ਦੇਹਰਾਦੂਨ -5 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਕੇਦਾਰਨਾਥ ਧਾਮ ‘ਚ ਪੂਜਾ ਕੀਤੀ। ਉਪਰੰਤ ਉਨ੍ਹਾਂ ਨੇ ਗੁਰੂ ਆਦਿ ਸ਼ੰਕਰਾਚਾਰੀਆ ਦੀ ਸਮਾਧੀ ‘ਤੇ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਇਥੇ ਉਨ੍ਹਾਂ ਦੀ ਮੂਰਤੀ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਧਿਆਨ ਯੋਗ ਵੀ ਕੀਤਾ। ਉਨ੍ਹਾਂ ਪੂਜਾ ਕਰਨ ਤੋਂ ਪਹਿਲਾਂ ਮੰਦਿਰ ਦੀ ਪਰਿਕਰਮਾ ਵੀ ਕੀਤੀ। ਜਾਣਕਾਰੀ ਅਨੁਸਾਰ ਆਦਿ ਗੁਰੂ ਸ਼ੰਕਰਾਚਾਰੀਆ ਦੀ ਮੂਰਤੀ ਲਈ ਕਰੀਬ 18 ਮਾਡਲ ਤਿਆਰ ਕੀਤੇ ਗਏ ਸਨ ਪਰ ਪੀਐਮ ਦੀ ਸਹਿਮਤੀ ਤੋਂ ਬਾਅਦ ਇਕ ਮਾਡਲ ਦੀ ਚੋਣ ਕੀਤੀ ਗਈ। ਪੀਐਮ ਮੋਦੀ ਨੇ ਮੈਸੂਰ ਦੇ ਕਲਾਕਾਰ ਅਰੁਣ ਯੋਗੀਰਾਜ ਦੁਆਰਾ ਤਿਆਰ ਕੀਤੀ ਇਸ ਮੂਰਤੀ ਦਾ ਉਦਘਾਟਨ ਕੀਤਾ। ਰਿਪੋਰਟ ਮੁਤਾਬਕ ਆਦਿ ਗੁਰੂ ਸ਼ੰਕਰਾਚਾਰੀਆ ਦੇ ਇਸ ਸਰੂਪ ਨੂੰ ਬਣਾਉਣ ਲਈ ਲਗਭਗ 9 ਕਾਰੀਗਰਾਂ ਨੇ ਸਖ਼ਤ ਮਿਹਨਤ ਕੀਤੀ। ਇਸ ਮੂਰਤੀ ਨੂੰ ਤਿਆਰ ਕਰਨ ਦਾ ਕੰਮ ਸਤੰਬਰ 2020 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਸਾਲ ਸਤੰਬਰ ਵਿੱਚ ਚਿਨੂਕ ਹੈਲੀਕਾਪਟਰ ਦੀ ਮਦਦ ਨਾਲ ਮੂਰਤੀ ਨੂੰ ਉੱਤਰਾਖੰਡ ਲਿਆਂਦਾ ਗਿਆ ਸੀ। ਕਲਾਕਾਰਾਂ ਦੀ ਟੀਮ ਨੇ ਇਸ ਮੂਰਤੀ ਲਈ ਵਿਸ਼ੇਸ਼ ਚੱਟਾਨ ਦੀ ਚੋਣ ਕੀਤੀ। ਖਾਸ ਗੱਲ ਇਹ ਹੈ ਕਿ 130 ਵਜ਼ਨ ਵਾਲੀ ਚੱਟਾਨ ਨੂੰ ਉੱਕਰੀ ਜਾਣ ਤੋਂ ਬਾਅਦ ਇਸ ਦਾ ਭਾਰ 35 ਟਨ ਹੋ ਗਿਆ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਕੇਦਾਰਨਾਥ ਮੰਦਰ ਪਹੁੰਚ ਕੇ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ ਕੀਤੀ ਅਤੇ ਉਨ੍ਹਾਂ ਦਾ ਰੁਦਰਾਭਿਸ਼ੇਕ ਕੀਤਾ। ਮੰਦਰ ਦੇ ਮੁੱਖ ਗੇਟ ‘ਤੇ ਪਹੁੰਚਣ ‘ਤੇ ਪੁਜਾਰੀਆਂ ਨੇ ਪ੍ਰਧਾਨ ਮੰਤਰੀ ਦੇ ਮੱਥੇ ‘ਤੇ ਲੇਪ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
previous post