newslineexpres

Home Latest News ਨਾਭਾ ਬਲਾਕ ਵਿੱਚ ਠੋਸ ਕੂੜਾ ਪ੍ਰਬੰਧਨ ਸਬੰਧੀ ਵਰਕਸ਼ਾਪ ਦਾ ਆਯੋਜਨ

ਨਾਭਾ ਬਲਾਕ ਵਿੱਚ ਠੋਸ ਕੂੜਾ ਪ੍ਰਬੰਧਨ ਸਬੰਧੀ ਵਰਕਸ਼ਾਪ ਦਾ ਆਯੋਜਨ

by Newslineexpres@1

ਨਾਭਾ, 20 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਏ.ਡੀ.ਸੀ. (ਵਿਕਾਸ) ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਇੰਜੀਨੀਅਰ ਰਸ਼ਪਿੰਦਰ ਸਿੰਘ ਅਤੇ ਕਾਰਜਕਾਰੀ ਇੰਜੀਨੀਅਰ ਜਗਜੀਤ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਬੀ.ਡੀ.ਪੀ.ਓ. ਦਫ਼ਤਰ, ਨਾਭਾ ਵਿਖੇ ਠੋਸ ਕੂੜਾ ਪ੍ਰਬੰਧਨ (Solid Waste Management – SWM) ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਵਰਕਸ਼ਾਪ ਵਿੱਚ ਨਾਭਾ ਬਲਾਕ ਦੇ ਉਹਨਾਂ ਪਿੰਡਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਜਿੱਥੇ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟ ਮੁਕੰਮਲ ਹੋਣ ਦੇ ਬਾਵਜੂਦ ਸਹੀ ਢੰਗ ਨਾਲ ਚੱਲ ਨਹੀਂ ਰਹੇ ਹਨ, ਇਸ ਤੋਂ ਇਲਾਵਾ ਉਹ ਮਾਡਲ ਪਿੰਡ ਵੀ ਸ਼ਾਮਲ ਹੋਏ ਜੋ ਆਪਣੀ ਪਹਿਲਾਂ ਵਾਲੀ ਕਾਰਗੁਜ਼ਾਰੀ ਤੋਂ ਪਿੱਛੇ ਰਹਿ ਗਏ ਹਨ।
ਵਰਕਸ਼ਾਪ ਦੌਰਾਨ ਭਾਗੀਦਾਰਾਂ ਨੂੰ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼, 2026 ਦੀਆਂ ਵਿਵਸਥਾਵਾਂ ਅਤੇ ਮਹੱਤਤਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਪਿੰਡਾਂ ਵਿੱਚ ਸਥਾਪਿਤ ਐਸ.ਡਬਲਯੂ.ਐਮ. ਪਲਾਂਟਾਂ ਦੀ ਸਹੀ ਸੰਭਾਲ, ਰੱਖ-ਰਖਾਅ ਅਤੇ ਪ੍ਰਭਾਵਸ਼ਾਲੀ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਸਾਫ਼-ਸੁਥਰੇ ਅਤੇ ਸਿਹਤਮੰਦ ਵਾਤਾਵਰਣ ਦੀ ਸਿਰਜਣਾ ਕੀਤੀ ਜਾ ਸਕੇ।
ਰਾਊਂਡਗਲਾਸ ਫਾਊਂਡੇਸ਼ਨ ਦੇ ਭਰਪੂਰ ਸਿੰਘ ਨੇ ਐਸ.ਡਬਲਯੂ.ਐਮ. ਪਲਾਂਟਾਂ ਦੇ ਸਫਲ ਸੰਚਾਲਨ ਅਤੇ ਟਿਕਾਊ ਪ੍ਰਬੰਧਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਿੰਡਾਂ ਵਿੱਚ ਇਨ੍ਹਾਂ ਪਲਾਂਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਲਾਭਦਾਇਕ ਸੁਝਾਅ ਅਤੇ ਵਧੀਆ ਕਾਰਜ-ਪ੍ਰਣਾਲੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ 1 ਤੋਂ ਸੀ ਡੀ ਐਸ ਸੀਮਾ ਸੋਹਲ, ਜੇ. ਈ. ਕੇ ਐਸ ਰੰਧਾਵਾ, ਆਈ ਈ ਸੀ ਅਭਿਦੀਪ ਸਿੰਘ, ਬੀ ਆਰ ਸੀ ਸੁਖਜੀਤ ਕੌਰ, ਕੁਲਵਿੰਦਰ ਕੌਰ ਅਤੇ ਹੋਰ ਸੋਸ਼ਲ ਸਟਾਫ਼ ਨੇ ਵੀ ਵਰਕਸ਼ਾਪ ਵਿੱਚ ਸ਼ਮੂਲੀਅਤ ਕੀਤੀ ਅਤੇ ਹਾਜ਼ਰ ਨੁਮਾਇੰਦਿਆਂ ਨੂੰ ਠੋਸ ਕੂੜਾ ਪ੍ਰਬੰਧਨ ਸਬੰਧੀ ਜਾਗਰੂਕ ਕਰਦੇ ਹੋਏ ਭਾਈਚਾਰੇ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਪ੍ਰੇਰਿਤ ਕੀਤਾ।
ਵਰਕਸ਼ਾਪ ਦੇ ਅੰਤ ਵਿੱਚ ਸਮੂਹ ਗ੍ਰਾਮ ਪੰਚਾਇਤਾਂ ਅਤੇ ਸਬੰਧਤ ਧਿਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਠੋਸ ਕੂੜਾ ਪ੍ਰਬੰਧਨ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਮਿਲਜੁਲ ਕੇ ਕੰਮ ਕਰਨ ਅਤੇ ਆਪਣੇ ਪਿੰਡਾਂ ਨੂੰ ਸਾਫ਼-ਸੁਥਰਾ, ਸਿਹਤਮੰਦ ਅਤੇ ਟਿਕਾਊ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

Newsline Express

Related Articles

Leave a Comment