ਲਾਹੌਰ, 6 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਪਾਕਿਸਤਾਨ ਦੇ ਲਾਹੌਰ ਵਿਚ ਰਿਕਾਰਡ ਹਵਾ ਪ੍ਰਦੂਸ਼ਣ ਕਾਰਨ ਵੱਡੀ ਗਿਣਤੀ ਵਿਚ ਲੋਕ ਹਸਪਤਾਲਾਂ ਤੇ ਨਿੱਜੀ ਕਲੀਨਿਕਾਂ ਵਿਚ ਪੁੱਜ ਰਹੇ ਹਨ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਲੋਕ ਮਾਸਕ ਪਹਿਨਣ ਤੇ ਸਮੌਗ (ਧੁਆਂਖੀ ਧੁੰਦ) ਨਾਲ ਸਬੰਧਤ ਹੋਰ ਦਿਸ਼ਾ ਨਿਰਦੇਸ਼ਾਂ ਦੀ ਪਾਲਣ ਨਾ ਕਰ ਸਕੇ ਤਾਂ ਮੁਕੰਮਲ ਲਾਕਡਾਊਨ ਲਗਾਇਆ ਜਾ ਸਕਦਾ ਹੈ।
ਬੁੱਧਵਾਰ ਸਵੇਰ ਸਮੇਂ ਲਾਹੌਰ ਸੰਸਾਰ ਦਾ ਸਭ ਤੋਂ ਪ੍ਰਦੂਸ਼ਤ ਸ਼ਹਿਰ ਰਿਹਾ। ਗੰਭੀਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਮੌਗ ਵਾਰ ਰੂਮ ਸਥਾਪਤ ਕੀਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਸਾਇੰਸ ਦੀ ਮਦਦ ਲੈ ਕੇ ਮਸਨੂਈ ਮੀਂਹ ਪੁਆਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਖੰਘ ਤੇ ਅੱਖਾਂ ਵਿਚ ਦਰਦ ਹੋਣ ਦੀ ਸ਼ਿਕਾਇਤ ਲੈ ਕੇ ਆ ਰਹੇ ਹਨ। ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸਲਮਾਨ ਕਾਜ਼ਮੀ ਨੇ ਕਿਹਾ ਹੈ ਕਿ ਇਕ ਹਫ਼ਤੇ ਵਿਚ ਹਸਪਤਾਲਾਂ ਤੇ ਕਲੀਨਿਕਾਂ ਵਿਚ ਸਾਹ ਲੈਣ ਦੇ ਰੋਗਾਂ ਤੋਂ ਪੀੜਤ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਲੋਕਾਂ ਨੂੰ ਬਾਹਰ ਨਿਕਲਣ ਸਮੇਂ ਫੇਸ ਮਾਸਕ ਵਰਤਣਾ ਚਾਹੀਦਾ ਹੈ। ਲੰਘੇ ਮਹੀਨੇ ਤੋਂ ਸ਼ਹਿਰ ਵਿਚ ਇਹੋ-ਜਿਹੇ ਹਾਲਾਤ ਬਣੇ ਹੋਏ ਹਨ। ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸ਼ਹਿਰ ਵਿਚ ਪੂਰਨ ਲਾਕਡਾਊਨ ਤੋਂ ਬਚਣ ਲਈ ਲੋਕਾਂ ਨੂੰ ਫੇਸ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਲਾਹੌਰ ਵਿਚ ਪਹਿਲਾਂ ਹੀ ਕੋਲੇ ਦੀ ਵਰਤੋਂ ’ਤੇ ਰੋਕ ਲੱਗੀ ਹੋਈ ਹੈ। ਮੋਟਰ ਨਾਲ ਚੱਲਣ ਵਾਲੇ ਰਿਕਸ਼ੇ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਮੈਰਿਜ ਹਾਲ ਰਾਤ ਦਸ ਵਜੇ ਮਗਰੋਂ ਬੰਦ ਕਰਨ ਦੇ ਹੁਕਮ ਕੀਤੇ ਗਏ ਹਨ।