*????ਐਨ.ਆਰ.ਆਈ ਸੁਰੇਸ਼ ਬਾਂਸਲ ਸੀਐਮ ਵਿੰਡੋ ਵਿੱਚ ਦਰਖਾਸਤ ਦੇ ਕੇ ਮਿਲੇ ਡੀ.ਸੀ ਨੂੰ*
*???? ਮੇਰੀ ਜਾਨ ਮਾਲ ਨੂੰ ਖਤਰਾ, ਕਿਸੇ ਪਾਸੋਂ ਨਹੀਂ ਮਿਲ ਰਿਹਾ ਇਨਸਾਫ : ਸੁਰੇਸ਼ ਬਾਂਸਲ*
ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ – ਬੀਤੇ ਦਿਨੀਂ ਇੱਕ ਬਹੁਚਰਚਿਤ ਮਾਮਲੇ ਵਿਚ ਨਗਰ ਨਿਗਮ ਪਟਿਆਲਾ ਦੇ ਕਰਮਚਾਰੀਆਂ ਅਤੇ ਇੱਕ ਠੇਕੇਦਾਰ ਵਿਰੁੱਧ ਐਨ.ਆਰ.ਆਈ ਸੁਰੇਸ਼ ਬਾਂਸਲ ਵੱਲੋਂ ਵਿਜੀਲੈਂਸ ਨੂੰ ਦਿੱਤੀ ਦਰਖਾਸਤ ਉਤੇ ਵਿਜੀਲੈਂਸ ਵਿਭਾਗ ਵੱਲੋਂ ਜਤਿੰਦਰ ਕੁਮਾਰ ਬਬਲੂ ਉਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਉਕਤ ਵਿਅਕਤੀ ਦੀ ਜਮਾਨਤ ਅਰਜੀ ਨੂੰ ਮੁਦਈ ਦੇ ਵਕੀਲ ਦੀਆਂ ਦਲੀਲਾਂ ਅਤੇ ਵਿਜੀਲੈਂਸ ਵਿਭਾਗ ਵੱਲੋਂ ਮੁਦਈ ਦਾ ਪੱਖ ਜ਼ੋਰਦਾਰ ਤਰੀਕੇ ਨਾਲ ਪੇਸ਼ ਕਰਨ ਤੋਂ ਬਾਅਦ ਖਾਰਜ ਵੀ ਕਰ ਦਿੱਤਾ ਗਿਆ ਸੀ। ਇਹ ਮਾਮਲਾ ਹੁਣ ਹੋਰ ਜ਼ਿਆਦਾ ਭੱਖਦਾ ਜਾ ਰਿਹਾ ਹੈ।
ਸੁਰੇਸ਼ ਬਾਂਸਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਹੀਂ ਡਿਪਟੀ ਕਮਿਸ਼ਨਰ ਪਟਿਆਲਾ ਦਫਤਰ ਵਿੱਚ ਇਨਸਾਫ ਲਈ ਮੰਗ ਕੀਤੀ ਹੈ। ਉਸਨੇ ਦੱਸਿਆ ਕਿ ਮੈਂ ਹਰ ਪਾਸੇ ਧੱਕੇ ਖਾ ਕੇ, ਪਰੇਸ਼ਾਨ ਹੋ ਚੁੱਕਿਆ ਹਾਂ ਅਤੇ ਹੁਣ ਪਟਿਆਲਾ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ। ਸੁਰੇਸ਼ ਬਾਂਸਲ ਨੇ ਡਿਪਟੀ ਕਮਿਸ਼ਨਰ ਪਟਿਆਲਾ ਅੱਗੇ ਫਰਿਆਦ ਕੀਤੀ ਹੈ ਕਿ ਮੈਂ ਇਕੱਲਾ ਹੀ ਇੰਡੀਆ ਵਿੱਚ ਰਹਿ ਰਿਹਾ ਹਾਂ, ਮੇਰਾ ਸਾਰਾ ਪਰਿਵਾਰ ਆਸਟਰੇਲੀਆ ਵਿੱਚ ਹੈ ਅਤੇ ਕੁਝ ਭ੍ਰਿਸ਼ਟਾਚਾਰੀ ਲੋਕਾਂ ਤੋਂ ਮੈਨੂੰ ਜਾਨ ਅਤੇ ਮਾਲ ਦਾ ਖਤਰਾ ਹੈ, ਇਸ ਲਈ ਮੇਰੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸਦੇ ਨਾਲ ਹੀ ਮੇਰੀ ਢਹਿ-ਢੇਰੀ ਅਤੇ ਸੀਲ ਕੀਤੀ ਬਿਲਡਿੰਗ ਬਾਰੇ ਬਣਦੇ ਕਾਨੂੰਨਾਂ ਮੁਤਾਬਕ ਮੈਨੂੰ ਪੂਰਨ ਜਾਣਕਾਰੀ ਦਿੱਤੀ ਜਾਵੇ।
ਇਥੇ ਹੀ ਬਾਂਸਲ ਨੇ ਡਿਪਟੀ ਕਮਿਸ਼ਨਰ ਪਟਿਆਲਾ ਉਤੇ ਪੂਰਾ ਭਰੋਸਾ ਜਤਾਇਆ ਅਤੇ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਪੂਰਾ ਯਕੀਨ ਦਿਖਾਇਆ ਕਿ ਮੈਨੂੰ ਇਨਸਾਫ ਮਿਲੇਗਾ ਅਤੇ ਭਰਿਸ਼ਟਾਚਾਰੀਆਂ ਨੂੰ ਅਤੇ ਧਮਕੀਆਂ ਦੇਣ ਵਾਲਿਆਂ ਨੂੰ ਸਰਕਾਰ ਬਣਦੇ ਕਾਨੂੰਨ ਮੁਤਾਬਕ ਸਜ਼ਾ ਦਏਗੀ।
ਸੁਰੇਸ਼ ਬਾਂਸਲ ਦਾ ਕਹਿਣਾ ਹੈ ਕਿ ਬਹੁਤ ਸਾਰੇ ਐਨ.ਆਰ.ਆਈ ਮੇਰੇ ਵਾਂਗ ਆਪਣੇ ਪੰਜਾਬ ਨੂੰ ਪਿਆਰ ਕਰਦੇ ਹਨ ਅਤੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਲਈ ਕੁਝ ਕਰਨ ਦੀ ਇੱਛਾ ਰੱਖਦੇ ਹਨ, ਪਰ ਅਜਿਹੇ ਭ੍ਰਿਸ਼ਟ ਤੰਤਰ ਨੂੰ ਦੇਖਦੇ ਹੋਏ ਅਤੇ ਸਮਾਜ ਵਿਰੋਧੀ ਅਨਸਰਾਂ ਤੋਂ ਡਰਦੇ ਹੋਏ ਪੰਜਾਬ ਵੱਲ ਤੋਂ ਮੂੰਹ ਮੋੜਦੇ ਜਾ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਮੇਰੀ ਆਵਾਜ਼ ਨੂੰ ਬੁਲੰਦ ਕਰਕੇ ਅਜਿਹਾ ਫੈਸਲਾ ਕੀਤਾ ਜਾਵੇ ਅਤੇ ਮੈਨੂੰ ਅਜਿਹਾ ਇਨਸਾਫ ਦਵਾਇਆ ਜਾਵੇ ਜਿਸ ਨਾਲ ਇੱਕ ਉਦਾਹਰਣ ਬਣੇ।
ਬਾਂਸਲ ਨੇ ਕਿਹਾ ਕਿ ਚਾਹੇ ਮੈਨੂੰ ਜਿੰਨੀ ਵੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇ, ਪਰ ਮੈਂ ਕਦੇ ਵੀ ਬਿਨਾਂ ਇਨਸਾਫ ਲਏ ਘਰ ਨਹੀਂ ਬੈਠਾਂਗਾ। ਉਸਨੇ ਕਿਹਾ ਕਿ ਮੈਂ ਡਰ ਦੇ ਮਾਹੌਲ ਵਿੱਚ ਜੀ ਰਿਹਾ ਹਾਂ। ਮੇਰਾ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਇਹ ਸਾਰਾ ਕੁਝ ਨਗਰ ਨਿਗਮ ਦੇ ਅਧਿਕਾਰੀਆਂ ਕਰਕੇ, ਬਲੈਕਮੇਲਰ ਅਖੌਤੀ ਸਮਾਜ ਸੇਵਕਾਂ ਤੇ ਕਾਲੀਆਂ ਭੇਡਾਂ ਕਰਕੇ ਹੋ ਰਿਹਾ ਹੈ।
ਫੋਟੋ : ਮੁਖ ਮੰਤਰੀ ਪੰਜਾਬ ਨੂੰ ਆਪਣੀ ਭੇਜੀ ਸ਼ਿਕਾਇਤ ਬਾਰੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਜਾਣਕਾਰੀ ਦਿੰਦੇ ਹੋਏ ਐਨ.ਆਈ.ਆਈ. ਸੁਰੇਸ਼ ਬਾਂਸਲ।
