ਲੁਧਿਆਣਾ, 16 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਲੁਧਿਆਣਾ ਦੇ ਲਾਡੋਵਾਲ ਸਥਿਤ ਉੱਤਰ ਭਾਰਤ ਦੇ ਸਭ ਤੋਂ ਮਹਿੰਗੇ ਟੋਲ ਪਲਾਜਾ ਲਾਡੋਵਾਲ ਟੋਲ ਪਲਾਜਾ ਨੂੰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅਣਮਿੱਥੇ ਸਮੇਂ ਲਈ ਫਰੀ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਪੁਲਿਸ ਵਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰੰਬੰਧ ਕੀਤੇ ਗਏ ਸਨ। ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਇਹ ਟੋਲ ਪਲਾਜਾ ਉਤਰ ਭਾਰਤ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਟੋਲ ਟੈਕਸ ਦੇ ਰੇਟਾਂ ‘ਚ ਸਾਲ ‘ਚ ਕਈ ਵਾਰ ਵਾਧਾ ਕੀਤਾ ਗਿਆ ਹੈ ਅਤੇ ਪਿੱਛਲੇ ਦਿਨੇ ਹੀ ਫ਼ਿਰ ਤੋਂ ਟੋਲ ਟੈਕਸ ਦੇ ਰੇਟ ਵਧੇ ਹਨ। ਜਿਸ ਨਾਲ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਧੇ ਰੇਟਾਂ ਨੂੰ ਘਟਾਉਣ ਦੀ ਅਪੀਲ ਕੀਤੀ ਗਈ ਸੀ, ਜਿਸ ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ। ਜਿਸ ਦੇ ਵਿਰੋਧ ਵਿਚ ਅੱਜ ਉਨ੍ਹਾਂ ਵਲੋਂ ਇਸ ਟੋਲ ਨੂੰ ਅਨਮਿਥੇ ਸਮੇਂ ਲਈ ਟੋਲ ਫਰੀ ਕਰਵਾ ਦਿੱਤਾ ਗਿਆ ਹੈ। ਐਨਐੱਚਏਆਈ ਦੇ ਐਨਐੱਚ-44 ‘ਤੇ ਸਥਿਤ ਇਸ ਟੋਲ ‘ਚ ਸਭ ਤੋਂ ਵੱਧ ਰੇਟ ਵਸੂਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਾਹਨ ‘ਤੇ ਫਾਸਟੈਗ ਨਹੀਂ ਹੈ ਤਾਂ ਉਸ ਨੂੰ ਇਕ ਯਾਤਰਾ ਲਈ 430 ਰੁਪਏ ਟੈਕਸ ਦੇਣਾ ਪੈਂਦਾ ਹੈ। ਮੌਕੇ ‘ਤੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਜੇਕਰ ਰੇਟ ਨਾ ਘਟਾਏ ਤਾਂ ਵਾਹਨ ਚਾਲਕਾਂ ਨੂੰ ਟੈਕਸ ਫਰੀ ਕਰਨ ਲਈ ਕਿਸਾਨ ਪੱਕਾ ਮੋਰਚਾ ਲਗਾਉਣਗੇ।
previous post
