-1971 ‘ਚ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦਾ ਪ੍ਰਤੀਕ ਜੰਗੀ ਜਿੱਤ ਦੀ ਮਸ਼ਾਲ ਪਟਿਆਲਾ ਤੋਂ ਮੇਰਠ ਲਈ ਰਵਾਨਾ
-ਸਵਰਨਿਮ ਵਿਜੇ ਵਰਸ਼ ਸਮਾਰੋਹ ਮਨਾਇਆ
ਪਟਿਆਲਾ, 29 ਨਵੰਬਰ : ਸੁਨੀਤਾ ਵਰਮਾ/ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਭਾਰਤ-ਪਾਕਿਸਤਾਨ ਵਿਚਾਲੇ 1971 ਜੰਗ ਦੇ 50 ਸਾਲ ਪੂਰੇ ਹੋਣ ‘ਤੇ ‘ਸਵਰਨਿਮ ਵਿਜੇ ਵਰਸ਼’ ਦੇ ਰੂਪ ‘ਚ ਮਨਾਉਂਦਿਆਂ ਅੱਜ ਏਅਰਾਵਤ ਡਵੀਜ਼ਨ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਜਨਰਲ ਆਫ਼ੀਸਰ ਕਮਾਂਡਿੰਗ ਵੱਲੋਂ ਪਟਿਆਲਾ ਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ 1971 ਭਾਰਤ-ਪਾਕਿਸਤਾਨ ਜੰਗ ਨਾਲ ਜੁੜੇ 95 ਸੈਨਿਕਾਂ ਅਤੇ 17 ਵੀਰ ਨਾਰੀਆਂ ਦਾ ‘ਯਾਦਵਿੰਦਰ ਆਫ਼ੀਸਰ ਇੰਸਟੀਚਿਊਟ’ ਪਟਿਆਲਾ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ 1971 ਦੀ ਜੰਗ ‘ਚ ਭਾਗ ਲੈਣ ਵਾਲੇ ਸੈਨਿਕਾ ਨੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਸਮਾਗਮ ਦੌਰਾਨ ਜੀ.ਓ.ਸੀ. ਏਅਰਾਵਤ ਡਵੀਜ਼ਨ ਨੇ ਸੰਬੋਧਨ ਕਰਦਿਆ ਕਿਹਾ ਕਿ 1971 ਭਾਰਤ ਪਾਕਿਸਤਾਨ ਜੰਗ ਦੌਰਾਨ ਏਆਰਵਤ ਡਵੀਜ਼ਨ ਵੱਲੋਂ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਗਈ ਸੀ। ਇਸ ਮੌਕੇ ਏਅਰਾਵਤ ਡਵੀਜ਼ਨ ਵੱਲੋਂ 1971 ਜੰਗ ‘ਚ ਹਿੱਸਾ ਪਾਉਣ ਵਾਲੇ ਸਾਬਕਾ ਸੈਨਿਕਾਂ ਤੇ ਵੀਰ ਨਾਰੀਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸਾਬਕਾ ਸੈਨਿਕਾਂ ਵੱਲੋਂ ਆਪਣੇ ਤਜ਼ਰਬੇ ਸਾਂਝੇ ਕਰਦਿਆ ਦੱਸਿਆ ਗਿਆ ਕਿ 1971 ਦੀਪ ਜੰਗ ਕੇਵਲ ਭਾਰਤ ਦੇ ਇਤਿਹਾਸ ‘ਚ ਨਹੀਂ ਸਗੋਂ ਦੁਨੀਆਂ ਦੇ ਇਤਿਹਾਸ ‘ਚ ਮਹੱਤਵਪੂਰਣ ਸਥਾਨ ਰੱਖਦੀ ਹੈ, ਜਿਥੇ 13 ਦਿਨਾਂ ‘ਚ ਭਾਰਤੀ ਫ਼ੌਜ ਨੇ ਵੀਰਤਾ ਨਾਲ ਲੜਦੇ ਹੋਏ 93 ਹਜ਼ਾਰ ਪਾਕਿਸਤਾਨ ਸੈਨਿਕਾਂ ਨੂੰ ਆਪਣੇ ਕਬਜ਼ੇ ‘ਚ ਲਿਆ। ਉਨ੍ਹਾਂ ਕਿਹਾ ਕਿ ਇਹ ਜਿੱਤ ਹਮੇਸ਼ਾਂ ਹੀ ਭਾਰਤ ਦਾ ਇਤਿਹਾਸ ‘ਚ ਸੁਨਹਿਰੇ ਅੱਖਰਾਂ ‘ਚ ਲਿੱਖੀ ਜਾਵੇਗੀ।
ਸਮਾਗਮ ਦੌਰਾਨ ਵਿਜੈ ਮਸ਼ਾਲ ਏਅਰਾਵਤ ਡਿਵੀਜ਼ਨ ਦੇ ਮੁੱਖ ਦਫ਼ਤਰ ਤੋਂ ਯਾਦਵਿੰਦਰ ਆਫ਼ੀਸਰ ਇੰਸਟੀਚਿਊਟ ਵਿਖੇ ਲਿਆਂਦਾ ਗਿਆ ਅਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ, ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਸਮਾਰੋਹ ਦੌਰਾਨ ਸੈਨਾ ਬੈਂਡ ਦੀ ਪ੍ਰਸਤੁਤੀ ਨੇ ਸਭ ਵਿੱਚ ਨਵਾਂ ਜੋਸ਼ ਭਰਿਆ। 1971 ਦੀ ਜੰਗ ਦੀ ਜਿੱਤ ਦੇ 50 ਸਾਲ ਪੂਰੇ ਹੋਣ ‘ਤੇ ਸਮਾਰੋਹ ਦੌਰਾਨ ਹਾਜ਼ਰ ਵੈਟਰਨ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆ ਏਰਾਵਤ ਡਿਵੀਜ਼ਨ ਦੇ ਜਨਰਲ ਆਫ਼ੀਸਰ ਕਮਾਂਡਿੰਗ ਨੇ ਉਨ੍ਹਾਂ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ ਦੇਸ਼ ਲਈ ਆਪਣਾ ਬਲੀਦਾਨ ਦਿੱਤਾ ਅਤੇ ਨਾਲ ਹੀ ਹਾਜ਼ਰ ਵੀਰ ਸੈਨਿਕਾਂ ਨੂੰ ਉਨ੍ਹਾਂ ਵੱਲੋਂ ਦਿਖਾਈ ਵੀਰਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਆਪਣੇ ਬਹਾਦਰੀ ਦੀ ਪਰੰਪਰਾ ਨਾਲ ਇਸ ਤਰ੍ਹਾਂ ਅੱਗੇ ਵਧਦੀ ਰਹੇਗੀ ਅਤੇ ਦੇਸ਼ ਦੀ ਰੱਖਿਆ ਅਤੇ ਦੇਸ਼ ਦੇ ਵਿਰੋਧੀਆਂ ਨਾਲ ਟਾਕਰਾ ਕਰਨ ਲਈ ਹਮੇਸ਼ਾ ਤਿਆਰ ਹੈ।
ਇਸ ਉਪਰੰਤ ਵਿਜੈ ਮਸ਼ਾਲ ਨੂੰ ਏਰਾਵਤ ਡਵੀਜ਼ਨ ਦੇ ਜਨਰਲ ਆਫ਼ੀਸਰ ਕਮਾਂਡਿੰਗ ਵੱਲੋਂ ਮੇਰਠ ਲਈ ਰਵਾਨਾ ਕਰ ਦਿੱਤੀ ਗਈ।