???? ਕਰੈਸ਼ ਬਲੈਕਆਉਟ ਡ੍ਰਿਲ; ਪਟਿਆਲਾ ਜ਼ਿਲ੍ਹੇ ‘ਚ ਬੰਦ ਰਹੀਆਂ ਲਾਈਟਾਂ
ਪਟਿਆਲਾ, 7 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹੇ ਨੇ ਬੁੱਧਵਾਰ ਨੂੰ ਸਿਵਲ ਡਿਫੈਂਸ ਉਪਾਅ ਦੇ ਹਿੱਸੇ ਵਜੋਂ ਰਾਤ 9 ਵਜੇ ਤੋਂ 9:10 ਵਜੇ ਤੱਕ ਕਰੈਸ਼ ਬਲੈਕਆਉਟ ਅਭਿਆਸ ਕੀਤਾ, ਜਿਸ ਦੌਰਾਨ ਲਾਈਟਾਂ ਬੰਦ ਰੱਖੀਆਂ ਗਈਆਂ।ਜਦਕਿ ਅਰਬਨ ਅਸਟੇਟ ਵਿਖੇ ਬਲੈਕ ਆਊਟ ਰਾਤ 9 ਵਜੇ ਤੋਂ 9:30 ਵਜੇ ਤੱਕ ਲਾਈਟ ਬੰਦ ਰਹੀ।
ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਦਾ ਦੌਰਾ ਕਰਕੇ ਦੇਖਿਆ ਕਿ ਕਈ ਥਾਂਵਾਂ ਵਿਖੇ ਲੋਕਾਂ ਦੀਆਂ ਇਨਵਰਟਰ ਅਤੇ ਜੈਨਰੇਟਰ ਵਾਲੀਆਂ ਲਾਈਟਾਂ ਲਗਾਈਆਂ ਹੋਈਆਂ ਸਨ, ਭਾਵੇਂ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਸਨ ਪਰ ਉਂਨਾ ਦੇ ਮਸ਼ਹੂਰੀ ਬੋਰਡ ਜੱਗ ਰਹੇ ਸਨ, ਜਿਸ ਕਾਰਨ ਖਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਆਵਾਜਾਈ ਵੀ ਜਾਰੀ ਰਹੀ ਪਰ ਦੇਖਣ ਵਿੱਚ ਆਇਆ ਕਿ ਗੱਡੀਆਂ ਦੀਆਂ ਲਾਈਟਾਂ ਵੀ ਲੋਕਾਂ ਨੇ ਬੰਦ ਨਹੀਂ ਕੀਤੀਆਂ ਜਦਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਇਸ ਬਾਰੇ ਸਲਾਹਕਾਰੀ ਜਾਰੀ ਕੀਤੀ ਗਈ ਸੀ।
ਪ੍ਰੀਤੀ ਯਾਦਵ ਨੇ ਕਿਹਾ ਕਿ ਬਲੈਕਆਉਟ ਡ੍ਰਿਲ ਪਹਿਲਾਂ ਰੇਲਵੇ ਸਟੇਸ਼ਨ ਵਿਖੇ ਕੀਤੀ ਗਈ ਇੱਕ ਮੌਕ ਡ੍ਰਿਲ ਤੋਂ ਬਾਅਦ ਦੂਸਰੇ ਪੜਾਅ ਤਹਿਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਭਿਆਸ ਦਾ ਉਦੇਸ਼ ਸੰਭਾਵੀ ਹਵਾਈ ਹਮਲਿਆਂ ਜਾਂ ਯੁੱਧ ਵਰਗੀਆਂ ਸਥਿਤੀਆਂ ਦੌਰਾਨ ਐਮਰਜੈਂਸੀ ਪ੍ਰਤੀਕਿਰਿਆ ਲਈ ਵਸਨੀਕਾਂ ਨੂੰ ਤਿਆਰ ਕਰਨਾ ਸੀ।
ਪ੍ਰੋਟੋਕੋਲ ਬਾਰੇ ਦੱਸਦੇ ਹੋਏ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ, ਸਾਰੀਆਂ ਲਾਈਟਾਂ, ਇਨਵਰਟਰ ਅਤੇ ਜਨਰੇਟਰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ। ਇਥੋਂ ਤੱਕ ਕਿ ਆਟੋ-ਆਨ ਸੋਲਰ/ਸੀ ਸੀ ਟੀ ਵੀ ਲਾਈਟਾਂ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਵਾਹਨਾਂ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰਕੇ, ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਹਵਾਈ ਹਮਲਿਆਂ ਦੌਰਾਨ ਸੰਭਾਵੀ ਟਾਰਗੇਟ ਬਣਨ ਤੋਂ ਬਚਣ ਲਈ ਕਰੈਸ਼ ਬਲੈਕਆਉਟ ਇੱਕ ਮਹੱਤਵਪੂਰਨ ਐਮਰਜੈਂਸੀ ਉਪਾਅ ਸਮਝਿਆ ਜਾਂਦਾ ਹੈ।
ਡਾ ਪ੍ਰੀਤੀ ਯਾਦਵ ਨੇ ਉੱਚੀਆਂ ਇਮਾਰਤਾਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਹਵਾਈ ਹਮਲੇ ਦੀ ਸਥਿਤੀ ਵਿੱਚ ਜ਼ਮੀਨੀ ਮੰਜ਼ਿਲਾਂ ਜਾਂ ਭੂਮੀਗਤ ਆਸਰਾ ਸਥਾਨਾਂ ਵਿੱਚ ਜਾਣ ਦੀ ਸਲਾਹ ਵੀ ਦਿੱਤੀ। ਜਿਨ੍ਹਾਂ ਲੋਕਾਂ ਨੂੰ ਤੁਰੰਤ ਕੋਈ ਆਸਰਾ ਨਹੀਂ ਮਿਲਦਾ, ਉਨ੍ਹਾਂ ਨੂੰ ਦਰੱਖਤਾਂ ਹੇਠ ਸਹਾਰਾ ਲੈਣ ਦੀ ਸਲਾਹ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਜਿਹੀਆਂ ਹੰਗਾਮੀ ਹਾਲਤਾਂ ਨਾਲ ਨਜਿੱਠਣ ਦਾ ਅਭਿਆਸ ਕੀਤਾ ਹੋਵੇਗਾ ਤਾਂ ਸਾਨੂੰ ਇਸ ਦਾ ਸਵੈ ਰੱਖਿਆ ਦੌਰਾਨ ਵੱਡਾ ਲਾਭ ਮਿਲੇਗਾ।
ਇਸ ਤੋਂ ਇਲਾਵਾ, ਡਿਪਟੀ ਕਮਿਸ਼ਨਰ ਨੇ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਅਤੇ ਭੜਕਾਊ ਸੰਦੇਸ਼ ਫੈਲਾਉਣ ਵਿਰੁੱਧ ਚਿਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਸਾਨੂੰ ਗੈਰ-ਪ੍ਰਮਾਣਿਤ ਸੰਦੇਸ਼ਾਂ ਨੂੰ ਅੱਗੇ ਭੇਜਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਦਹਿਸ਼ਤ ਫੈਲਾ ਸਕਦੇ ਹਨ ਅਤੇ ਸਮਾਜਿਕ ਸਦਭਾਵਨਾ ਨੂੰ ਵਿਗਾੜ ਸਕਦੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਦੇ ਸਾਈਬਰ ਸੈੱਲ ਨੂੰ ਅਫਵਾਹਾਂ ਦੇ ਫੈਲਾਅ ਦੀ ਨਿਗਰਾਨੀ ਅਤੇ ਰੋਕਥਾਮ ਲਈ ਅਲਰਟ ‘ਤੇ ਰੱਖਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਅਜਿਹੀ ਐਡਵਾਈਜਰੀ ਜਾਰੀ ਕੀਤੀ ਜਾਂਦੀ ਹੈ ਤਾਂ ਉਹ ਲੋਕਾਂ ਦੀ ਸੁਰੱਖਿਆ ਲਈ ਹੀ ਹੁੰਦੀ ਹੈ ਇਸ ਲਈ ਲੋਕਾਂ ਨੂੰ ਇਸ ਦੀ ਪਾਲਣਾ ਗੰਭੀਰਤਾ ਨਾਲ ਕਰਨੀ ਚਾਹੀਦੀ ਹੈ। Newsline Express
