???? ਮਾਮਲਾ ਅੱਧੀ ਰਾਤ ਨੂੰ ਮੁਲਾਜ਼ਮ ਪ੍ਰਧਾਨ ਦੀ ਗਿਰਫ਼ਤਾਰੀ ਦਾ …. ….
???? ਸੂਬੇ ਭਰ ਦੇ ਡੀ.ਸੀ. ਦਫਤਰਾਂ ਵਿੱਚ ਮੁੜ ਮੁਕੰਮਲ ਕੰਮ ਬੰਦ
???? ਕੱਲ੍ਹ ਹੋਵੇਗਾ ਐਸ.ਐਸ.ਪੀ. ਦਿਹਾਤੀ ਅੰਮ੍ਰਿਤਸਰ ਦੇ ਦਫਤਰ ਦਾ ਘਿਰਾਓ
???? ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ, ਜੰਡਿਆਲਾ ਥਾਣੇ ਬਾਹਰ ਇਕੱਠੇ ਹੌ ਕੇ ਪ੍ਰਦਰਸ਼ਨ ਕਰਨ ਦਾ ਐਲਾਨ
???? ਸ਼ਾਮ ਤੱਕ ਰਿਹਾਈ ਨਾ ਹੋਈ ਤਾਂ ਵੱਡੇ ਸੰਘਰਸ਼ ਦੀ ਚੇਤਾਵਨੀ
???? ਮੁਲਾਜ਼ਮਾਂ ਦੀ ਕਲਮਛੋੜ ਹੜਤਾਲ ਤੇਜ਼
???? ਪਟਿਆਲਾ ਸਮੇਤ ਸੂਬੇ ਭਰ ਦੇ ਡੀ.ਸੀ. ਦਫਤਰਾਂ ਵਿੱਚ ਕੰਮ ਬੰਦ, ਸਰਕਾਰ ਖਿਲਾਫ਼ ਕੀਤੀ ਨਾਰੇਬਾਜ਼ੀ
ਪਟਿਆਲਾ, 16 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਟੇਟ ਮਿਨਿਸਟੀਰੀਅਲ ਸਰਵਿਸਿਜ਼ ਯੂਨੀਅਨ (PSMSU) ਅਤੇ ਡੀ.ਸੀ. ਦਫਤਰ ਕਰਮਚਾਰੀ ਯੂਨੀਅਨਾਂ ਦੇ ਸੱਦੇ ’ਤੇ ਅੱਜ ਸੂਬੇ ਭਰ ਦੇ ਡੀ.ਸੀ. ਦਫਤਰਾਂ ਵਿੱਚ ਮੁਲਾਜ਼ਮਾਂ ਨੇ ਮੁਕੰਮਲ ਕਲਮਛੋੜ ਹੜਤਾਲ ਕਰਦੇ ਹੋਏ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟਾਇਆ। ਇਹ ਰੋਸ ਕੁੱਝ ਦਿਨ ਪਹਿਲਾਂ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਮੁੱਖ ਸਲਾਹਕਾਰ ਸ੍ਰੀ ਤਜਿੰਦਰ ਸਿੰਘ ਨੰਗਲ ਨੂੰ ਅੱਧੀ ਰਾਤ ਘਰ ਤੋਂ ਗ੍ਰਿਫਤਾਰ ਕਰਕੇ ਹਵਾਲਾਤ ਵਿੱਚ ਬੰਦ ਕਰਨ ਦੇ ਵਿਰੋਧ ਵਿੱਚ ਕੀਤਾ ਗਿਆ।
ਮੁਲਾਜ਼ਮ ਆਗੂਆਂ ਨੇ ਦੱਸਿਆ ਕਿ 8 ਮਾਰਚ ਨੂੰ ਮੋਹਾਲੀ ਵਿਖੇ ਮੁਲਾਜ਼ਮਾਂ ਉੱਤੇ ਹੋਏ ਪੁਲਿਸ ਤਸ਼ੱਦਦ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਕਰਨ ਲਈ ਯੂਨੀਅਨ ਆਗੂ ਜਲੰਧਰ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ। ਇਸ ਦੌਰਾਨ ਜਲੰਧਰ ਪੁਲਿਸ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਆਸਵਾਸਨ ਵੀ ਦਿੱਤਾ ਗਿਆ ਸੀ, ਪਰ ਇਸਦੇ ਉਲਟ ਰਾਤ ਕਰੀਬ 12 ਵਜੇ ਸ੍ਰੀ ਤਜਿੰਦਰ ਸਿੰਘ ਨੰਗਲ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕਰਕੇ ਜੰਡਿਆਲਾ ਥਾਣੇ ਦੀ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ।

ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਗ੍ਰਿਫਤਾਰੀ ਦੌਰਾਨ ਪੁਲਿਸ ਵੱਲੋਂ ਪਰਿਵਾਰ ਦੀਆਂ ਮਹਿਲਾਵਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਬੱਚਿਆਂ ਨਾਲ ਵੀ ਮਾੜਾ ਵਤੀਰਾ ਕੀਤਾ ਗਿਆ, ਜਿਸ ਦੀ ਜਥੇਬੰਦੀ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।
ਇਸ ਘਟਨਾ ਦੇ ਰੋਸ ਵਜੋਂ ਅੱਜ ਸੂਬੇ ਭਰ ਦੇ ਡੀ.ਸੀ. ਦਫਤਰਾਂ ਵਿੱਚ ਮੁਲਾਜ਼ਮਾਂ ਨੇ ਦਫਤਰੀ ਕੰਮ ਮੁਕੰਮਲ ਤੌਰ ’ਤੇ ਬੰਦ ਰੱਖਿਆ ਅਤੇ ਸਰਕਾਰ ਖਿਲਾਫ਼ ਨਾਰੇਬਾਜ਼ੀ ਕੀਤੀ। ਜਥੇਬੰਦੀ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਤਜਿੰਦਰ ਸਿੰਘ ਨੰਗਲ ਨੂੰ ਰਿਹਾ ਨਹੀਂ ਕੀਤਾ ਜਾਂਦਾ, ਤਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਪ੍ਰੋਟੇਸਟ ਤੋਂ ਬਾਅਦ ਤਜਿੰਦਰ ਸਿੰਘ ਨੰਗਲ ਨੂੰ ਰਿਹਾ ਕੀਤਾ ਗਿਆ ਸੀ।

ਹੁਣ ਕਰਮਚਾਰੀਆਂ ਦੀ ਮੰਗ ਹੈ ਕਿ ਸਾਡੇ ਆਗੂ ਨੂੰ ਅੱਧੀ ਰਾਤ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਕੀਤੀ ਗਿਰਫ਼ਤਾਰੀ ਦੇ ਦੋਸ਼ੀ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਉਪਰੋਕਤ ਮਾਮਲੇ ਸਬੰਧੀ ਹੁਣ ਕੱਲ੍ਹ ਕਈ ਜ਼ਿਲ੍ਹਿਆਂ ਦੇ ਕਰਮਚਾਰੀ ਜੰਡਿਆਲਾ ਥਾਣੇ ਦੇ ਬਾਹਰ ਇਕੱਠੇ ਹੋ ਕੇ ਇਨਸਾਫ਼ ਦੀ ਮੰਗ ਕਰਨਗੇ।

ਪਟਿਆਲਾ ਦੇ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ, ਜਨਰਲ ਸਕੱਤਰ ਨਿਸ਼ਾਂਤ ਕੁਮਾਰ ਅਤੇ ਸਮੂਹ ਕਰਮਚਾਰੀਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਰੇਬਾਜ਼ੀ ਕੀਤੀ ਗਈ ਅਤੇ ਦਫਤਰੀ ਕੰਮ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ।
ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਸ਼ਾਮ ਤੱਕ ਸ੍ਰੀ ਤਜਿੰਦਰ ਸਿੰਘ ਨੰਗਲ ਨੂੰ ਰਿਹਾ ਨਾ ਕੀਤਾ ਗਿਆ ਤਾਂ ਜਥੇਬੰਦੀ ਅਗਲੇ ਪੜਾਅ ਵਿੱਚ ਹੋਰ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਕੀ ਹੈ ਮਾਮਲਾ …….
ਕੀ ਕਹਿਣਾ ਹੈ ਕਰਮਚਾਰੀਆਂ ਦਾ …. ..
ਥਾਣਾ ਜੰਡਿਆਲਾ ਗੁਰੂ ਦੇ ਐਸ.ਐਚ.ਓ. ਨਰੇਸ਼ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਨਾਲ ਮਿਤੀ 09-03-2026 ਨੂੰ ਰਾਤ ਦੇ 12:00 ਵਜੇ ਤੋਂ ਬਾਅਦ (ਮਿਤੀ 10-03-2026) ਨੂੰ ਸਾਡੀ ਜੱਥੇਬੰਦੀ “ਦਿ ਪੰਜਾਬ ਰਾਜ ਜਿਲ੍ਹਾ (ਡੀ.ਸੀ.) ਦਫ਼ਤਰ ਕਰਮਚਾਰੀ ਯੂਨੀਅਨ” ਦੇ ਸੂਬਾ ਪ੍ਰਧਾਨ ਸਰਦਾਰ ਤੇਜਿੰਦਰ ਸਿੰਘ ਨੰਗਲ ਦੇ ਪਿੰਡ ਨੰਗਲ ਦਿਆਲ ਸਿੰਘ ਵਿਖੇ ਉਨ੍ਹਾਂ ਦੇ ਘਰ ਬਿਨ੍ਹਾ ਕਿਸੇ ਸ਼ਿਕਾਇਤ ਤੋਂ ਪਹੁੰਚ ਕੇ ਛਾਪਾ ਮਾਰਿਆ ਅਤੇ ਬਹੁਤ ਹੀ ਗਲਤ ਤਰੀਕੇ ਨਾਲ ਉਨ੍ਹਾਂ ਦੀ ਖਿੱਚ-ਧੂਹ ਕਰਕੇ ਗ੍ਰਿਫਤਾਰ ਕੀਤਾ। ਉਸ ਸਮੇਂ ਨਰੇਸ਼ ਕੁਮਾਰ ਐਸ.ਐਚ.ਓ. ਅਤੇ ਉਸ ਨਾਲ ਹਾਜ਼ਰ ਪੁਲਿਸ ਪਾਰਟੀ ਨੇ ਪ੍ਰਧਾਨ ਜੀ ਦੇ ਘਰ ਦੀਆਂ ਮਹਿਲਾਵਾਂ ਸਾਹਮਣੇ ਬਹੁਤ ਹੀ ਗੰਦੀਆਂ ਗਾਲ੍ਹਾਂ ਕੱਢੀਆਂ, ਜਾਤੀ ਸੂਚਕ ਸ਼ਬਦ ਕਹੇ ਤੇ ਉਨ੍ਹਾਂ ਦੀ ਦਾੜ੍ਹੀ ਪੁੱਟਣ ਲਈ ਪੁਲਿਸ ਟੀਮ ਨੂੰ ਆਦੇਸ਼ ਦੇ ਕੇ ਦਾੜ੍ਹੀ ਨੂੰ ਹੱਥ ਪਾਇਆ। ਘਰ ਤੋਂ ਗ੍ਰਿਫਤਾਰ ਕਰਦੇ ਸਮੇਂ ਅਤੇ ਪੁਲਿਸ ਦੀ ਗੱਡੀ ਵਿੱਚ ਧੱਕੇ ਮਾਰ ਕੇ ਬਿਠਾਉਣ ਤੋਂ ਬਾਅਦ ਰਸਤੇ ਵਿੱਚ ਲਿਜਾਂਦੇ ਸਮੇਂ ਵੀ ਬਹੁਤ ਹੀ ਗੰਦਾ ਗਾਲੀ-ਗਲੋਚ ਕੀਤਾ। ਇਹ ਸਾਰਾ ਕੁੱਝ ਕਰਕੇ ਪ੍ਰਧਾਨ ਤੇਜਿੰਦਰ ਸਿੰਘ ਨੂੰ ਥਾਣਾ ਜੰਡਿਆਲਾ ਗੁਰੂ ਵਿਖੇ ਲਿਜਾਇਆ ਗਿਆ। ਤੇਜਿੰਦਰ ਸਿੰਘ, ਜੋ ਕਿ ਅੰਮ੍ਰਿਤਧਾਰੀ ਸਿੰਘ ਹਨ, ਉਨ੍ਹਾਂ ਦੇ ਸਾਰੇ ਕੱਕਾਰ ਉਤਾਰੇ ਗਏ, ਇੱਥੋਂ ਤੱਕ ਕੇ ਉਨ੍ਹਾਂ ਦੇ ਸਿਰ ‘ਤੇ ਬੰਨਿਆ ਹੋਇਆ ਪਰਨਾ ਵੀ ਉਤਾਰ ਦਿੱਤਾ ਗਿਆ ਅਤੇ ਇਕ ਅੰਮ੍ਰਿਤਧਾਰੀ ਸਿੱਖ ਨੂੰ ਨੰਗੇ ਸਿਰ ਕਰ ਦਿੱਤਾ ਗਿਆ। ਇਸ ਉਪਰੰਤ ਥਾਣੇ ਦੀ ਹਵਾਲਾਤ ਵਿੱਚ ਸਾਰੀ ਰਾਤ ਬੰਦ ਰੱਖਿਆ ਗਿਆ, ਉਸ ਸਮੇਂ ਉਸੇ ਹਵਾਲਾਤ ਵਿੱਚ ਤਿੰਨ ਹੋਰ ਵਿਅਕਤੀ ਵੀ ਬੰਦੀ ਸਨ। ਜਿਨ੍ਹਾਂ ਹਵਾਲਾਤੀਆਂ ਨਾਲ ਇੱਕ ਕਰਮਚਾਰੀ ਆਗੂ ਨੂੰ ਹਵਾਲਾਤ ਵਿੱਚ ਬੰਦ ਕੀਤਾ ਗਿਆ ਸੀ, ਪਤਾ ਨਹੀਂ ਉਹ ਹਵਾਲਾਤੀ ਕਿਸ ਕਿਸਮ ਦਾ ਜੁਰਮ ਕਰਕੇ ਬੰਦ ਹਵਾਲਾਤ ਹੋਏ ਹੋਣਗੇ ਜਾਪਦੇ ਸਨ, ਜੇਕਰ ਉਹ ਹਵਾਲਾਤੀ ਕਿਸੇ ਗੰਭੀਰ ਜੁਰਮ ਦੇ ਆਦੀ ਹੋਣ ਤਾਂ ਸਾਡੇ ਮੁਲਾਜਮ ਆਗੂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ।
ਨਰੇਸ਼ ਕੁਮਾਰ ਐਸ.ਐਚ.ਓ., ਸਿਪਾਹੀ ਮਲੂਕ ਸਿੰਘ ਨੰਬਰ 1191, ਥਾਣਾ ਜੰਡਿਆਲਾ ਗੁਰੂ ਜੋ ਕਿ ਬਹੁਤ ਹੀ ਹੰਕਾਰੇ ਹੋਏ ਵਿਅਕਤੀ ਹਨ ਅਤੇ ਬੇਕਸੂਰ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਅਜਿਹੇ ਵਿਅਕਤੀ ਸਰਕਾਰੀ ਨੌਕਰੀ ਦੇ ਬਿਲਕੁੱਲ ਵੀ ਕਾਬਲ ਨਹੀਂ ਹਨ। ਇਸ ਲਈ ਇਸ ਐਸ.ਐਚ.ਓ.. ਸਿਪਾਹੀ ਮਲੂਕ ਸਿੰਘ ਨੰਬਰ 1191 ਅਤੇ ਉਸ ਸਮੇਂ ਪੁਲਿਸ ਪਾਰਟੀ ਵਿੱਚ ਸ਼ਾਮਲ ਬਾਕੀ ਪੁਲਿਸ ਮੁਲਾਜਮਾਂ ਨੂੰ ਤੁਰੰਤਪ੍ਰਭਾਵ ਨਾਲ ਨੌਕਰੀ ਤੋਂ ਡਿਸਮਿਸ ਕਰਨ ਸਬੰਧੀ ਕਾਰਵਾਈ ਕੀਤੀ ਜਾਵੇ ਜੀ। Newsline Express

