???? ਪਵਿੱਤਰ ਗ੍ਰੰਥ ਸ਼੍ਰੀ ਰਾਮਾਇਣ ਦੀ ਬੇਅਦਬੀ ਦੇ ਦੋਸ਼ੀ ਦੀ ਗਿਰਫ਼ਤਾਰੀ ਤੋਂ ਬਾਅਦ….
???? ਐਸ.ਐਸ.ਪੀ ਤੇ ਐਸ.ਪੀ ਸਿਟੀ ਸਮੇਤ ਪੁਲਿਸ ਅਧਿਕਾਰੀਆਂ ਅਤੇ ਹਿੰਦੂ ਸਨਾਤਨੀ ਯੋਧਿਆਂ ਨੂੰ ਕੀਤਾ ਸਨਮਾਨਿਤ
ਪਟਿਆਲਾ, 7 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਇਕ ਕਿਤਾਬ ਰਾਹੀਂ ਪਵਿੱਤਰ ਗ੍ਰੰਥ ਸ੍ਰੀ ਰਾਮਾਇਣ ਪ੍ਰਤੀ, ਅਪਮਾਨਜਨਕ ਟਿੱਪਣੀਆਂ ਤੋਂ ਭੜਕੇ ਹਿੰਦੂ ਸਨਾਤਨੀ ਸਮਾਜ ਦੇ ਸੰਘਰਸ਼ ਤੋਂ ਬਾਅਦ ਪਟਿਆਲਾ ਪੁਲਸ ਨੇ ਸਖਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਹਿਰ ਦੇ ਸਮੁੱਚੇ ਹਿੰਦੂ ਸੰਗਠਨ ਇਸ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਸਨ।
ਅੱਜ ਪਟਿਆਲਾ ਵਿਖੇ ਐੱਸ.ਐੱਸ.ਪੀ. ਨਾਨਕ ਸਿੰਘ ਸਮੇਤ ਐੱਸ.ਪੀ.-ਸਿਟੀ ਸਰਫਰਾਜ਼ ਆਲਮ, ਸੀਨੀਅਰ ਪੁਲਸ ਅਧਿਕਾਰੀ ਜਸਵਿੰਦਰ ਸਿੰਘ ਟਿਵਾਣਾ, ਡੀ.ਐੱਸ.ਪੀ. ਸਿਟੀ-1 ਸਮੇਤ ਥਾਣਾ ਕੋਤਵਾਲੀ ਅਤੇ ਸੀ.ਆਈ. ਏ. ਸਟਾਫ ਦੇ ਇੰਚਾਰਜ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਗਮ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਕੀਤਾ ਗਿਆ। ਹਿੰਦੂ ਸਮਾਜ ਦੇ ਸੰਘਰਸ਼ ‘ਚ ਸਮੁੱਚੇ ਸਨਾਤਨੀ ਹਿੰਦੂ ਯੋਧੇ ਸ਼ਾਮਲ ਸਨ, ਇਸ ਲਈ ਸਮੁੱਚੇ ਹਿੰਦੂ ਸਮਾਜ ਵੱਲੋਂ ਸਾਂਝੇ ਤੌਰ ‘ਤੇ ਇਹ ਸਨਮਾਨ ਸਮਾਰੋਹ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਲਗਭਗ ਸਵਾ 2 ਸਾਲ ਪਹਿਲਾਂ ਪਟਿਆਲਾ ਦੇ ਥਾਣਾ ਡਵੀਜ਼ਨ ਨੰਬਰ 4 ਵਿਚ 25 ਮਾਰਚ 2022 ਨੂੰ ਐੱਫ. ਆਈ. ਆਰ. ਨੰਬਰ 0051 ਦਰਜ ਕਰਵਾਈ ਗਈ, ਜਿਸ ‘ਚ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਵੱਖ-ਵੱਖ ਧਾਰਾਵਾਂ ਲੱਗੀਆਂ ਸਨ ਪਰ ਲੰਬਾ ਸਮਾਂ ਬੀਤ ਜਾਣ ਮਗਰੋਂ ਵੀ ਪੁਲਸ ਵੱਲੋਂ ਕੋਈ ਕਾਰਵਾਈ ਅਮਲ ਵਿਚ ਨਾ ਲਿਆਂਦੀ ਗਈ। ਇਸ ਤੋਂ ਪ੍ਰੇਸ਼ਾਨ ਹੋ ਕੇ ਬੀਤੀ 30 ਜੁਲਾਈ ਨੂੰ ਪਟਿਆਲਾ ਸ਼ਹਿਰ ਦੇ ਜੋੜੀਆਂ ਭੱਠੀਆਂ ਚੌਕ ਵਿਖੇ ਸਥਿਤ ਰਾਮਲੀਲਾ ਮੰਚ ਉਤੇ ਸਨਾਤਨ ਧਰਮ ‘ਚ ਆਸਥਾ ਰੱਖਣ ਵਾਲੇ ਅਤੇ ਸ਼੍ਰੀ ਰਾਮਾਇਣ ਜੀ ‘ਚ ਅਥਾਹ ਵਿਸ਼ਵਾਸ਼ ਕਰਨ ਵਾਲੇ ਸਨਾਤਨੀ ਯੋਧਿਆਂ ਵੱਲੋਂ ਸੰਕੇਤਕ ਭੁੱਖ ਹੜਤਾਲ ਕੀਤੀ ਗਈ।
ਇਸ ਤੋਂ ਬਾਅਦ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ, ਜਿਸ ਦੇ ਚੱਲਦਿਆਂ ਪੁਲਸ ਪ੍ਰਸ਼ਾਸਨ ਤੁਰੰਤ ਹਰਕਤ ‘ਚ ਆਇਆ। ਨਵੇਂ ਆਏ ਐੱਸ.ਐੱਸ.ਪੀ. ਡਾ. ਨਾਨਕ ਤੇ ਸਿੰਘ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਅਤੇ ਐੱਸ.ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਨਿਯੁਕਤ ਕੀਤੀ ਗਈ। ਇਸ ਨੂੰ ਡੀ.ਐੱਸ.ਪੀ. ਸਿਟੀ – ਵਨ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਸ਼ਵਿੰਦਰ ਸਿੰਘ, ਐੱਸ.ਐੱਚ.ਓ. ਕੋਤਵਾਲੀ ਹਰਜਿੰਦਰ ਸਿੰਘ ਢਿੱਲੋਂ ਅਤੇ ਐੱਸ.ਐੱਚ.ਓ. ਚਾਰ ਨੰਬਰ ਡਵੀਜ਼ਨ ਗਗਨਦੀਪ ਸਿੰਘ ਨਾਲ ਹੋਰ ਪੁਲਸ ਪਾਰਟੀ ਹਰਕਤ ‘ਚ ਆਈ ਅਤੇ 4 ਅਗਸਤ 2024 ਨੂੰ ਉਸ ਸਮਾਜ-ਵਿਰੋਧੀ ਅਨਸਰ ਜੋ ਕਿ ਲਗਾਤਾਰ ਸ਼ੋਸ਼ਲ ਮੀਡੀਆ ‘ਤੇ ਇਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਪੋਸਟਾਂ ਪਾ ਰਿਹਾ ਸੀ, ਨੂੰ ਪੁਲਸ ਨੇ 24 ਘੰਟਿਆਂ ਤੋਂ ਪਹਿਲਾਂ ਹੀ ਹਿਮਾਚਲ ਤੋਂ ਗ੍ਰਿਫਤਾਰ ਕਰ ਲਿਆ।
ਅੱਜ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਸ੍ਰੀ ਰਾਮਲੀਲਾ ਮੰਚ ਜੌੜੀਆਂ ਭੱਠੀਆਂ ਚੌਕ ਵਿਖੇ ਭੁੱਖ ਹੜਤਾਲ ਕਰਨ ਵਾਲੇ ਸਨਾਤਨੀ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਹੀ ਐੱਸ.ਐੱਸ.ਪੀ. ਪਟਿਆਲਾ ਡਾ. ਨਾਨਕ ਸਿੰਘ, ਐੱਸ.ਪੀ. ਸਿਟੀ ਪਟਿਆਲਾ ਸਰਫਰਾਜ਼ ਆਲਮ, ਡੀ.ਐੱਸ.ਪੀ. ਸਿਟੀ-1 ਮਨਦੀਪ ਕੌਰ, ਸੀ.ਆਈ.ਏ. ਸਟਾਫ ਇੰਚਾਰਜ ਇੰਸਪੈਕਟਰ ਸ਼ਵਿੰਦਰ ਸਿੰਘ, ਐੱਸ.ਐੱਚ.ਓ. ਥਾਣਾ ਕੋਤਵਾਲੀ, ਐੱਸ.ਐੱਚ.ਓ. ਥਾਣਾ ਚਾਰ ਨੰਬਰ ਡਵੀਜ਼ਨ, ਸੀ.ਆਈ.ਡੀ. ਵਿਭਾਗ ਹਰਕਿਰਤ ਸਿੰਘ ਢੀਂਡਸਾ ਅਤੇ ਪੰਕਜ ਗੁਪਤਾ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।

