newslineexpres

Home Latest News ਲੁਧਿਆਣਾ ‘ਚ ਬਣੇਗਾ ਪੰਜਾਬ ਦਾ ਸਭ ਤੋਂ ਵੱਡਾ ਰਾਵਣ, 125 ਫੁੱਟ ਹੋਵੇਗੀ ਪੁਤਲੇ ਦੀ ਲੰਬਾਈ

ਲੁਧਿਆਣਾ ‘ਚ ਬਣੇਗਾ ਪੰਜਾਬ ਦਾ ਸਭ ਤੋਂ ਵੱਡਾ ਰਾਵਣ, 125 ਫੁੱਟ ਹੋਵੇਗੀ ਪੁਤਲੇ ਦੀ ਲੰਬਾਈ

by Newslineexpres@1

ਲੁਧਿਆਣਾ,  2 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਦਰੇਸੀ ਦਸ਼ਹਿਰਾ ਗਰਾਊਂਡ ਵਿੱਚ ਇਸ ਵਾਰ ਪੰਜਾਬ ਦਾ ਸਭ ਤੋਂ ਵੱਡਾ 125 ਫੁੱਟ ਦਾ ਰਾਵਣ ਦਹਿਣ ਕੀਤਾ ਜਾਵੇਗਾ। ਇਹ ਰਾਵਣ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਰਾਵਣ ਦੇ ਪੁਤਲੇ ਲਈ ਵਿਸ਼ੇਸ਼ ਤੌਰ ਉੱਤੇ ਵਿਦੇਸ਼ ਤੋਂ ਵਾਟਰ ਪਰੂਫ਼ ਕਾਗਜ਼ ਮੰਗਵਾਇਆ ਗਿਆ ਹੈ। 125 ਫੁੱਟ ਦਾ ਇਹ ਪੁਤਲਾ ਪੂਰੀ ਤਰ੍ਹਾਂ ਆਟੋਮੈਟਿਕ ਹੋਵੇਗਾ ਅਤੇ ਇਸ ਨੂੰ ਬਟਨ ਦਬਾਉਣ ਨਾਲ ਹੀ ਅੱਗ ਲੱਗੇਗੀ। ਰਾਵਣ ਦੇ ਇਸ ਅਨੋਖੇ ਪੁਤਲੇ ਦੀ ਤਿਆਰੀ ਦਸ਼ਹਿਰੇ ਦੇ ਤਿਉਹਾਰ ਤੋਂ ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ, ਪਹਿਲਾਂ ਆਗਰਾ ਵਿੱਚ ਅਤੇ ਫਿਰ 40 ਦਿਨ ਪਹਿਲਾਂ ਜਿੱਥੇ-ਜਿੱਥੇ ਆਰਡਰ ਮਿਲਦੇ ਹਨ ਉੱਥੇ ਰਾਵਣ ਦੇ ਪੁਤਲੇ ਨੂੰ ਫਾਈਨਲ ਆਕਾਰ ਦੇਣ ਲਈ ਕਾਰੀਗਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਜ਼ਿਆਦਾਤਰ ਰਾਵਣ ਦੇ ਪੁਤਲੇ ਵਿੱਚ ਬਾਂਸ, ਤਾਟ, ਪਰਾਲੀ, ਕਾਗਜ਼ ਅਤੇ ਆਟੇ ਦੇ ਲੇਪ ਦੀ ਵਰਤੋਂ ਕੀਤੀ ਜਾਂਦੀ ਹੈ। ਪੂਰਾ ਪੁਤਲਾ ਤਿਆਰ ਕਰਨ ਤੋਂ ਬਾਅਦ ਦਸ਼ਹਿਰੇ ਦੇ ਤਿਉਹਾਰ ਤੋਂ 2 ਦਿਨ ਪਹਿਲਾਂ ਇਸ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ।

ਮੁਸਲਿਮ ਪਰਿਵਾਰ ਕਰਦਾ ਹੈ ਪੁਤਲੇ ਤਿਆਰ

ਇਸ ਨੂੰ ਮੁਸਲਿਮ ਪਰਿਵਾਰ ਹਿੰਦੂ ਕਾਰੀਗਰਾਂ ਦੇ ਨਾਲ ਮਿਲ ਕੇ ਤਿਆਰ ਕਰਦੇ ਹਨ। ਜਲੰਧਰ, ਲੁਧਿਆਣਾ, ਪਾਣੀਪਤ, ਬਰੇਲੀ, ਯੂਪੀ ਅਤੇ ਗੁਜਰਾਤ ਵਿੱਚ ਵੀ ਇਸ ਪਰਿਵਾਰ ਵੱਲੋਂ ਹੀ ਇਹ ਪੁਤਲੇ ਤਿਆਰ ਕੀਤੇ ਜਾਂਦੇ ਹਨ। ਇਸ ਵਾਰ ਲੁਧਿਆਣਾ ਵਿੱਚ ਸਭ ਤੋਂ ਵੱਡਾ 125 ਫੁੱਟ ਦਾ ਰਾਵਣ ਦਾ ਪੁਤਲਾ ਜਦੋਂ ਕਿ ਜਲੰਧਰ ਵਿੱਚ 30 ਫੁੱਟ ਉੱਚਾ ਪੁਤਲਾ ਅਤੇ 30 ਫੁੱਟ ਚੌੜੀ ਲੰਕਾਂ ਤਿਆਰ ਕੀਤੀ ਜਾ ਰਹੀ ਹੈ, ਜੋਕਿ ਖਿੱਚ ਦਾ ਕੇਂਦਰ ਰਹੇਗੀ। ਗੁਜਰਾਤ ਵਿੱਚ ਵੀ ਅਸਗਰ ਦਾ ਪਰਿਵਾਰ ਹੀ ਰਾਵਣ ਦੇ ਪੁਤਲੇ ਤਿਆਰ ਕਰਦਾ ਹੈ। ਅਸਗਰ ਅਲੀ ਦੇ ਨਾਲ ਉਨ੍ਹਾਂ ਦਾ ਸਾਲਾ ਅਕੀਲ ਖ਼ਾਨ ਅਤੇ ਉਸ ਦਾ ਬੇਟਾ ਸੋਹੇਲ ਮਦਦ ਕਰਦੇ ਹਨ। ਸੋਹੇਲ ਪਾਣੀਪਤ ਅਤੇ ਅਸਗਰ ਅਲੀ ਜਲੰਧਰ ਜਦੋਂ ਕਿ ਅਕੀਲ ਖ਼ਾਨ ਲੁਧਿਆਣਾ ਵਿੱਚ ਰਾਵਣ ਦੇ ਪੁਤਲੇ ਆਪਣੀ ਅਗਵਾਈ ਵਿੱਚ ਤਿਆਰ ਕਰ ਰਹੇ ਹਨ। ਰਾਵਣ ਦੇ ਨਾਲ ਲੁਧਿਆਣਾ ਵਿੱਚ ਮੇਘਨਾਥ, ਕੁੰਭਕਰਨ ਦਾ ਪੁਤਲਾ ਵੀ ਤਿਆਰ ਕੀਤਾ ਗਿਆ ਹੈ।

ਵਾਟਰ ਪਰੂਫ ਕਾਗਜ਼

ਸਮੇਂ ਦੇ ਵਿੱਚ ਤਬਦੀਲੀ ਆਉਣ ਦੇ ਨਾਲ ਰਾਵਣ ਦੇ ਪੁਤਲੇ ਤਿਆਰ ਕਰਨ ਦੀ ਤਕਨੀਕ ਦੇ ਵਿੱਚ ਵੀ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ। ਪਹਿਲਾਂ ਇਸ ਨੂੰ ਡਾਈ ਦੇ ਵਿੱਚ ਤਿਆਰ ਕੀਤਾ ਜਾਂਦਾ ਸੀ ਪਰ ਹੁਣ ਅਸਗਰ ਦੇ ਪਰਿਵਾਰ ਦੀ ਨਵੀਂ ਪੀੜੀ ਪੜ੍ਹੀ ਲਿਖੀ ਹੋਣ ਕਰਕੇ ਲੈਪਟਾਪ ਦੇ ਵਿੱਚ ਇਸ ਨੂੰ ਡਿਜ਼ਾਇਨ ਕਰਦੀ ਹੈ, ਫਿਰ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ। ਰਾਵਣ ਦੇ ਸ਼ਸਤਰਾਂ ਦੇ ਨਾਲ ਉਸ ਦਾ ਪਹਿਰਾਵਾ, ਕੰਨਾਂ ਦੇ ਕੁੰਡਲ ਨੂੰ ਪੂਰੀ ਤਰ੍ਹਾਂ ਲੈਪਟਾਪ ਦੇ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਫਿਰ ਅੱਗੇ ਉਸ ਨੂੰ ਬਣਾਇਆ ਜਾਂਦਾ ਹੈ। ਰਾਵਣ ਦੇ ਪੁਤਲੇ ਤਿਆਰ ਕਰਨ ਲਈ ਇਸ ਵਾਰੀ ਵਿਸ਼ੇਸ਼ ਤੌਰ ਉੱਤੇ ਕਾਗਜ਼ ਵੀ ਵਿਦੇਸ਼ ਤੋਂ ਮੰਗਵਾਇਆ ਗਿਆ ਹੈ। ਅਕੀਲ ਖਾਨ ਨੇ ਦੱਸਿਆ ਹੈ ਕਿ ਦੁਸ਼ਹਿਰੇ ਦੇ ਦਿਨਾਂ ਦੇ ਵਿੱਚ ਅਕਸਰ ਹੀ ਤ੍ਰੇਲ ਪੈਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਰਕੇ ਰਾਵਣ ਦੇ ਉੱਪਰ ਲਗਾਇਆ ਗਿਆ ਕਾਗਜ਼ ਖਰਾਬ ਹੋ ਜਾਂਦਾ ਹੈ ਪਰ ਇਸ ਵਾਰ ਉਹਨਾਂ ਵੱਲੋਂ ਵਾਟਰ ਪਰੂਫ ਕਾਗਜ਼ ਮੰਗਾਇਆ ਗਿਆ ਹੈ।

Related Articles

Leave a Comment