ਪਟਿਆਲਾ, 24 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰ ਦਾ ਸਰਕਾਰ ਵਲੋਂ 1000 ਕਰੋੜ ਰੁਪਏ ਦੇ ਨਾਲ ਸੁੰਦਰੀਕਰਣ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਦਕਿ ਕਰਵਾਏ ਜਾ ਰਹੇ ਵਿਕਾਸ ਕਾਰਜ਼ਾਂ ਦੇ ਦਾਅਵੇ ਬਿਲਕੁਲ ਖੋਖਲੇ ਸਾਬਿਤ ਹੋ ਰਹੇ ਹਨ। ਅੱਜ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਤੇਜਿੰਦਰ ਮਹਿਤਾ ਦੀ ਅਗਵਾਈ ਵਿੱਚ ਪਟਿਆਲਾ ਦੀ ਸਮੂਹ ਟੀਮ ਨੇ ਗੁੜਮੰਡੀ ਦੇ ਨਾਲ ਬਣਾਈ ਜਾ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਇਸ ਮੌਕੇ ਉਹਨਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਅਤੇ ਪ੍ਰੋ: ਸੁਮੇਰ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।
ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਅੱਜ ਸਾਡੀ ਟੀਮ ਵਲੋਂ ਗੁੜਮੰਡੀ ਦੇ ਨਾਲ ਬਣਾਈ ਜਾ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ, ਜਿਥੇ ਆਮ ਲੋਕਾਂ ਵਲੋਂ ਕੈਪਟਨ ਸਰਕਾਰ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਪਟਿਆਲਾ ਸ਼ਹਿਰ ਨੂੰ 1000 ਕਰੋੜ ਰੁਪਏ ਨਾਲ ਵਿਕਸਿਤ ਕਰਨ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਸਰਕਾਰ ਦੇ ਸਾਢੇ ਚਾਰ ਸਾਲ ਨਿਕਲ ਚੁੱਕੇ ਹਨ, ਪਰ ਹਾਲਾਤ ਉਸੇ ਤਰਾਂ ਹੀ ਹਨ, ਜਿਸ ਤਰਾਂ ਪੰਜ ਸਾਲ ਪਹਿਲੇ ਸਨ, ਉਲਟਾ ਸ਼ਹਿਰ ਦੀ ਸਥਿਤੀ ਪਹਿਲਾਂ ਨਾਲੋਂ ਵੀ ਵਿਗੜ ਚੁੱਕੀ ਹੈ। ਪਿਛਲੇ ਇਕ ਸਾਲ ਤੋਂ ਸ਼ਹਿਰ ਵਿੱਚ ਹੈਰੀਟੇਜ ਸਟਰੀਟ ਬਣਾਉਣ ਦੇ ਨਾਮ ਤੇ ਸੜਕਾਂ ਬਿਲਕੁਲ ਪੱਟੀਆਂ ਪਈਆਂ ਹਨ। ਜਗਾ ਜਗਾ ਮਿੱਟੀ ਦੇ ਢੇਰ, ਘਟੀਆਂ ਕਿਸਮ ਦੀਆਂ ਟਾਈਲਾਂ, ਮਿੱਟੀ ਮਿਲਿਆ ਰੇਤਾ, ਮਲਬੇ ਦੇ ਢੇਰ ਲੱਗੇ ਪਏ ਹਨ। ਕੰਮ ਵਲ ਕੋਈ ਧਿਆਨ ਨਹੀਂ ਹੈ। ਜੇ ਕੋਈ ਮਾੜਾ ਮੋਟਾ ਕੰਮ ਹੋਇਆ ਵੀ ਹੈ ਤਾਂ ਬਿਲਕੁਲ ਘਟੀਆ ਕਿਸਮ ਦਾ ਕੰਮ।ਹੋਇਆ ਹੈ। ਕੋਈ ਵਧੀਆ ਕੁਆਲਿਟੀ ਵਾਲਾ ਕੰਮ ਨਹੀਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਮੇਅਰ ਪਟਿਆਲਾ ਨੂੰ ਪੁੱਛਣ ਚਾਹੁੰਦਾ ਹਾਂ ਕਿ ਲੋਕਾਂ ਦੀਆਂ ਬਿਲਡਿੰਗਾਂ ਨੂੰ ਪੀਲਾ ਤੇ ਗੁਲਾਬੀ ਰੰਗ ਕਰਨ ਨਾਲ ਹੈਰੀਟੇਜ ਸਟਰੀਟ ਬਣ ਜਾਵੇਗੀ। ਸਾਡੇ ਆਮ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਸਰਕਾਰ ਦੇ ਜਾਣ ਵਿੱਚ ਸਿਰਫ ਪੰਜ ਮਹੀਨੇ ਰਹਿ ਗਏ ਹਨ, ਪਰ ਕੰਮ ਪੂਰੇ ਨਹੀਂ ਕੀਤੇ ਜਾ ਰਹੇ ਹਨ। ਸੜਕਾਂ ਪੱਟਣ ਦੇ ਨਾਲ ਪਿਛਲੇ ਡੇਢ ਸਾਲ ਤੋਂ ਲੋਕਾਂ ਦੇ ਕੰਮਕਾਰ ਠੱਪ ਪਏ ਹਨ। ਲੋਕ ਤਾਂ ਪਹਿਲਾਂ ਹੀ ਕਰੋਨਾ ਦੀ ਮਹਾਮਾਰੀ ਕਰਕੇ ਤੰਗ ਹੋਏ ਪਏ ਹਨ। ਉਪਰੋਂ ਇਹਨਾਂ ਕਾਂਗਰਸੀ ਲੀਡਰਾਂ ਦੀਆਂ ਇਹਨਾਂ ਨਲਾਇਕੀਆਂ ਨੇ ਹੋਰ ਪਰੇਸ਼ਾਨ ਕਰ ਰੱਖਿਆ ਹੈ। ਲੋਕ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਪਰ ਇਹਨਾਂ ਉਪਰ ਕੋਈ ਅਸਰ ਨਹੀਂ ਹੈ। ਇਹ ਤਾਂ ਸਿਰਫ ਵਿਕਾਸ ਦੇ ਨਾਮ ਆਏ ਕਰੋੜਾਂ ਰੁਪਇਆਂ ਵਿੱਚ ਆਪਣਾ ਘਰ ਭਰਨ ਤੇ ਲੱਗੇ ਹੋਏ ਹਨ, ਆਮ ਲੋਕਾਂ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ।
ਇਸ ਮੌਕੇ ਸੀਨੀਅਰ ਆਗੂ ਕੁੰਦਨ ਗੋਗੀਆ ਅਤੇ ਪ੍ਰੋ: ਸੁਮੇਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਵਿਕਾਸ ਦੇ ਨਾਮ ਤੇ ਪੂਰਾ ਸ਼ਹਿਰ ਦੀਆਂ ਗਲੀਆਂ ਨਾਲੀਆਂ ਨੂੰ ਪੱਟ ਰੱਖਿਆ ਹੈ, ਕਿਸੇ ਵੀ ਇਲਾਕੇ ਵਿੱਚ ਕੰਮ ਪੂਰਾ ਨਹੀਂ ਕੀਤਾ ਜਾ ਰਿਹਾ ਹੈ। ਪਿਛਲੇ ਦਿਨਾਂ ਵਿੱਚ ਹੋਈ ਬਰਸਾਤ ਨੇ ਸਰਕਾਰ ਦੇ ਵਿਕਾਸ ਕਰਵਾਉਣ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਅੱਧੇ ਘੰਟੇ ਦੀ ਬਰਸਾਤ ਪੂਰੇ ਸ਼ਹਿਰ ਨੂੰ ਜਲ ਥਲ ਕਰਕੇ ਰੱਖ ਦਿੰਦੀ ਹੈ। ਮੇਅਰ ਪਟਿਆਲਾ ਦਾਅਵਾ ਕਰਦੇ ਹਨ ਕਿ ਬਰਸਾਤ ਹੋਣ ਤੋਂ ਤਿੰਨ ਚਾਰ ਮਿੰਟ ਦੇ ਅੰਦਰ ਹੀ ਬਰਸਾਤ ਦਾ ਪਾਣੀ ਸ਼ਹਿਰ ਵਿਚੋਂ ਨਿਕਲ ਜਾਂਦਾ ਹੈ, ਜੋ ਕਿ ਬਿਲਕੁਲ ਨਿਰਾ ਝੂਠ ਹੈ, ਮੇਅਰ ਪਟਿਆਲਾ ਸਿਰਫ ਉਹਨਾਂ ਇਲਾਕਿਆਂ ਵਿੱਚ ਸਾਈਕਲ ਚਲਾਉਂਦੇ ਹਨ, ਜਿਥੇ ਬਰਸਾਤ ਦਾ ਪਾਣੀ ਨਹੀਂ ਖੜ੍ਦਾ ਹੈ। ਮੈਂ ਮੇਅਰ ਸਾਹਿਬ ਨੂੰ ਚੈਲੰਜ ਕਰਦਾ ਹਾਂ ਕਿ ਆਓ ਬਰਸਾਤ ਹੋਣ ਵੇਲੇ ਤੁਸੀਂ ਸਾਡੇ ਨਾਲ ਸ਼ਹਿਰ ਦੇ ਅਰਨਾ ਬਰਨਾ ਚੌਂਕ, ਚਾਂਦਨੀ ਚੌਂਕ, ਬੁਕਸ ਮਾਰਕੀਟ, ਭਾਸ਼ਾ ਵਿਭਾਗ ਦੇ ਸਾਹਮਣੇ, ਧੋਬਘਾਟ, ਰਾਘੋ ਮਾਜਰਾ, ਲੱਕੀ ਮਾਡਰਨ ਸਕੂਲ ਦੇ ਨਾਲ, ਇਹਨਾਂ ਸਾਰਿਆਂ ਇਲਾਕਿਆਂ ਦਾ ਦੌਰਾ ਕਰੋ, ਜਿਥੇ ਅੱਧੇ ਘੰਟੇ ਦੀ ਜ਼ੋਰਦਾਰ ਬਰਸਾਤ ਹੋਣ ਤੋਂ ਬਾਅਦ ਖੜਿਆ ਬਰਸਾਤੀ ਪਾਣੀ ਚਾਰ-ਪੰਜ ਘੰਟੇ ਤੋਂ ਪਹਿਲਾਂ ਨਹੀਂ ਨਿਕਲਦਾ ਹੈ। ਮੇਅਰ ਸਾਹਿਬ ਦੇ ਦਾਅਵੇ ਬਿਲਕੁਲ ਝੂਠੇ ਹਨ।
ਤੇਜਿੰਦਰ ਮਹਿਤਾ ਕਿਹਾ ਨੇ ਪਟਿਆਲਾ ਸ਼ਹਿਰ ਦੇ ਆਮ ਲੋਕ ਬਹੁਤ ਜਿਆਦਾ ਪਰੇਸ਼ਾਨ ਹੋਏ ਪਏ ਹਨ। ਲੋਕ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਪਰ ਇਹਨਾਂ ਉਪਰ ਕੋਈ ਅਸਰ ਨਹੀਂ ਹੈ। ਇਹ ਤਾਂ ਸਿਰਫ ਵਿਕਾਸ ਦੇ ਨਾਮ ਆਏ ਕਰੋੜਾਂ ਰੁਪਇਆਂ ਵਿੱਚ ਆਪਣਾ ਪੇਟ ਅਤੇ ਘਰ ਭਰਨ ਤੇ ਲੱਗੇ ਹੋਏ ਹਨ, ਆਮ ਲੋਕਾਂ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ। ਉਹ ਆਪਣੀ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਵਲੋਂ ਮੰਗ ਕਰਦੇ ਹਨ ਕਿ ਸਰਕਾਰ ਇਹਨਾਂ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਵਧੀਆ ਮਟੀਰੀਅਲ ਲਗਵਾਕੇ ਪਾਰਦਰਸ਼ੀ ਢੰਗ ਨਾਲ ਪੂਰਾ ਕਰਵਾਏ। ਜੇ ਸਰਕਾਰ ਅਤੇ ਮੇਅਰ ਪਟਿਆਲਾ ਇਹਨਾਂ ਗੱਲਾਂ ਵਲ ਧਿਆਨ ਨਹੀਂ ਦਿੰਦੇ ਅਤੇ ਕੰਮਾਂ ਨੂੰ ਸਹੀ ਢੰਗ ਨਾਲ ਪੂਰਾ ਨਹੀਂ ਕਰਦੇ ਤਾਂ ਇਸ ਸੁੱਤੀ ਹੋਈ ਸਰਕਾਰ ਅਤੇ ਮੇਅਰ ਨੂੰ ਜਗਾਉਣ ਲਈ ਜਲਦ ਹੀ ਆਮ ਲੋਕਾਂ ਨੂੰ ਨਾਲ ਲੈਕੇ ਨਗਰ ਨਿਗਮ ਪਟਿਆਲਾ ਅਤੇ ਮੇਅਰ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਰਾਜਵੀਰ ਸਿੰਘ, ਸ਼ੁਸ਼ੀਲ ਮਿੱਢਾ, ਰਾਜਿੰਦਰ ਮੋਹਨ, ਜਸਵਿੰਦਰ ਰਿੰਪਾ (ਚਾਰੋਂ ਬਲਾਕ ਪ੍ਰਧਾਨ), ਪਵਨ ਰਾਜਪੁਰੋਹਿਤ, ਕਮਲ ਚਹਿਲ (ਦੋਨੋਂ ਵਾਰਡ ਇੰਚਾਰਜ), ਨੰਦ ਕਿਸ਼ੋਰ ਜੋਨੀ ਜੋਆਇੰਟ ਸੈਕਟਰੀ ਬੀਸੀ ਵਿੰਗ, ਗੋਲੂ ਰਾਜਪੂਤ, ਸੰਨੀ ਡਾਬੀ (ਦੋਨੋਂ ਸ਼ੋਸ਼ਲ ਮੀਡੀਆ ਕੋਆਰਡੀਨੇਟਰ), ਸੰਦੀਪ ਬੰਧੂ, ਗੁਰਪ੍ਰੀਤ ਗੁਰੀ, ਰਮੇਸ਼ ਕੁਮਾਰ, ਦਯਾ ਰਾਮ, ਭਾਰਤ ਭੂਸ਼ਣ, ਲੱਕੀ ਪਟਿਆਲਵੀ, ਰਾਜਿੰਦਰ ਸ਼ਰਮਾ, ਤਨਵੀਰ, ਸੰਦੀਪ ਕੁਮਾਰ, ਜਿਪੀ ਜੀਤ, ਅਨਿਲ ਕੁਮਾਰ, ਆਦਿ ਹਾਜ਼ਰ ਸਨ।