ਪਟਿਆਲਾ, 15 ਨਵੰਬਰ : ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਦੇ ਐਸ.ਪੀ. ਸਿਟੀ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਨਰਦੇਵ ਸਿੰਘ ਪੁੱਤਰ ਚੇਤ ਰਾਮ ਵਾਸੀ ਪਿੰਡ ਕੱਲਰਭੈਣੀ ਜਿਲ੍ਹਾ ਪਟਿਆਲਾ 14 ਨਵੰਬਰ ਨੂੰ ਦੁਪਹਿਰ ਨੇੜੇ ਵਿਸ਼ਾਲ ਮੈਗਾਮਾਰਟ, ਲੀਲਾ ਭਵਨ ਪਟਿਆਲਾ ਆਪਣੇ ਥ੍ਰੀਵੀਲਰ ਨੰਬਰ ਵਿੱਚ ਸਵਾਰੀਆ ਬਿਠਾ ਰਿਹਾ ਸੀ ਤਾਂ ਉਸੇ ਸਮੇਂ ਸੁਖਵੀਰ ਸਿੰਘ ਪੁੱਤਰ ਰਣਬੀਰ ਸਿੰਘ ਵਾਸੀ ਗੁਰੂ ਨਾਨਕ ਨਗਰ ਨੇੜੇ ਗੁਰਬਖਸ਼ ਕਲੋਨੀ ਜੋ ਨਿਹੰਗ ਸਿੰਘ ਬਾਣੇ ਵਿੱਚ ਸੀ, ਆਪਣੇ ਈ-ਰਿਕਸ਼ਾ ‘ਤੇ ਆ ਗਿਆ ਅਤੇ ਨਰਦੇਵ ਸਿੰਘ ਦੇ ਥ੍ਰੀਵੀਲਰ ਦੇ ਅੱਗੇ ਆਪਣਾ ਈ-ਰਿਕਸ਼ਾ ਲਗਾ ਕੇ ਘੇਰ ਕੇ ਉਸਦੇ ਥ੍ਰੀਵੀਲਰ ਵਿੱਚ ਬੈਠੀਆਂ ਸਵਾਰੀਆਂ ਨੂੰ ਆਪਣੇ ਈ-ਰਿਕਸ਼ਾ ਵਿੱਚ ਬਿਠਾਉਣ ਲੱਗਾ।
ਐਸ.ਪੀ. ਨੇ ਦੱਸਿਆ ਕਿ ਜਦੋ ਨਰਦੇਵ ਸਿੰਘ ਨੇ ਉਸਨੂੰ ਅਜਿਹਾ ਕਰਨ ਤੋ ਰੋਕਿਆ ਤਾ ਸੁਖਵੀਰ ਸਿੰਘ ਨੇ ਆਪਣੇ ਈ-ਰਿਕਸ਼ਾ ਦੀ ਪਿਛਲੇ ਸੀਟ ‘ਤੇ ਰੱਖੀ ਵੱਡੀ ਕਿਰਪਾਨ ਚੁੱਕ ਲਈ ਤੇ ਕਿਰਪਾਨ ਦਾ ਵਾਰ ਜਾਨੋ ਮਾਰਨ ਦੀ ਨੀਯਤ ਨਾਲ ਨਰਦੇਵ ਸਿੰਘ ਦੇ ਸਿਰ ਵੱਲ ਕੀਤਾ, ਜਿਸਦਾ ਬਚਾਅ ਕਰਦੇ ਹੋਏ ਨਰਦੇਵ ਸਿੰਘ ਨੇ ਆਪਣੀ ਖੱਬੀ ਬਾਹ ਅੱਗੇ ਕੀਤੀ, ਕਿਰਪਾਨ ਦਾ ਵਾਰ ਨਰਦੇਵ ਸਿੰਘ ਦੀ ਕੂਹਣੀ ‘ਤੇ ਲੱਗਾ।ਇਤਨੇ ਵਿੱਚ ਸੁਖਵੀਰ ਸਿੰਘ ਨਿਹੰਗ ਨੇ ਆਪਣੇ ਦੋ ਹੋਰ ਸਾਥੀਆ ਜਿਹਨਾਂ ਦਾ ਨਾਮ ਜੋਗਿੰਦਰ ਸਿੰਘ ਪੁੱਤਰ ਵਿਨੋਦ ਕੁਮਾਰ ਵਾਸੀ ਖਾਲਸਾ ਮੁਹੱਲਾ ਤੇ ਕੁਲਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਧੀਰੂ ਨਗਰ ਨੂੰ ਵੀ ਬੁਲਾ ਲਿਆ, ਜੋ ਇਹ ਦੋਵੇ ਜਣੇ ਵੀ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਸਨ ਅਤੇ ਆਉਂਦੇ ਸਾਰ ਹੀ ਨਰਦੇਵ ਸਿੰਘ ਨੂੰ ਗਾਲੀ ਗਲੋਚ ਕਰਨ ਲੱਗੇ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੀਆਂ-ਆਪਣੀਆਂ ਕਿਰਪਾਨਾਂ ਕੱਢ ਕੇ ਹਵਾ ਵਿੱਚ ਲਹਿਰਾਉਣ ਲੱਗੇ। ਇਨ੍ਹਾਂ ਨੇ ਅਜਾਦ ਆਟੋ ਯੂਨੀਅਨ ‘ਤੇ ਖੜ੍ਹੇ ਹੋਰ ਥ੍ਰੀਵੀਲਰਾਂ ਅਤੇ ਨਰਦੇਵ ਸਿੰਘ ਦੇ ਥ੍ਰੀਵੀਲਰ ਦੀ ਭੰਨਤੋੜ ਕੀਤੀ।
ਸ. ਹਰਪਾਲ ਸਿੰਘ ਨੇ ਦੱਸਿਆ ਕਿ ਇਤਨੇ ਵਿੱਚ ਪੁਲਿਸ ਨੂੰ ਇਤਲਾਹ ਮਿਲਣ ‘ਤੇ ਇੰਚਾਰਜ ਪੁਲਿਸ ਚੌਂਕੀ ਮਾਡਲ ਟਾਊਨ ਏ.ਐਸ.ਆਈ. ਜੈਦੀਪ ਸ਼ਰਮਾ ਸਮੇਤ ਪੁਲਿਸ ਪਾਰਟੀ ਮੌਕਾ ‘ਤੇ ਪੁੱਜੇ ਤਾਂ ਇਨ੍ਹਾਂ ਤਿੰਨੋ ਨਿਹੰਗ ਸਿੰਘਾਂ ਨੇ ਪੁਲਿਸ ਪਾਰਟੀ ਦੀ ਡਿਊਟੀ ਵਿੱਚ ਵੀ ਵਿਘਨ ਪਾਇਆ ਅਤੇ ਪੁਲਿਸ ਪਾਰਟੀ ਨਾਲ ਕਾਫੀ ਬਦਕਲਾਮੀ ਕੀਤੀ ਅਤੇ ਏ.ਐਸ.ਆਈ. ਜਸਵੀਰ ਸਿੰਘ ਥਾਣਾ ਸਿਵਲ ਲਾਈਨ ਪਟਿਆਲਾ ਦੇ ਵੀ ਸੱਜੇ ਹੱਥ ‘ਤੇ ਸੱਟ ਮਾਰੀ।ਤਿੰਨੋ ਨਿਹੰਗ ਸਿੰਘ, ਮੁੱਦਈ ਨਰਦੇਵ ਸਿੰਘ ਅਤੇ ਉਸਦੇ ਹੋਰ ਸਾਥੀ ਡਰਾਇਵਰਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ ਅਤੇ ਨਿਹੰਗ ਕੁਲਦੀਪ ਸਿੰਘ ਨੇ ਆਪਣੇ ਕਿਰਪਾਨ ਦੇ ਵਾਰ ਨਾਲ ਯੂਨੀਅਨ ਦੇ ਡਰਾਇਵਰ ਸੇਵਕ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਚੌਰਾ ਜਿਲ੍ਹਾ ਪਟਿਆਲਾ ਦੇ ਖੱਬੀ ਕੂਹਣੀ ‘ਤੇ ਸੱਟ ਮਾਰੀ।
ਐਸ.ਪੀ. ਸਿਟੀ ਨੇ ਅੱਗੇ ਦੱਸਿਆ ਕਿ ਪੁਲਿਸ ਪਾਰਟੀ ਨੇ ਬੜ੍ਹੀ ਮੁਸ਼ੱਕਤ ਨਾਲ ਇਹਨਾਂ ਤਿੰਨੋ ਨਿਹੰਗ ਸਿੰਘਾਂ ਸੁਖਵੀਰ ਸਿੰਘ, ਜੋਗਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੂੰ ਕਾਬੂ ਕੀਤਾ।ਪੁਲਿਸ ਪਾਰਟੀ ਵੱਲੋ ਇਹਨਾਂ ਨਿਹੰਗ ਸਿੰਘਾਂ ਦੀ ਕੋਈ ਕੁੱਟਮਾਰ ਨਹੀ ਕੀਤੀ ਅਤੇ ਇਹਨਾਂ ਦੇ ਜੋ ਸੱਟ ਲੱਗੀ ਹੈ, ਉਹ ਸੱਟ ਇਹਨਾਂ ਵੱਲੋਂ ਕੀਤੇ ਝਗੜੇ ਦੌਰਾਨ ਕੀਤੀ ਗਈ ਥ੍ਰੀਵੀਲਰਾਂ ਦੀ ਭੰਨਤੋੜ ਕਰਨ ਸਮ੍ਹੇ ਲੱਗੀ ਹੈ।ਉਨ੍ਹਾਂ ਦੱਸਿਆ ਕਿ ਏ.ਐਸ.ਆਈ. ਜੈਦੀਪ ਸ਼ਰਮਾ ਵੱਲੋਂ ਨਰਦੇਵ ਸਿੰਘ ਉਕਤ ਦੇ ਬਿਆਨ ‘ਤੇ ਮੁਕੱਦਮਾ ਨੰਬਰ 370 ਮਿਤੀ 14 ਨਵੰਬਰ 2021 ਅ/ਧ 307, 341, 427, 506, 353, 186 ਤੇ 34 ਆਈ.ਪੀ.ਸੀ. ਤਹਿਤ ਥਾਣਾ ਸਿਵਲ ਲਾਈਨ ਵਿਖੇ ਦਰਜ ਕੀਤਾ ਗਿਆ। ਇਸ ਮਾਮਲੇ ‘ਚ ਸੁਖਵੀਰ ਸਿੰਘ, ਜੋਗਿੰਦਰ ਸਿੰਘ ਅਤੇ ਕੁਲਦੀਪ ਸਿਘ ਨੂੰ ਨਾਮਜਦ ਕਰਕੇ ਇਨ੍ਹਾਂ ਗ੍ਰਿਫਤਾਰ ਕਰਕੇ ਅੱਜ ਅਦਾਲਤ ਸ਼੍ਰੀ ਗੁਰਭਿੰਦਰ ਸਿੰਘ ਜੌਹਲ, ਜੇ.ਐਮ.ਆਈ.ਸੀ. ਪਟਿਆਲਾ ਵਿਖੇ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।