newslineexpres

Home Chandigarh ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਅੰਮ੍ਰਿਤਸਰ ਅੰਤਰਰਾਜੀ ਬੱਸ ਅੱਡੇ ਉਤੇ ਅਚਨਚੇਤ ਛਾਪਾ

ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਅੰਮ੍ਰਿਤਸਰ ਅੰਤਰਰਾਜੀ ਬੱਸ ਅੱਡੇ ਉਤੇ ਅਚਨਚੇਤ ਛਾਪਾ

by Newslineexpres@1
-ਵਿਭਾਗ ਵੱਲੋਂ ਦਸਤਾਵੇਜ਼ ਮੁਕੰਮਲ ਨਾ ਹੋਣ ਕਾਰਨ ਆਰਬਿਟ ਐਵੀਏਸ਼ਨ ਦੀ ਇੱਕ ਬਸ ਸਣੇ ਬੱਸ ਸਟੈਂਡ ਦੇ ਅੰਦਰ ਤੇ ਬਾਹਰ ਖੜ੍ਹੀ ਕੀਤੀਆਂ 20 ਬੱਸਾਂ ਜ਼ਬਤ
-ਮੰਤਰੀ ਨੇ ਕਿਹਾ, ਟਰਾਂਸਪੋਰਟ ਵਿਭਾਗ ਦੀ ਆਮਦਨ 40 ਲੱਖ ਰੁਪਏ ਰੋਜ਼ਾਨਾ ਵਧੀ; ਮੇਰਾ ਟੀਚਾ ਰੋਜ਼ਾਨਾ ਆਮਦਨ ਇਕ ਕਰੋੜ ਰੁਪਏ ਵਧਾਉਣ ਦਾ
ਚੰਡੀਗੜ੍ਹ, 17 ਅਕਤੂਬਰ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਅੰਮ੍ਰਿਤਸਰ ਦੇ ਸ਼ਹੀਦ ਮਦਨ ਲਾਲ ਢੀਂਗਰਾ ਅੰਤਰਰਾਜੀ ਬੱਸ ਅੱਡੇ ਅਤੇ ਸਿਟੀ ਸੈਂਟਰ, ਜਿੱਥੇ ਕਿ ਜ਼ਿਆਦਾਤਰ ਯਾਤਰੀ ਬੱਸਾਂ ਗ਼ੈਰ-ਕਾਨੂੰਨੀ ਢੰਗ ਨਾਲ ਪਾਰਕ ਕੀਤੀਆਂ ਜਾਂਦੀਆਂ ਹਨ, ਵਿਖੇ ਛਾਪਾ ਮਾਰਿਆ। ਇਸ ਮੌਕੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਵਿਭਾਗ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਘਾਟ ਕਾਰਨ 20 ਵੱਖ-ਵੱਖ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਜ਼ਬਤ ਕੀਤੀਆਂ, ਜਿਨ੍ਹਾਂ ਵਿੱਚ ਆਰਬਿਟ ਐਵੀਏਸ਼ਨ ਦੀ ਇੱਕ ਬੱਸ ਵੀ ਸ਼ਾਮਿਲ ਹੈ।
ਸ੍ਰੀ ਰਾਜਾ ਵੜਿੰਗ ਨੇ ਸਪੱਸ਼ਟ ਸਬਦਾਂ ਵਿੱਚ ਕਿਹਾ ਕਿ ਸਰਕਾਰੀ ਟੈਕਸ ਦੀ ਚੋਰੀ, ਨਾਜਾਇਜ਼ ਚੱਲਦੀਆਂ ਬੱਸਾਂ ਅਤੇ ਬੱਸ ਮਾਫ਼ੀਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਬੱਸ ਪੰਜਾਬ ਦੀਆਂ ਸੜਕਾਂ ਉੱਤੇ ਚੱਲੇਗੀ, ਉਹ ਟੈਕਸ ਭਰ ਕੇ ਹੀ ਚੱਲੇਗੀ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਚੱਲਦੀਆਂ ਬੱਸਾਂ ਵਿਰੁੱਧ ਬੀਤੇ ਦਿਨਾਂ ਵਿੱਚ ਕੀਤੀ ਗਈ ਸਖ਼ਤੀ ਨਾਲ ਪਨਬਸ ਅਤੇ ਪੈਪਸੂ ਨੂੰ 40 ਲੱਖ ਰੁਪਏ ਰੋਜ਼ਾਨਾ ਦਾ ਲਾਭ ਹੋਇਆ ਹੈ। ਉਨ੍ਹਾਂ ਕਿਹਾ, “ਮੇਰੀ ਕੋਸ਼ਿਸ਼ ਵਿਭਾਗ ਦੀ ਰੋਜ਼ਾਨਾ ਆਮਦਨ ਇਕ ਕਰੋੜ ਰੁਪਏ ਤੱਕ ਵਧਾਉਣ ਦੀ ਹੈ।” ਸ੍ਰੀ ਰਾਜਾ ਵੜਿੰਗ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ਦੀ ਟੈਕਸ ਸਬੰਧੀ ਜਾਂਚ ਪੜਤਾਲ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਮੌਜੂਦਾ ਸਥਿਤੀ ਜਿਵੇਂ ਵਾਹਨ ਦੀ ਉਮਰ, ਪ੍ਰਦੂਸ਼ਣ ਪੱਧਰ ਅਤੇ ਸੁਰੱਖਿਆ ਦੇ ਲਿਹਾਜ ਨਾਲ ਵਾਹਨ ਦੀ ਛਾਣਬੀਣ ਵੀ ਲਾਜ਼ਮੀ ਤੌਰ ‘ਤੇ ਕਰਨ ਤਾਂ ਕਿ ਸੜਕਾਂ ਉਤੇ ਚੱਲਦੇ ਇਹ ਵਾਹਨ ਕਿਸੇ ਦੀ ਜਾਨ ਲਈ ਖ਼ਤਰਾ ਨਾ ਬਣਨ।
ਟਰਾਂਸਪੋਰਟ ਮੰਤਰੀ ਨੇ ਬੱਸ ਅੱਡੇ ਉਤੇ ਸਫ਼ਾਈ ਦੀ ਕਮੀ ਨੂੰ ਲੈ ਕੇ ਅਧਿਕਾਰੀਆਂ ਦਾ ਖਿਚਾਈ ਕੀਤੀ ਅਤੇ ਕਈ ਥਾਵਾਂ ‘ਤੇ ਆਪ ਸਫ਼ਾਈ ਕੀਤੀ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਵਰਗੀਆਂ ਜਨਤਕ ਥਾਵਾਂ ਅਤੇ ਬੱਸਾਂ ਦੀ ਸਫ਼ਾਈ ਵੀ ਉਨੀ ਹੀ ਜ਼ਰੂਰੀ ਹੈ, ਜਿੰਨੀ ਸਾਡੇ ਆਪਣੇ ਘਰ ਦੀ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਹਰ ਪੰਦਰਵਾੜੇ ‘ਤੇ ਵਿੱਢੀ ਜਾਂਦੀ ਸਫ਼ਾਈ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਸਰਕਾਰੀ ਬੱਸਾਂ ਦੀ ਹਾਲਤ ਸੁਧਾਰਨ ਬਾਰੇ ਪੁੱਛੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸ੍ਰੀ ਰਾਜਾ ਵੜਿੰਗ ਨੇ ਦੱਸਿਆ ਕਿ 842 ਨਵੀਆਂ ਬੱਸਾਂ ਛੇਤੀ ਹੀ ਪੰਜਾਬ ਸਰਕਾਰ ਦੇ ਬੇੜੇ ਵਿਚ ਸ਼ਾਮਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਆਸ ਹੈ ਕਿ ਮਹੀਨੇ ਤੱਕ ਨਵੀਆਂ ਸਰਕਾਰੀ ਬੱਸਾਂ ਸੜਕਾਂ ਉਤੇ ਉਤਾਰ ਦਿੱਤੀਆਂ ਜਾਣਗੀਆਂ।

Related Articles

Leave a Comment