ਪਟਿਆਲਾ, 6 ਮਈ – ਨਿਊਜ਼ਲਾਈਨ ਐਕਸਪ੍ਰੈਸ – ਭਾਰਤ ਵੱਲੋਂ ਪਾਕਿਸਤਾਨ ਨਾਲ ਵਧਦੇ ਤਣਾਅ ਦੇ ਵਿਚਾਲੇ ਜੰਗ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਭਾਰਤ ਵੱਲੋਂ 7 ਮਈ ਨੂੰ ਵੱਡੀ ਮੌਕ ਡਰਿੱਲ ਕੀਤੀ ਜਾਵੇਗੀ। ਪੰਜਾਬ ਦੀਆਂ 20 ਥਾਵਾਂ ’ਚ ਸਿਵਲ ਡਿਫੈਂਸ ਡਰਿੱਲ ਕੀਤੀ ਜਾਵੇਗੀ। ਇਹ ਮੌਕ ਡਰਿੱਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਕੀਤੀ ਜਾਵੇਗੀ।
ਦੱਸ ਦਈਏ ਕਿ ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ, ਭਾਰਤ 7 ਮਈ ਨੂੰ 244 ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਦਾ ਆਯੋਜਨ ਕਰਨ ਜਾ ਰਿਹਾ ਹੈ। ਇਸਦਾ ਉਦੇਸ਼ ਨਾਗਰਿਕਾਂ ਨੂੰ ਜੰਗ ਜਾਂ ਆਫ਼ਤ ਦੀ ਸਥਿਤੀ ਵਿੱਚ ਬਚਾਅ ਅਤੇ ਪ੍ਰਤੀਕਿਰਿਆ ਸੰਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਹੈ। ਇਹ ਅਭਿਆਸ 1971 ਤੋਂ ਬਾਅਦ ਪਹਿਲੀ ਵਾਰ ਇੰਨੇ ਵੱਡੇ ਪੱਧਰ ‘ਤੇ ਹੋ ਰਿਹਾ ਹੈ। ਇਹ ਮੌਕ ਡ੍ਰਿਲ ਜੰਮੂ ਅਤੇ ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਵਰਗੇ ਸਰਹੱਦੀ ਰਾਜਾਂ ਦੇ ਜ਼ਿਲ੍ਹਿਆਂ ਵਿੱਚ ਕੀਤੀ ਜਾਵੇਗੀ।
ਗ੍ਰਹਿ ਮੰਤਰਾਲੇ ਦੇ ਅਨੁਸਾਰ ਇਹ ਅਭਿਆਸ ਜ਼ਰੂਰੀ ਹੈ ਤਾਂ ਜੋ ਨਾਗਰਿਕਾਂ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਸਾਇਰਨ, ਅਲਰਟ ਸਿਸਟਮ ਅਤੇ ਬਚਾਅ ਤਰੀਕਿਆਂ ਬਾਰੇ ਵਿਹਾਰਕ ਜਾਣਕਾਰੀ ਦਿੱਤੀ ਜਾ ਸਕੇ। ਇਸ ਰਾਹੀਂ, ਸਿਵਲ ਡਿਫੈਂਸ ਦੀ ਭੂਮਿਕਾ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਜੰਗ ਵਰਗੀਆਂ ਸਥਿਤੀਆਂ ਵਿੱਚ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ।
ਮੌਕ ਡਰਿੱਲ ਵਿਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਹੋਮ ਗਾਰਡ, ਸਿਵਲ ਡਿਫੈਂਸ ਵਾਰਡਨ, ਸਕੂਲ-ਕਾਲਜ ਦੇ ਵਿਦਿਆਰਥੀ, ਐਨਸੀਸੀ, ਐਨਐਸਐਸ ਅਤੇ ਐਨਵਾਈਕੇਐਸ ਦੇ ਮੈਂਬਰ ਸਥਾਨਕ ਲੋਕ ਅਤੇ ਸਵੈ-ਸੇਵੀ ਸੰਗਠਨ ਹਿੱਸਾ ਲੈਣਗੇ।
ਇਨ੍ਹਾਂ 20 ਥਾਵਾਂ ’ਤੇ ਸ਼ਾਮ 4 ਵਜੇ ਦੇ ਕਰੀਬ ਹੋਵੇਗੀ ਮੌਕ ਡਰਿੱਲ
ਅੰਮ੍ਰਿਤਸਰ
ਬਠਿੰਡਾ
ਪਟਿਆਲਾ
ਫਿਰੋਜ਼ਪੁਰ
ਗੁਰਦਾਸਪੁਰ
ਕੋਟਕਪੂਰਾ
ਬਟਾਲਾ
ਮੁਹਾਲੀ
ਅਬੋਹਰ
ਆਦਮਪੁਰ
ਬਰਨਾਲਾ
ਨੰਗਲ
ਹਲਵਾਰਾ
ਹੁਸ਼ਿਆਰਪੁਰ
ਜਲੰਧਰ
ਪਠਾਨਕੋਟ
ਲੁਧਿਆਣਾ
ਸੰਗਰੂਰ
ਰੋਪੜ
ਫਰੀਦਕੋਟ
