???? ਸਿਰਫ਼ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ
ਪਟਿਆਲਾ, 29 ਜੂਨ: ਨਿਊਜ਼ਲਾਈਨ ਐਕਸਪ੍ਰੈਸ – ਰਜਿੰਦਰਾ ਹਸਪਤਾਲ ਵਿੱਚ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ (RDA) ਅਤੇ ਇੰਟਰਨਜ਼ ਵੱਲੋਂ 30 ਜੂਨ ਤੋਂ ਓਪੀਡੀ ਅਤੇ ਇਲੈਕਟਿਵ ਓਟੀ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਹੈ, ਜਿਸਨੂੰ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (PCMSA) ਵੱਲੋਂ ਵੀ ਪੂਰਾ ਸਮਰਥਨ ਮਿਲਿਆ ਹੈ। ਹੜਤਾਲ ਦੀ ਮੀਟਿੰਗ ਦੌਰਾਨ ਡਾਕਟਰਾਂ ਨੇ ਸਰਕਾਰ ਵੱਲੋਂ ਤਨਖਾਹਾਂ, ਵਜ਼ੀਫ਼ਿਆਂ ਅਤੇ ਭੱਤਿਆਂ ਸਬੰਧੀ ਮਸਲਿਆਂ ਨੂੰ ਨਜਰਅੰਦਾਜ਼ ਕਰਨ ‘ਤੇ ਨਾਰਾਜ਼ਗੀ ਜ਼ਾਹਰ ਕੀਤੀ।
ਡਾਕਟਰਾਂ ਦੀਆਂ ਮੰਗਾਂ ਵਿੱਚ ਵਜ਼ੀਫ਼ਾ ਵਧਾਉਣਾ, ਇਸਨੂੰ ਮਹਿੰਗਾਈ ਭੱਤੇ ਨਾਲ ਜੋੜਨਾ, ਨਾਨ-ਪ੍ਰੈਕਟਿਸਿੰਗ ਅਲਾਉਅੰਸ ਦੀ ਬਹਾਲੀ ਅਤੇ ਤਨਖਾਹਾਂ ਵਿੱਚ ਸਾਲਾਨਾ ਵਾਧਾ ਸ਼ਾਮਲ ਹਨ। ਇਸ ਦੇ ਨਾਲ ਹੀ, ਪੋਸਟ-ਪੀਜੀ ਡਾਕਟਰਾਂ ਨੂੰ ਤਨਖਾਹ ਨਾ ਮਿਲਣ ਦੀ ਸਮੱਸਿਆ ਅਤੇ ਮੈਡੀਕਲ ਅਧਿਐਨ ਨਾਲ ਸੰਬੰਧਤ ਥੀਸਿਸ ਫੀਸ ਅਤੇ ਅੰਕੜਾ ਫੀਸ ਵਰਗੀਆਂ ਗੈਰ-ਕਾਨੂੰਨੀ ਵਸੂਲੀਆਂ ਨੂੰ ਲੈ ਕੇ ਵੀ ਡਾਕਟਰਾਂ ਨੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਨੇ ਗੈਰ-ਸੰਵਿਧਾਨਕ ਬਾਂਡ ਨੀਤੀ ਅਤੇ ਫੀਸ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਹੜਤਾਲ ਦੌਰਾਨ, ਡਾਕਟਰਾਂ ਨੇ ਆਮ ਜਨਤਾ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਐਮਰਜੈਂਸੀ ਸੇਵਾਵਾਂ ਚਾਲੂ ਰੱਖਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਐਮਰਜੈਂਸੀ, ਟਰੌਮਾ ਕੇਅਰ, ਡਾਇਲਸਿਸ, ਬਲੱਡ ਬੈਂਕ, ਓਨਕੋਲੋਜੀ ਅਤੇ ਮਾਤਾ-ਬੱਚਾ ਸੇਵਾਵਾਂ ਸ਼ਾਮਲ ਹਨ। ਡਾਕਟਰਾਂ ਨੇ ਕਿਹਾ ਕਿ ਜੇਕਰ ਸਰਕਾਰ ਗੈਰ-ਸੰਵਿਧਾਨਕ ਨੀਤੀਆਂ ਵਾਪਸ ਲੈਂਦੀ ਹੈ ਤਾਂ ਇਲੈਕਟਿਵ ਓਟੀ ਸੇਵਾਵਾਂ ਤੁਰੰਤ ਬਹਾਲ ਕਰ ਦਿੱਤੀਆਂ ਜਾਣਗੀਆਂ, ਪਰ ਓਪੀਡੀ ਸੇਵਾਵਾਂ ਤਦ ਤੱਕ ਬੰਦ ਰਹਿਣਗੀਆਂ ਜਦ ਤੱਕ ਸਰਕਾਰ ਸਾਰੀਆਂ ਮੰਗਾਂ ‘ਤੇ ਠੋਸ ਕਾਰਵਾਈ ਨਹੀਂ ਕਰਦੀ।
