???? ਮੇਜਰ ਜਨਰਲ ਮਨਜੀਤ ਸਿੰਘ ਮੋਖਾ, ਸੇਵਾ ਮੈਡਲ, ਪਹੁੰਚੇ ਪਟਿਆਲਾ
???? ਏ.ਡੀ.ਜੀ ਐਨਸੀਸੀ ਨੇ ਕੀਤਾ ਐਨਸੀਸੀ ਯੂਨਿਟਾਂ ਤੇ ਹੈਡਕੁਆਰਟਰ ਦਾ ਦੌਰਾ
???? ਐਨਸੀਸੀ ਕੈਡਿਟਾਂ ਨਾਲ ਗੱਲਬਾਤ ਕਰਕੇ ਕੀਤਾ ਖੁਸ਼ੀ ਦਾ ਪ੍ਰਗਟਾਵਾ
???? ਗਰੁੱਪ ਕੈਪਟਨ ਅਜੇ ਭਾਰਦਵਾਜ ਨੇ ਦਿੱਤੀ ਫਲਾਈਟ ਸਿਮੂਲੇਟਰ ਦੀ ਜਾਣਕਾਰੀ
ਪਟਿਆਲਾ,13 ਫਰਵਰੀ – ਅਸ਼ੋਕ ਵਰਮਾ, ਰਮਨ ਸੰਧੂ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਐਨਸੀਸੀ ਡਾਇਰੈਕਟੋਰੇਟ ਦੇ ਐਡੀਸ਼ਨਲ ਡਾਇਰੈਕਟਰ ਜਨਰਲ, ਭਾਰਤੀ ਸੈਨਾ ਦੇ ਮੇਜਰ ਜਨਰਲ ਸ੍ਰੀ ਮਨਜੀਤ ਸਿੰਘ ਮੋਖਾ, ਸੇਵਾ ਮੈਡਲ, ਨੇ ਅੱਜ ਪਟਿਆਲਾ ਵਿਖੇ ਨੈਸ਼ਨਲ ਕੇਡਿਟ ਕੌਰ (ਐਨਸੀਸੀ) ਦੇ ਸਮੂਹ ਹੈੱਡਕੁਆਰਟਰ ਅਤੇ ਸਥਾਨਕ ਯੂਨਿਟਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਹੈਡਕੁਆਰਟਰ ਅਤੇ ਯੂਨਿਟਾਂ ਦੀ ਇੰਸਪੈਕਸ਼ਨ ਕੀਤੀ ਅਤੇ ਐਨਸੀਸੀ ਕੈਡਿਟਾਂ ਨੂੰ ਦਿੱਤੀ ਜਾ ਰਹੀ ਟਰੇਨਿੰਗ ਸੰਬੰਧੀ ਜਾਣਕਾਰੀ ਹਾਸਿਲ ਕੀਤੀ।
ਯੂਨਿਟਾਂ ਤੇ ਹੈਡਕੁਆਰਟਰ ਦੀ ਇੰਸਪੈਕਸ਼ਨ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਖਾਲਸਾ ਕਾਲਜ ਵਿਖੇ ਆਯੋਜਿਤ ਐਨਸੀਸੀ ਦੇ ਇੱਕ ਸਮਾਗਮ ਵਿਚ ਸ਼ਿਰਕਤ ਕੀਤੀ ਜਿੱਥੇ ਐਨਸੀਸੀ ਏਅਰ ਵਿੰਗ ਅਤੇ ਐਨਸੀਸੀ ਆਰਮੀ ਵਿੰਗ ਦੇ ਕੈਡਿਟਾਂ ਭਾਰੀ ਗਿਣਤੀ ਵਿੱਚ ਸ਼ਾਮਿਲ ਸਨ।
ਮੇਜਰ ਜਨਰਲ ਸ੍ਰੀ ਮਨਜੀਤ ਸਿੰਘ ਮੋਖਾ, ਸੇਵਾ ਮੈਡਲ, ਦੀ ਆਮਦ ਉਤੇ ਨੰਬਰ 3 ਪੰਜਾਬ ਏਅਰ ਸਕੁਐਡਰਨ ਐਨਸੀਸੀ ਦੇ ਕੈਡਿਟਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਉਤੇ ਮੇਜਰ ਜਨਰਲ ਸ੍ਰੀ ਮਨਜੀਤ ਸਿੰਘ ਮੋਖਾ ਨੇ ਐਨਸੀਸੀ ਕੈਡਿਟਾਂ, ਏ.ਐਨ.ਓਜ਼ ਤੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਬਹੁਮੁੱਲੀਆਂ ਜਾਣਕਾਰੀਆਂ ਤੇ ਤਜ਼ੁਰਬੇ ਸਾਂਝਾ ਕੀਤੇ।
ਇਸ ਮੌਕੇ ਉਨ੍ਹਾਂ ਨੇ ਕੈਡਿਟਾਂ ਤੇ ਏ.ਐਨ.ਓਜ਼ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਏ.ਐਨ.ਓਜ਼ ਤੋਂ ਕੁਝ ਸੁਝਾਅ ਵੀ ਪੁੱਛੇ।
ਸ੍ਰੀ ਮੋਖਾ ਨੇ ਸਮੂਹ ਐਨਸੀਸੀ ਕੈਡਿਟਾਂ, ਸਮੂਹ ਏ.ਐਨ.ਓਜ਼ ਤੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਟਿਆਲਾ ਦੇ ਮੋਹਿੰਦਰਾ ਕਾਲਜ ਵਿਖੇ ਪੜ੍ਹਾਈ ਦੌਰਾਨ ਖੁਦ ਵੀ ਐਨਸੀਸੀ ਦੇ ਕੈਡਿਟ ਰਹੇ ਹਨ। ਉਨ੍ਹਾਂ ਨੇ ਐਨਸੀਸੀ ਟਰੇਨਿੰਗ ਤੋਂ ਲੈ ਕੇ ਆਰਮੀ ਵਿੱਚ ਅਫਸਰ ਬਣਨ ਦੇ ਨਾਲ ਨਾਲ ਮੇਜਰ ਜਨਰਲ ਦੇ ਉੱਚ ਅਹੁਦੇ ਤੱਕ ਪਹੁੰਚਣ ਅਤੇ ਸੇਵਾ ਮੈਡਲ ਨਾਲ ਸਨਮਾਨਿਤ ਹੋਣ ਸੰਬੰਧੀ ਆਪਣਾ ਤਜ਼ੁਰਬਾ ਵੀ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਭਾਰਤੀ ਸੈਨਾਵਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਨੇ ਐਨਸੀਸੀ ਟਰੇਨਿੰਗ ਕਰਕੇ ਏ, ਬੀ ਤੇ ਸੀ ਸਰਟੀਫਿਕੇਟ ਹਾਸਲ ਕਰਨ ਵਾਲੇ ਕੈਡਿਟਾਂ ਨੂੰ ਭਾਰਤੀ ਸੈਨਾਵਾਂ ਵਿੱਚ ਸਿੱਧੀ ਭਰਤੀ ਲਈ ਮਿਲਣ ਵਾਲੇ ਮੌਕਿਆਂ ਸੰਬੰਧੀ ਜਾਣਕਾਰੀ ਵੀ ਸਾਂਝਾ ਕੀਤੀ। ਇਸ ਮੌਕੇ ਉਨ੍ਹਾਂ ਨੇ ਦਿੱਲੀ ਵਿਖੇ ਗਣਤੰਤਰ ਦਿਵਸ ਦੌਰਾਨ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਐਨਸੀਸੀ ਕੈਡਿਟਾਂ ਨੂੰ ਸਨਮਾਨਿਤ ਵੀ ਕੀਤਾ।
ਅੱਜ ਉਨ੍ਹਾਂ ਨੇ ਨੰਬਰ 3 ਪੰਜਾਬ ਏਅਰ ਸਕੁਐਡਰਨ ਐਨਸੀਸੀ ਪਟਿਆਲਾ ਦੇ ਮਾਈਕ੍ਰੋਲਾਈਟ ਫਲਾਈਟ ਸਿਮੂਲੇਟਰ ਦਾ ਵੀ ਦੌਰਾ ਕੀਤਾ। ਐਨਸੀਸੀ ਏਅਰ ਵਿੰਗ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਸ੍ਰੀ ਅਜੇ ਭਾਰਦਵਾਜ ਨੇ ਸ੍ਰੀ ਮਨਜੀਤ ਸਿੰਘ ਮੋਖਾ ਨੂੰ ਫਲਾਈਟ ਸਿਮੂਲੇਟਰ ਦੇ ਸੰਚਾਲਨ ਬਾਰੇ ਜਾਣਕਾਰੀ ਦਿੱਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡੀਸ਼ਨਲ ਡਾਇਰੈਕਟਰ ਜਨਰਲ (ਐਨਸੀਸੀ) ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ, ਮੇਜਰ ਜਨਰਲ ਸ੍ਰੀ ਮਨਜੀਤ ਸਿੰਘ ਮੋਖਾ, ਸੇਵਾ ਮੈਡਲ, ਨੇ ਅੱਜ ਦੀ ਪਟਿਆਲਾ ਫੇਰੀ ਸੰਬੰਧੀ ਜਾਣਕਾਰੀ ਸਾਂਝਾ ਕੀਤੀ ਅਤੇ ਐਨਸੀਸੀ ਕੈਡਿਟਾਂ ਨੂੰ ਦਿੱਤੀ ਜਾ ਰਹੀ ਟਰੇਨਿੰਗ ਉਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮੂਹ ਐਨਸੀਸੀ ਕੈਡਿਟਾਂ, ਸਮੂਹ ਏ.ਐਨ.ਓਜ਼ ਤੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਬੇਹੱਦ ਚੰਗਾ ਲੱਗਿਆ ਅਤੇ ਕੈਡਿਟਾਂ ਦੇ ਵਿਚਾਰ ਸੁਣ ਕੇ ਬਹੁਤ ਫ਼ਖ਼ਰ ਮਹਿਸੂਸ ਕੀਤਾ ਹੈ।
ਇਸ ਦੌਰਾਨ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਤੇ ਐਨਸੀਸੀ ਏਅਰ ਵਿੰਗ ਪਟਿਆਲਾ ਦੇ ਸਾਬਕਾ ਸੀਨੀਅਰ ਕੈਡਿਟ ਸ੍ਰੀ ਅਸ਼ੋਕ ਵਰਮਾ ਵੀ ਹਾਜ਼ਰ ਸਨ।
ਉਨ੍ਹਾਂ ਤੋਂ ਅਲਾਵਾ ਏ.ਐਨ.ਓ ਰੋਹਿਤ ਸਚਦੇਵਾ, ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਏ.ਐਨ.ਓ ਮੈਡਮ ਸਚਨਾ ਸ਼ਰਮਾ, ਸਰਕਾਰੀ ਮਹਿੰਦਰਾ ਕਾਲਜ ਤੋਂ ਏ.ਐਨ.ਓ ਲੈਫਟੀਨੈਂਟ ਮਨਮੋਹਨ ਸੰਮੀ, ਵਾਈ ਪੀ ਐਸ ਸਕੂਲ ਤੋਂ ਏ.ਐਨ.ਓ. ਚੰਦਨ ਬੈਠਾ, ਸਰਕਾਰੀ ਸਿਵਿਲ ਲਾਈਨ ਸਕੂਲ ਤੋਂ ਏ.ਐਨ.ਓ ਮੈਡਮ ਰੂਬੀ ਅਤੇ ਹੋਰ ਏ.ਐਨ.ਓਜ਼ ਵੀ ਮੌਜ਼ੂਦ ਰਹੇ।
Newsline Express