newslineexpres

Home Fitness ਦਸਤ ਕਾਰਨ ਬੱਚਿਆਂ ਦੀ ਮੌਤ ਨੂੰ ਰੋਕਣਾ, ਦਸਤ ਰੋਕੂ ਪੰਦਰਵਾੜੇ ਦਾ ਮੁੱਖ ਮੰਤਵ : ਡਾ. ਅੰਦੇਸ਼

ਦਸਤ ਕਾਰਨ ਬੱਚਿਆਂ ਦੀ ਮੌਤ ਨੂੰ ਰੋਕਣਾ, ਦਸਤ ਰੋਕੂ ਪੰਦਰਵਾੜੇ ਦਾ ਮੁੱਖ ਮੰਤਵ : ਡਾ. ਅੰਦੇਸ਼

by Newslineexpres@1

-ਪੰਜਾਬ ਵਿਚ ਦਸਤ ਰੋਕੂ ਪੰਦਰਵਾੜੇ ਅਧੀਨ ਗਤੀਵਿਧੀਆਂ ਜਾਰੀ

ਚੰਡੀਗੜ੍ਹ, 27 ਜੁਲਾਈ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਦਸਤ ਅਤੇ ਨਮੂਨੀਆ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦੇ ਦੋ ਪ੍ਰਮੁੱਖ ਕਾਰਨ ਹਨ । ਛੋਟੇ ਬੱਚਿਆਂ ਵਿਚ ਦਸਤ ਇੱਕ ਬਹੁਤ ਹੀ ਆਮ ਸਮੱਸਿਆ ਹੈ। ਇਹ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਬੱਚੇ ਦੇ ਸਰੀਰ ਵਿਚ  ਪਾਣੀ ਅਤੇ ਹੋਰ ਜਰੂਰੀ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਕਿ ਅੰਦਰੂਨੀ ਅੰਗਾਂ ਨੂੰ ਸਦਮਾ ਪਹੁੰਚ ਸਕਦਾ ਹੈ। ਦਸਤ ਨਾਲ ਹੋਣ ਵਾਲੀਆਂ ਮੌਤਾਂ  ਨੂੰ ਰੋਕਣ ਲਈ ਹਰ ਸਾਲ ਰਾਸ਼ਟਰੀ ਪੱਧਰ ਤੇ ਦਸਤ ਰੋਕੂ ਪੰਦਰਵਾੜਾ ਮਨਾਇਆ ਜਾਂਦਾ ਹੈ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ 19 ਜੁਲਾਈ ਤੋਂ 02 ਅਗਸਤ 2021 ਤੱਕ ਇਹ ਪੰਦਰਵਾੜਾ ਮਨਾ ਰਿਹਾ ਹੈ। ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ: ਅੰਦੇਸ਼ ਕੰਗ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਮਾਨਸੂਨ ਦੇ ਮੌਸਮ ਵਿੱਚ ਇਸ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਇਸ ਮੌਸਮ ਵਿੱਚ ਦਸਤ ਦੇ ਜ਼ਿਆਦਾ ਕੇਸ ਸਾਹਮਣੇ ਆਉਂਦੇ ਹਨ, ਇਸ ਲਈ ਇਹ ਪੰਦਰਵਾੜਾ ਲੋਕਾਂ ਨੂੰ ਜਾਗਰੂਕ ਕਰਨ ਅਤੇ ਦਸਤ ਦੇ ਰੋਗੀਆਂ ਦਾ ਸਮੇਂ ਸਿਰ ਇਲਾਜ ਕਰਨ ਲਈ ਰਣਨੀਤਕ ਢੰਗ ਨਾਲ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਦੇ ਤਹਿਤ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਿੰਡਾਂ ਦੇ ਸਾਰੇ ਘਰਾਂ ਵਿੱਚ ਆਸ਼ਾ ਦੇ ਦੌਰੇ, ਓ.ਆਰ.ਐਸ. ਅਤੇ ਜ਼ਿੰਕ ਦੀ ਵਰਤੋਂ ਦੇ ਲਾਭ,ਪੇਂਡੂ ਸਿਹਤ,ਸਵੱਛਤਾ ਅਤੇ ਪੋਸ਼ਣ ਸਮਿਤੀ ਦੀਆਂ ਮੀਟਿੰਗਾਂ ਵਿਚ ਵਿਸਥਾਰ ਨਾਲ ਸਮਝਾਉਣ ਵਰਗੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਹ ਗਤੀਵਿਧੀਆਂ ਮਹੱਤਵਪੂਰਣ ਹੁੰਦੀਆਂ ਹਨ ਕਿਉਂਕਿ ਇਹ ਅਕਸਰ ਦੇਖਿਆ ਜਾਂਦਾ ਹੈ ਕਿ ਦਸਤ ਦੇ ਦੌਰਾਨ,ਲੋੜ ਪੈਣ ਤੇ ਪਰਿਵਾਰਾਂ ਵਿੱਚ ਓ.ਆਰ.ਐਸ. ਉਪਲਬਧ ਨਹੀਂ ਹੁੰਦਾ ਅਤੇ ਨਾ ਹੀ ਓ.ਆਰ.ਐਸ. ਬਣਾਉਣ ਦੀ ਵਿਧੀ ਬਾਰੇ ਜਾਣਕਾਰੀ ਹੁੰਦੀ ਹੈ।

ਸਾਰੀਆਂ ਸਿਹਤ ਸੰਸਥਾਵਾਂ ਵਿਚ ਪਹਿਲਾਂ ਹੀ ਓ.ਆਰ.ਐਸ. ਅਤੇ ਜ਼ਿੰਕ ਦੇ ਕਾਰਨਰ ਬਣਾਏ ਗਏ ਹਨ, ਜਿੱਥੇ ਓ.ਆਰ.ਐਸ. ਘੋਲ ਤਿਆਰ ਕਰਨ ਬਾਰੇ ਦੱਸਿਆ ਜਾਵੇਗਾ ਅਤੇ ਇਹ ਕਾਰਨਰ ਰਾਹੀਂ ਓ.ਆਰ.ਐਸ. ਅਤੇ ਜ਼ਿੰਕ ਉਨ੍ਹਾਂ ਬੱਚਿਆਂ ਨੂੰ ਵੀ ਪ੍ਰਦਾਨ ਕੀਤਾ ਜਾਵੇਗਾ ਜੋ ਦਸਤ ਦੇ ਸਮੇਂ ਇਲਾਜ ਦੀ ਜ਼ਰੂਰਤ ਵਿੱਚ ਹਨ। ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਦੇ ਨਾਲ, ਆਈ.ਈ.ਸੀ. ਗਤੀਵਿਧੀਆਂ ਇਸ ਪੰਦਰਵਾੜੇ ਦਾ ਇੱਕ ਮਹੱਤਵਪੂਰਣ ਹਿੱਸਾ ਹਨ ।ਰਾਜ ਵਿੱਚ ਸਵੱਛਤਾ ਅਤੇ ਓਆਰਐਸ ਅਤੇ ਜ਼ਿੰਕ ਥੈਰੇਪੀ ਨੂੰ ਉਤਸ਼ਾਹਿਤ ਕਰਨ ਲਈ ਕਮਿਊਨਿਟੀ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਪ੍ਰੋਗਰਾਮ ਅਫਸਰ ਡਾ: ਇੰਦਰਦੀਪ ਕੌਰ ਨੇ ਦੱਸਿਆ ਕਿ ਹਾਲਾਂਕਿ ਸਾਡੀ ਸਿਹਤ ਪ੍ਰਣਾਲੀ ਅਜੇ ਵੀ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ ਪਰ ਸਿਹਤ ਵਿਭਾਗ ਨੇ ਬੱਚਿਆਂ ਦੀ ਸੁਰੱਖਿਆ ਅਤੇ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ  ਇਸ ਪੰਦਰਵਾੜੇ ਦੀ ਯੋਜਨਾ ਬਣਾਈ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਫਾਈ ਪ੍ਰਥਾਵਾਂ ਨੂੰ ਬਣਾਈ ਰੱਖਣ ਕਿਉਂਕਿ ਗੰਭੀਰ ਦਸਤ ਕਿਸੇ ਵੀ ਕੋਰੋਨਾ ਪੋਜ਼ਿਟਿਵ ਮਰੀਜ਼ ਦੀ ਸਥਿਤੀ ਨੂੰ ਵੀ ਵਿਗੜਨ ਵਿੱਚ ਇਕ ਪ੍ਰਮੁੱਖ ਕਾਰਕ ਬਣ ਸਕਦੇ ਹਨ।

Related Articles

Leave a Comment