਿਆਲਾ ਪ੍ਰਧਾਨ ਜਗਜੀਤ ਸਿੰਘ ਗਲੋਲੀ ਨੇ ਦੱਸਿਆ ਕਿ ਕਿਸਾਨਾਂ ਨੇ ਸਰਕਾਰ ਵੱਲੋਂ ਦਿਵਾਏ ਗਏ ਮੁਆਵਜੇ ਨੂੰ ਮਨਜੂਰ ਕਰਕੇ ਅੱਜ ਆਪਣਾ ਧਰਨਾ ਸਮਾਪਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਇੱਥੇ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੂੰ ਮਿਲਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਤੇ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਨ ਆਏ ਸਨ। ਕਿਸਾਨ ਆਗੂਆਂ ਨੇ ਐਸ.ਡੀ.ਐਮ. ਪਾਤੜਾਂ ਡਾ. ਪਾਲਿਕਾ ਅਰੋੜਾ ਦੀ ਪ੍ਰਸੰਸ਼ਾ ਵੀ ਕੀਤੀ। ਉਨ੍ਹਾਂ ਦੇ ਨਾਲ ਮੀਤ ਪ੍ਰਧਾਨ ਨਿਰੰਕਾਰ ਸਿੰਘ ਸ਼ੁਤਰਾਣਾ, ਰਣਜੀਤ ਸਿੰਘ ਬਰਾਸ, ਰਛਪਾਲ ਸਿੰਘ ਘੱਗਾ, ਪਰਮਜੀਤ ਸਿੰਘ ਗਲੋਲੀ, ਸਿਮਰਨਪ੍ਰੀਤ ਸਿੰਘ ਗਲੋਲੀ, ਖ਼ਜ਼ਾਨਚੀ ਰਮਨਦੀਪ ਸਿੰਘ ਕਮਾਲਪੁਰ, ਜਸਵਿੰਦਰ ਸਿੰਘ ਜੱਸੀ ਵੀ ਮੌਜੂਦ ਸਨ।
ਇਸ ਦੌਰਾਨ ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਨਿਜੀ ਸਕੱਤਰ ਬਲਵਿੰਦਰ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਪਾਤੜਾਂ ਤਰਲੋਚਨ ਸਿੰਘ ਸ਼ੇਰਗੜ੍ਹ, ਤਰਸੇਮ ਬਾਂਸਲ, ਕੀਮਤ ਸਿੰਗਲਾ ਆਦਿ ਵੀ ਮੌਜੂਦ ਸਨ।