-ਰਾਸ਼ਟਰ ਨਿਰਮਾਣ ਲਈ ਨੌਜਵਾਨ ਸ਼ਕਤੀ ਦਾ ਯੋਗਦਾਨ ਅਹਿਮ : ਚੰਦਰ ਗੈਂਦ
-ਕੌਮਾਂਤਰੀ ਯੁਵਕ ਦਿਵਸ ਮੌਕੇ ਚੰਦਰ ਗੈਂਦ ਨੇ ਚੰਗੀ ਸਿਹਤ ਤੇ ਸਵੱਛਤਾ ਦਾ ਸੱਦਾ ਦਿੰਦੇ ਮਾਰਚ ਦੀ ਅਗਵਾਈ ਕੀਤੀ।
ਪਟਿਆਲਾ, 12 ਅਗਸਤ : ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਕੌਂਮਾਂਤਰੀ ਯੁਵਕ ਦਿਵਸ ਮੌਕੇ ਸਕੂਲੀ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਨਾਲ ਲੈਕੇ ਸਰਕਟ ਹਾਊਸ ਤੋਂ ਸੈਂਟਰਲ ਸਟੇਟ ਲਾਇਬਰੇਰੀ ਤੱਕ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਦੀ ਅਗਵਾਈ ਹੇਠ ਚੇਤਨਾ ਅਤੇ ਸਵੱਛਤਾ ਮਾਰਚ ਕੱਢਿਆ ਗਿਆ। ਇਸ ਦੌਰਾਨ ‘ਮੇਰਾ ਕੂੜਾ-ਮੇਰੀ ਜਿੰਮੇਵਾਰੀ’ ਤਹਿਤ ਰਸਤੇ ‘ਚੋਂ ਪਲਾਸਟਿਕ ਤੇ ਹੋਰ ਕਚਰਾ ਸਾਫ਼ ਕੀਤਾ ਗਿਆ। ਸੈਂਟਰਲ ਸਟੇਟ ਲਾਇਬਰੇਰੀ ਵਿਖੇ ਪ੍ਰਾਇਮਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਦੇ ਚਿਤਰਕਲਾ ਮੁਕਾਬਲਿਆਂ ਤੋਂ ਇਲਾਵਾ ਵੱਡੇ ਵਿਦਿਆਰਥੀਆਂ ਦੇ ਭਾਸ਼ਣ, ਖੇਡਾਂ ਅਤੇ ਵਿਅਰਥ ਤੇ ਬੇਕਾਰ ਵਸਤੂਆਂ ਦੀ ਸਦਵਰਤੋਂ ਕਰਕੇ ਸਜਾਵਟੀ ਸਮਾਨ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ।
ਸੰਯੁਕਤ ਰਾਸ਼ਟਰ ਸੰਘ ਵੱਲੋਂ ਇਸ ਕੌਮਾਂਤਰੀ ਯੁਵਕ ਦਿਵਸ ਮੌਕੇ ‘ਭੋਜਨ ਪ੍ਰਣਾਲੀਆਂ ‘ਚ ਬਦਲਾਓ: ‘ਮਨੁੱਖੀ ਤੇ ਗ੍ਰਹਿ ਸਿਹਤ ਲਈ ਯੁਵਾ ਉਦਮਤਾ’ ਦੇ ਰੱਖੇ ਗਏ ਉਦੇਸ਼ ਬਾਰੇ ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਸ੍ਰੀ ਚੰਦਰ ਗੈਂਦ ਨੇ ਕਿਹਾ ਕਿ, ”ਨੌਜਵਾਨ ਸ਼ਕਤੀ ਦਾ ਚੰਗੇ ਪਾਸੇ ਕੀਤਾ ਰੁਖ, ਰਾਸ਼ਟਰ ਨਿਰਮਾਣ ‘ਚ ਅਹਿਮ ਯੋਗਦਾਨ ਪਾ ਸਕਦਾ ਹੈ, ਇਸ ਲਈ ਸਾਡੇ ਨੌਜਵਾਨਾਂ ਨੂੰ ਨਸ਼ਾ ਰਹਿਤ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਗ੍ਰਹਿਣ ਕਰਕੇ ਆਪਣੀ ਖ਼ੁਦ ਦੀ ਸਿਹਤ ਦੇ ਨਾਲ-ਨਾਲ ਆਪਣੀ ਧਰਤੀ ਮਾਂ ਤੇ ਵਾਤਾਵਰਣ ਨੂੰ ਵੀ ਸਵੱਛ ਤੇ ਹਰਿਆ-ਭਰਿਆ ਬਣਾਉਣਾ ਚਾਹੀਦਾ ਹੈ।”
ਡਵੀਜ਼ਨਲ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਤੰਦਰੁਸਤ ਪੰਜਾਬ ਸ਼ੁਰੂ ਕਰਕੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਾ ਰਹਿਤ ਤੇ ਸਿਹਤਮੰਦ ਬਣਾਉਣ ਦਾ ਉਪਰਾਲਾ ਕੀਤਾ, ਇਸੇ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਨੌਜਵਾਨਾਂ ਨੂੰ ਖਾਣ ਪੀਣ ਦੀਆਂ ਚੰਗੀਆਂ ਆਦਤਾਂ, ਖੇਡਾਂ ਅਤੇ ਸਵੱਛਤਾ ਮੁਹਿੰਮ ਨਾਲ ਜੋੜਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਿੱਖਿਆ ਤੇ ਕਿਤਾਬਾਂ ਪੜ੍ਹਨ ਲਈ ਪ੍ਰੇਰਤ ਕਰਨ ਵਾਸਤੇ ਪਟਿਆਲਾ ਦੀ ਵਿਰਾਸਤੀ ਲਾਇਬਰੇਰੀ ‘ਚ ਇਹ ਸਮਾਗਮ ਰੱਖਿਆ ਹੈ। ਸ੍ਰੀ ਚੰਦਰ ਗੈਂਦ ਨੇ ਕਿਹਾ ਕਿ ਧਰਤੀ ਹੇਠਲਾ ਘੱਟ ਰਿਹਾ ਪਾਣੀ ਚਿੰਤਾ ਦਾ ਵਿਸ਼ਾ ਹੈ, ਇਸ ਲਈ ਵਿਦਿਆਰਥੀਆਂ ਨੂੰ ਅੱਜ ਇਸ ਦੇ ਸਮਾਗਮ ਰਾਹੀਂ ਧਰਤੀ ਮਾਂ ਨੂੰ ਬਚਾਉਣ ਲਈ ਸੁਚੇਤ ਕੀਤਾ ਗਿਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਐਸ.ਡੀ.ਐਮ. ਦੁਧਨਸਾਧਾਂ ਅੰਕੁਰਜੀਤ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ., ਆਈ.ਏ.ਐਸ.) ਚੰਦਰਜੋਤੀ ਸਿੰਘ, ਸੈਂਟਰਲ ਸਟੇਟ ਲਾਇਬਰੇਰੀ ਦੇ ਚੀਫ਼ ਲਾਇਬਰੇਰੀਅਨ ਡਾ. ਪ੍ਰਭਜੋਤ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਰਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਮਰਜੀਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜਦਾਨ ਨਹਿਰੂ ਯੁਵਾ ਕੇਂਦਰ ਤੋਂ ਜ਼ਿਲ੍ਹਾ ਯੂਥ ਅਫ਼ਸਰ ਨੇਹਾ ਸ਼ਰਮਾ, ਸੀ.ਡੀ.ਪੀ.ਓ. ਰੇਖਾ ਰਾਣੀ, ਜ਼ਿਲ੍ਹਾ ਵਿਕਾਸ ਫੈਲੋ ਅਰਸ਼ ਡਡਵਾਲ, ਨਗਰ ਨਿਗਮ ਦੇ ਚੀਫ਼ ਸੈਨੇਟਰੀ ਇੰਸਪੈਕਟਰ ਰਾਜੇਸ਼ ਮੱਟੂ, ਪ੍ਰੋਗਰਾਮ ਅਫ਼ਸਰ ਅਮਨਦੀਪ ਸੇਖੋਂ ਤੇ ਮਨਪ੍ਰੀਤ ਬਾਜਵਾ ਸਮੇਤ ਵੱਡੀ ਗਿਣਤੀ ਸਕੂਲੀ ਅਧਿਆਪਕ ਤੇ ਵਿਦਿਆਰਥੀ ਵੀ ਮੌਜੂਦ ਸਨ।
ਇਸ ਦੌਰਾਨ ਡਾ. ਨੈਨਾ ਨੇ ਕੋਵਿਡ ਦੌਰਾਨ ਮੈਂਟਲ ਹੈਲਥ ਬਾਰੇ ਵਿਸ਼ੇਸ਼ ਲੈਕਚਰ ਦਿੱਤਾ। ਬੇਟੀ ਬਚਾੳ ਬੇਟੀ ਪੜ੍ਹਾਓ ਤਹਿਤ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਬਾਰੇ ਕੁਇਜ ਮੁਕਾਬਲਿਆਂ ‘ਚ ਮਨਪ੍ਰੀਤ ਕੌਰ, ਅਰਮਾਨ, ਚੁੰਨੀ ਕੁਮਾਰੀ, ਦੇਵ ਤੇ ਨੱਵਿਆ ਵਿਦਿਆਰਥਣਾਂ ਜੇਤੂ ਰਹੀਆਂ। ਇਸ ਮੌਕੇ ਆਰ-ਸੇਟੀ ਦੀਆਂ ਵਸਤਾਂ ਸਮੇਤ ਹਾਫ ਵੇਅ ਹੋਮ ਰਾਜਪੁਰਾ ਦੇ ਵਿਸ਼ੇਸ਼ ਵਿਦਿਆਰਥੀਆਂ ਨੇ ਆਪਣੇ ਵੱਲੋਂ ਬਣਾਈਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਲਗਾਈ। ਤਾਇਕਵਾਂਡੋ ਕੋਚ ਸੁਖਵਿੰਦਰ ਸਿੰਘ ਦੇ ਵਿਦਿਆਰਥੀਆਂ ਨੇ ਤਾਇਕਵਾਂਡੋ ਅਤੇ ਖੇਡ ਵਿਭਾਗ ਦੇ ਵਿਦਿਆਰਥੀਆਂ ਨੇ ਮੁੱਕੇਬਾਜੀ ਦੇ ਜੌਹਰ ਦਿਖਾਏ। ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਅਤੇ ਏ.ਡੀ.ਸੀ. ਡਾ. ਪ੍ਰੀਤੀ ਯਾਦਵ ਨੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਇਸੇ ਦੌਰਾਨ ਲਾਇਬ੍ਰੇਰੀ ਵਿਖੇ ਬੂਟੇ ਲਗਾਉਣ ਲਈ ਬੀਜਾਂ ਨਾਲ ਬਾਗਬਾਨੀ ਵਿਭਾਗ ਵੱਲੋਂ ਭਰੀਆਂ ਮਿੱਟੀ ਦੀਆਂ ਗੇਂਦਾਂ, ਸ੍ਰੀ ਚੰਦਰ ਗੈਂਦ, ਡਾ. ਪ੍ਰੀਤੀ ਯਾਦਵ, ਸ੍ਰੀ ਗੌਤਮ ਜੈਨ, ਸ੍ਰੀ ਅੰਕੁਰਜੀਤ ਸਿੰਘ ਅਤੇ ਮਿਸ ਚੰਦਰ ਜੋਤੀ ਸਿੰਘ ਵੱਲੋਂ ਵੀ ਬੀਜੀਆਂ ਗਈਆਂ।