???? ਠੱਗੀਆਂ ਮਾਰ ਕੇ ਕਿਵੇਂ ਝੁੱਗੀ ਵਾਲਾ ਬਣਿਆ ਕਰੋੜਾਂ ਦੀਆਂ ਸੰਪਤੀਆਂ ਦਾ ਮਾਲਕ
???? ED ਦੀ ਚਾਰ ਸਾਲਾਂ ਦੀ ਜਾਂਚ ਤੋਂ ਬਾਅਦ ਫਾਈਨੈਂਸਰ ਰਾਮਲਾਲ ਦੀ 11 ਕਰੋੜ ਦੀ ਸੰਪਤੀ ਕੁਰਕ, ਕਈ ਇਲਾਕਿਆਂ ‘ਚ ਫੈਲਿਆ ਜਾਇਦਾਦ ਜਾਲ ਬੇਨਕਾਬ
ਚੰਡੀਗੜ੍ਹ, 24 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਫਾਈਨੈਂਸਰ ਰਾਮਲਾਲ ਨਾਲ ਜੁੜੀ ਲਗਭਗ 11 ਕਰੋੜ ਰੁਪਏ ਦੀ ਅਚਲ ਸੰਪਤੀ ਕੁਰਕ ਕੀਤੀ ਗਈ ਹੈ। ਇਹ ਕਾਰਵਾਈ ਕਰੀਬ ਚਾਰ ਸਾਲਾਂ ਤੱਕ ਚੱਲੀ ਮਨੀ ਲਾਂਡਰਿੰਗ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ।
ED ਅਨੁਸਾਰ, ਰਾਮਲਾਲ ਖ਼ਿਲਾਫ਼ ਪਹਿਲਾਂ 11 ਕਰੋੜ ਰੁਪਏ ਦੀ ਠੱਗੀ ਦੇ ਦੋ ਕੇਸ ਦਰਜ ਸਨ, ਜਿਸ ਤੋਂ ਬਾਅਦ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਏਜੰਸੀ ਵੱਲੋਂ ਮਾਮਲੇ ਸੰਬੰਧੀ ਸਪੈਸ਼ਲ ਕੋਰਟ ਵਿੱਚ ਚਾਰਜਸ਼ੀਟ ਵੀ ਪੇਸ਼ ਕੀਤੀ ਜਾ ਚੁੱਕੀ ਹੈ।
ਜਾਂਚ ਵਿੱਚ ਸਾਹਮਣੇ ਆਈਆਂ ਰਾਮਲਾਲ ਨਾਲ ਜੁੜੀਆਂ ਸੰਪਤੀਆਂ
ED ਦੀ ਜਾਂਚ ਦੌਰਾਨ ਰਾਮਲਾਲ ਅਤੇ ਉਸਦੇ ਪਰਿਵਾਰ ਦੇ ਨਾਂ ‘ਤੇ ਹੇਠ ਲਿਖੀਆਂ ਸੰਪਤੀਆਂ ਸਾਹਮਣੇ ਆਈਆਂ ਹਨ —
ਮਕਾਨ, ਕੋਠੀ ਅਤੇ ਫਲੈਟ
ਸੈਕਟਰ-63 ਵਿੱਚ ਟੂ-ਬੀਐਚਕੇ ਫਲੈਟ
ਸੈਕਟਰ-47ਡੀ ਵਿੱਚ ਮਕਾਨ
ਸੈਕਟਰ-46ਏ ਵਿੱਚ ਕੋਠੀ
ਸੈਕਟਰ-45ਏ ਵਿੱਚ ਐਮਆਈਜੀ ਫਲੈਟ
ਜੀਰਕਪੁਰ ਦੇ ਆਈਵਰੀ ਵਿਲੇਜ਼ ਵਿੱਚ ਫਲੈਟ
ਰਾਮਦਰਬਾਰ ਕਾਲੋਨੀ ਵਿੱਚ ਮਕਾਨ ਨੰਬਰ 1248, 880, 1124, 1356 ਅਤੇ 1234
ਖੇਤੀਬਾੜੀ ਦੀ ਜ਼ਮੀਨ —
ਖੁਡਾ ਅਲੀਸ਼ੇਰ ਵਿੱਚ 7 ਕਨਾਲ 18 ਮਰਲੇ
ਖਰੜ ਵਿੱਚ ਲਗਭਗ 2420 ਗਜ਼ (ਕਰੀਬ 4 ਕਨਾਲ)
ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ (ਪੰਜਾਬ) ਵਿੱਚ 17 ਕਨਾਲ 15 ਮਰਲੇ
ED ਮੁਤਾਬਕ, ਇਹ ਸੰਪਤੀਆਂ ਅਪਰਾਧੀ ਆਮਦਨ ਨਾਲ ਖਰੀਦੀਆਂ ਗਈਆਂ ਦੱਸੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਕੁਰਕ ਕਰ ਲਿਆ ਗਿਆ ਹੈ। ਏਜੰਸੀ ਦਾ ਕਹਿਣਾ ਹੈ ਕਿ ਇਹ ਸਿਰਫ਼ ਨਾਮੀ ਸੰਪਤੀਆਂ ਹਨ, ਜਦਕਿ ਬੇਨਾਮੀ ਸੰਪਤੀਆਂ ਦੀ ਜਾਂਚ ਹਾਲੇ ਵੀ ਜਾਰੀ ਹੈ।
ਬਿਨਾਂ ਰਜਿਸਟ੍ਰੇਸ਼ਨ ਤੇ ਲਾਇਸੈਂਸ ਚੱਲ ਰਿਹਾ ਸੀ ਕਾਰੋਬਾਰ
ED ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਰਾਮਲਾਲ ‘ਚੌਧਰੀ ਪ੍ਰਾਪਰਟੀਜ਼’ ਦੇ ਨਾਂ ਹੇਠ ਫਾਈਨੈਂਸ ਅਤੇ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ, ਪਰ ਇਹ ਫਰਮ ਪੰਜੀਕ੍ਰਿਤ ਨਹੀਂ ਸੀ। ਉਸਦੇ ਪੁੱਤਰ ਅਮਿਤ ਕੁਮਾਰ ਨੇ ਵੀ ਬਿਨਾਂ ਲਾਇਸੈਂਸ ਫਾਈਨੈਂਸ ਅਤੇ ਹੋਰ ਕਾਰੋਬਾਰ ਕਰਨ ਦੀ ਗੱਲ ਸਵੀਕਾਰ ਕੀਤੀ ਹੈ।
ਜਾਂਚ ਦੌਰਾਨ ਰਾਮਲਾਲ ਦੇ 10 ਬੈਂਕ ਖਾਤੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕਰੀਬ 4.21 ਕਰੋੜ ਰੁਪਏ ਜਮ੍ਹਾਂ ਹੋਣ ਦੀ ਜਾਣਕਾਰੀ ਮਿਲੀ ਹੈ।
ED ਵੱਲੋਂ ਦੱਸਿਆ ਗਿਆ ਹੈ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਹੋਰ ਸੰਪਤੀਆਂ ਤੇ ਲੈਣ-ਦੇਣ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
*Newsline Express*
