ਨਿਤ ਦਿਨ ਵਾਪਰ ਰਹੇ ਰੇਲ ਹਾਦਸਿਆਂ ਨੂੰ ਦੇਖਦਿਆਂ ਕੇਂਦਰੀ ਰੇਲਵੇ ਮੰਤਰੀ “ਰੇਲਵੇ ਵਿਭਾਗ” ਵਿੱਚ ਯੋਗ ਸੁਧਾਰ ਕਰਨ : ਪ੍ਰੋ. ਬਡੁੰਗਰ
ਪਟਿਆਲਾ, 18 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਨਿਤ ਦਿਨ ਵਾਪਰ ਰਹੇ ਰੇਲ ਹਾਦਸਿਆਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੀਆਂ ਦੁਰਘਟਨਾਵਾਂ ਨਾਲ ਅਨੇਕਾਂ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਰੇਲਵੇ ਵਿਭਾਗ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਤਕਰੀਬਨ 15 ਦਿਨਾਂ ਬਾਅਦ ਹੀ ਦੇਸ਼ ਵਿੱਚੋਂ ਕਿਤੇ ਨਾ ਕਿਸੇ ਪਾਸਿਓਂ ਰੇਲਵੇ ਵਿਭਾਗ ਨਾਲ ਸਬੰਧਤ ਟਰੇਨ ਪਲਟਨ, ਟਰੇਨ ਤੇ ਟ੍ਰੇਨ ਚੜਨ ਅਤੇ ਟਰੇਨ ਪਟੜੀ ਤੋਂ ਉਤਰਨ ਵਰਗੀਆਂ ਦਰਦਨਾਕ ਖਬਰਾਂ ਸਾਹਮਣੇ ਆਉਂਦੀ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਦੇ ਗੌਂਡਾ ਜ਼ਿਲ੍ਹੇ ਵਿੱਚ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਕਾਰਨ ਵਾਪਰੇ ਹਾਦਸੇ ਵਿੱਚ ਹੋਈਆਂ ਮੌਤਾਂ ਤੇ ਦੁੱਖ ਜਾਹਿਰ ਅਤੇ ਜਖਮੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ।
ਉਹਨਾਂ ਰੇਲਵੇ ਦੀਆਂ ਹੋ ਰਹੀਆਂ ਦੁਰਘਟਨਾਵਾਂ ਨੂੰ ਦੁਖਦਾਇਕ ਕਰਾਰ ਦਿੰਦਿਆ ਕਿਹਾ ਕਿ ਕੇਂਦਰੀ ਰੇਲਵੇ ਮੰਤਰੀ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਰੇਲਵੇ ਵਿਭਾਗ ਵਿੱਚ ਯੋਗ ਸੁਧਾਰ ਕਰਨ ਵਿੱਚ ਪਹਿਲ ਕਦਮੀ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦਰਦਨਾਕ ਦੁਰਘਟਨਾਵਾਂ ਨਾ ਵਾਪਰਨ ਅਤੇ ਲੋਕਾਂ ਦੀਆਂ ਅਜਾਈ ਜਾਨਾਂ ਨਾ ਜਾਣ।
