???? ਗੰਜਾਪਨ ਦੂਰ ਕਰਨ ਵਾਲਾ ਤੇਲ ਲਵਾਉਂਦਿਆਂ ਹੀ ਲੋਕਾਂ ਦਾ ਹੋਇਆ ਬੁਰਾ ਹਾਲ, ਪਹੁੰਚੇ ਹਸਪਤਾਲ
???? 2 ਵਿਅਕਤੀਆਂ ਖਿਲਾਫ਼ ਕੇਸ ਦਰਜ
ਸੰਗਰੂਰ, 17 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਸੰਗਰੂਰ ਦੇ ਕਾਲੀ ਮਾਤਾ ਮੰਦਿਰ ਵਿੱਚ ਇੱਕ ਸੰਸਥਾ ਵੱਲੋਂ ਸਿਰ ‘ਤੇ ਵਾਲ ਉਗਾਉਣ ਲਈ ਲਾਏ ਗਏ ਕੈਂਪ ਦੌਰਾਨ 20 ਦੇ ਕਰੀਬ ਲੋਕਾਂ ਨੂੰ ਸਿਰ ‘ਤੇ ਤੇਲ ਲਗਾਉਣ ਨਾਲ ਅੱਖਾਂ ਦੀ ਇਨਫੈਕਸ਼ਨ ਹੋ ਗਈ। ਅੱਖਾਂ ਵਿੱਚ ਦਰਦ ਤੋਂ ਪ੍ਰੇਸ਼ਾਨ ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪੁੱਜੇ, ਜਿੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ। ਜ਼ਿਕਰਯੋਗ ਹੈ ਕਿ ਇਸ ਕੈਂਪ ਲਈ ਪ੍ਰਸ਼ਾਸਨ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ।

ਐਸਡੀਐਮ ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਕੈਂਪ ਪ੍ਰਬੰਧਕਾਂ ਨੇ ਕੋਈ ਪ੍ਰਵਾਨਗੀ ਨਹੀਂ ਲਈ ਸੀ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਕਾਲੀ ਮਾਤਾ ਮੰਦਰ ‘ਚ ਗੰਜੇਪਨ ਨੂੰ ਦੂਰ ਕਰਨ ਲਈ ਕੈਂਪ ਲਗਾਇਆ ਗਿਆ। ਇਸ ਮੌਕੇ ਸੰਗਰੂਰ ਦੇ ਨਾਲ-ਨਾਲ ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਪੁੱਜੇ। ਜਿਵੇਂ ਹੀ ਸਿਰ ‘ਤੇ ਤੇਲ ਲਗਾਇਆ ਜਾਂਦਾ ਹੈ, ਲੋਕਾਂ ਦੀਆਂ ਅੱਖਾਂ ਸੁੱਜ ਜਾਂਦੀਆਂ ਹਨ, ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਦਰਦ ਸ਼ੁਰੂ ਹੋ ਜਾਂਦਾ ਹੈ।
ਦਰਦ ਤੋਂ ਦੁਖੀ ਲੋਕ ਸਰਕਾਰੀ ਹਸਪਤਾਲ ਵੱਲ ਭੱਜੇ। ਐਮਰਜੈਂਸੀ ਰੂਮ ਵਿੱਚ ਲੋਕਾਂ ਦੀ ਗਿਣਤੀ ਲਗਾਤਾਰ ਵਧਣ ਲੱਗੀ। ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਮੁਤਾਬਕ ਹੁਣ ਤੱਕ 65 ਲੋਕ ਆਪਣਾ ਇਲਾਜ ਕਰਵਾ ਕੇ ਵਾਪਸ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਮੁੜ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾਣ ਦੀ ਸਲਾਹ ਦਿੱਤੀ ਗਈ ਹੈ।
