–ਮਾਵਾਂ, ਬੱਚਿਆਂ ਅਤੇ ਲੜਕੀਆਂ ਵਿੱਚੋਂ ਕੁਪੋਸ਼ਣ, ਅਨੀਮੀਆ ਅਤੇ ਹੋਰ ਸਿਹਤ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਟੀਚਾ
ਪਟਿਆਲਾ, 1 ਸਤੰਬਰ:
ਮਾਵਾਂ ਅਤੇ ਬੱਚਿਆਂ ਵਿੱਚੋਂ ਕੁਪੋਸ਼ਣ, ਅਨੀਮੀਆ ਅਤੇ ਹੋਰ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਮਕਸਦ ਨਾਲ ਸਤੰਬਰ ਮਹੀਨੇ ਨੂੰ ‘ਪੋਸ਼ਣ ਮਾਂਹ’ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮਹੀਨੇ ਦੌਰਾਨ ਪਟਿਆਲਾ ਜ਼ਿਲ੍ਹੇ ਅਧੀਨ ਆਉਂਦੇ ਸਾਰੇ ਬਲਾਕਾਂ ਵਿੱਚ ਵੱਖ-ਵੱਖ ਸਾਧਨਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਨਰੇਸ਼ ਕੰਬੋਜ ਨੇ ਦੱਸਿਆ ਕਿ ਇਸ ਪੂਰੇ ਮਹੀਨੇ ਦੌਰਾਨ ਔਰਤਾਂ ਨੂੰ ਨਵਜਾਤ ਬੱਚਿਆਂ ਦੀ ਸੰਭਾਲ, ਪੌਸ਼ਟਿਕ ਆਹਾਰ, ਅਨੀਮੀਆ ਤੋਂ ਬਚਾਅ, ਡਾਇਰੀਆ ਤੋਂ ਬਚਾਅ, ਹੱਥ ਧੋਣ ਦੀ ਸਹੀ ਵਿਧੀ ਅਤੇ ਸਾਫ਼ ਸੁਥਰੇ ਆਲੇ-ਦੁਆਲੇ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਸਬੰਧੀ ਮਾਵਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ, ਬੱਚਿਆਂ ਦਾ ਭਾਰ ਤੋਲਿਆ ਜਾਵੇਗਾ, ਪੌਸ਼ਟਿਕ ਆਹਾਰ ਬਾਰੇ ਸੈਮੀਨਾਰ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ 1 ਤੋਂ 7 ਸਤੰਬਰ ਤੱਕ ’ਪੋਸ਼ਣ ਵਾਟਿਕਾ’ ਤੇ ਰਸੋਈ ਗਾਰਡਨ ਸਥਾਪਤ ਕੀਤੇ ਜਾਣਗੇ ਅਤੇ ਗਰਭਵਤੀ ਔਰਤਾਂ ਲਈ ਪੌਸ਼ਟਿਕ ਭੋਜਨ ਬਾਰੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ ਦੂਸਰੇ ਹਫ਼ਤੇ 8 ਤੋ 15 ਸਤੰਬਰ ਤੱਕ ਯੋਗਾ ਸੈਸ਼ਨ ਤੇ ਵਿਅੰਜਨ ਮੁਕਾਬਲੇ ਸਮੇਤ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਤੀਜੇ ਹਫ਼ਤੇ 16 ਤੋ 23 ਸਤੰਬਰ ਤੱਕ ’ਖੇਤਰੀ ਪੋਸਣ ਕਿੱਟਾਂ’ ਦੀ ਵੰਡ ਕੀਤੀ ਜਾਵੇਗੀ ਤੇ ਸਥਾਨਕ ਭੋਜਨ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 24 ਤੋ 30 ਸਤੰਬਰ ਤੱਕ ਗਰਭਵਤੀ ਔਰਤਾਂ ਲਈ ਕੁਇਜ਼ ਮੁਕਾਬਲੇ ਤੇ ਕੁਪੋਸ਼ਣ ਦੇ ਮੁੱਦਿਆਂ ਸਬੰਧੀ ਈ ਕੁਇਜ਼ ਮੁਕਾਬਲੇ ਕਰਵਾਏ ਜਾਣਗੇ।