???? ਕੈਬਿਨਟ ਮੰਤਰੀ ਲਾਲਜੀਤ ਭੁੱਲਰ ਵਿਰੁੱਧ ਕਾਰਵਾਈ ਲਈ ਰਾਮਗੜ੍ਹੀਆ ਅਕਾਲ ਜਥੇਬੰਦੀ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ
ਪਟਿਆਲਾ, 15 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੇ ਕੌਮੀ ਕਨਵੀਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਦੀ ਅਗਵਾਈ ਹੇਠ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਸ਼ੋਕਤ ਅਹਿਮਦ ਪਰੇ ਨੂੰ ਇਕ ਮੈਮੋਰੈਂਡਮ ਚੋਣ ਕਮਿਸ਼ਨ ਦੇ ਨਾਂ ਹੇਠ ਦਿੱਤਾ। ਮੈਮੋਰੈਂਡਮ ਵਿੱਚ ਬੀਤੇ ਦਿਨੀਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਵੱਲੋਂ ਭਾਸ਼ਣ ਦੌਰਾਨ ਰਾਮਗੜ੍ਹੀਆ ਅਤੇ ਸਵਰਨਕਾਰ ਭਾਈਚਾਰੇ ਪ੍ਰਤੀ ਵਰਤੀ ਗਲਤ ਸ਼ਬਦਾਵਾਲੀ ਦੇ ਰੋਸ ਵਜੋਂ ਚੋਣ ਕਮਿਸ਼ਨ ਨੂੰ ਅਪੀਲ ਕਰਦਿਆਂ ਜਲਦ ਤੋਂ ਜਲਦ ਐਕਸ਼ਨ ਲੈਣ ਦੀ ਮੰਗ ਕੀਤੀ ਗਈ ਹੈ।
ਇਸ ਮੌਕੇ ਸੂਬਾ ਚੈਅਰਮੈਨ ਜਗਜੀਤ ਸਿੰਘ ਸੱਗੂ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੰਨੀ ਦੇਰ ਤੱਕ ਮੰਤਰੀ ਲਿਖਤੀ ਮੁਆਫ਼ੀ ਨਹੀਂ ਮੰਗਦਾ, ਉਦੋਂ ਤੱਕ ਦੋਵਾਂ ਭਾਈਚਾਰਿਆਂ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ਼ ਪੂਰੇ ਪੰਜਾਬ ਵਿਚ ਰੋਸ ਜ਼ਾਹਰ ਕੀਤਾ ਜਾਵੇ ਅਤੇ ਸਾਰੇ ਜ਼ਿਲ੍ਹਿਆਂ ਵਿਚ ਮੰਤਰੀ ਦੇ ਪੁਤਲੇ ਫੂਕੇ ਜਾਣਗੇ।
ਇਸ ਮੌਕੇ ਯੂਥ ਪ੍ਰਧਾਨ ਗੁਰਜੋਤ ਗੋਲਡੀ ਜਿਲ੍ਹਾ ਚੇਅਰਮੈਨ ਅਮਰੀਕ ਸਿੰਘ ਭੁੱਲਰ, ਸੂਬਾ ਸਲਾਹਕਾਰ ਸੂਬਾ ਸਿੰਘ ਜਗਤ ਸਿੰਘ, ਰਾਮਕਿਸ਼ਨ ਰਲਹਣ ਰਮੇਸ਼ ਕੁਮਾਰ, ਹਰਵਿੰਦਰ ਸਿੰਘ ਰਾਮਗੜ੍ਹੀਆ ਗੁਰਦੀਪ ਸਿੰਘ ਮਹਿਲ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਪੰਜਾਬ ਭਰ ਵਿੱਚ ਲਾਲਜੀਤ ਸਿੰਘ ਭੁੱਲਰ ਦੇ ਪੁਤਲੇ ਫੁਕੇਗਾ ਸਵਰਨਕਾਰ ਸੰਘ
ਪਟਿਆਲਾ, 15 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਬੀਤੇ ਦਿਨ ਇੱਕ ਭਾਸ਼ਣ ਦਿੰਦਿਆਂ ਸਵਰਨਕਾਰ ਭਾਈਚਾਰੇ ਤੇ ਤਰਖਾਣ ਭਾਈਚਾਰੇ ਬਾਰੇ ਬੋਲੇ ਅਪਸ਼ਬਦ ਦਾ ਮਾਮਲਾ ਕਾਫੀ ਤੁਲ ਫੜਦਾ ਜਾ ਰਿਹਾ ਹੈ। ਭੁੱਲਰ ਵੱਲੋਂ ਕੱਲ੍ਹ ਮੁਆਫੀ ਮੰਗਣ ਦੇ ਬਾਅਦ ਵੀ ਜਿੱਥੇ ਰਾਮਗੜ੍ਹੀਆ ਅਕਾਲ ਜਥੇਬੰਦੀ ਵੱਲੋਂ ਚੋਣ ਕਮਿਸ਼ਨ ਤੋਂ ਭੁੱਲਰ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ, ਉਥੇ ਹੀ ਪੰਜਾਬ ਸਵਰਨਕਾਰ ਸੰਘ ਵੱਲੋਂ ਲਾਲਜੀਤ ਸਿੰਘ ਭੁੱਲਰ ਦੇ ਪੁਤਲੇ ਫੁੱਕਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਸਵਰਨਕਾਰ ਸੰਘ ਪਟਿਆਲਾ ਦੇ ਪ੍ਰਧਾਨ ਭੀਮ ਸੈਨ ਵਰਮਾ ਨੇ ਕਿਹਾ ਕਿ ਮੰਤਰੀ ਦੇ ਗਲਤੀ ਕਾਰਨ ਸਾਰਾ ਸਮਾਜ ਗੁੱਸੇ ਵਿੱਚ ਹੈ, ਇਸ ਲਈ ਪੂਰੇ ਪੰਜਾਬ ਵਿੱਚ ਉਸਦੇ ਪੁਤਲੇ ਫ਼ੁੱਕਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। Newsline Express