???? ਵੀਰ ਹਕੀਕਤ ਰਾਏ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ
ਪਟਿਆਲਾ, 13 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਵਿਦਿਆਰਥੀਆਂ ਨੇ ਸੁੰਦਰ ਮੁੰਦਰੀਏ ਲੋਕ ਗੀਤ , ਟੱਪੇ ,ਬੋਲੀਆਂ ਦੇ ਨਾਲ ਭੰਗੜੇ ਵਿੱਚ ਬੜੀਆਂ ਮਨਮੋਹਕ ਮੁਦਰਾਵਾਂ ਰਾਹੀਂ ਲੋਕ ਨਾਚ ਪੇਸ਼ ਕਰਦਿਆਂ ਸਭ ਦਾ ਮਨ ਮੋਹ ਲਿਆ।

ਰੰਗ ਬਿਰੰਗੀਆਂ ਪੋਸ਼ਾਕਾਂ ਵਿੱਚ ਸਜੀਆਂ ਛੋਟੀਆਂ ਬੱਚੀਆਂ ਨੇ ਗਿੱਧੇ ਵਿੱਚ ਨੱਚ ਗਾ ਕੇ ਰੰਗ ਬੰਨ ਦਿੱਤਾ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ, ਵਿਦਿਆਰਥੀਆਂ, ਅਧਿਆਪਕਾਂ ਨੇ ਲੋਹੜੀ ਦਾ ਤਿਉਹਾਰ ਮਨਾਉਂਦਿਆਂ ਅਗਨੀ ਵਿੱਚ ਗੁੜ ਤੇ ਤਿਲ ਭੇਂਟ ਕਰਦਿਆਂ ਸਭ ਦੀ ਖੁਸ਼ਹਾਲੀ ਲਈ ਕਾਮਨਾ ਕੀਤੀ ਅਤੇ ਲੋਹੜੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਸਕੂਲ ਪ੍ਰਧਾਨ ਵਿਪਿਨ ਸ਼ਰਮਾ ਅਤੇ ਪ੍ਰਿੰਸੀਪਲ ਸਰਲਾ ਭਟਨਾਗਰ ਦੁਆਰਾ ਲੋਹੜੀ ਦੀ ਖੁਸ਼ੀ ਵਿੱਚ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਾਇਆ ਅਤੇ ਉਹਨਾਂ ਨੂੰ ਰੇਵੜੀਆਂ ਮੂੰਗਫਲੀਆਂ ਵੰਡੀਆਂ ਗਈਆਂ।
