ਜੰਮੂ ਕਸ਼ਮੀਰ – 27 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਕਸ਼ਮੀਰ-ਲੱਦਾਖ ਦੇ ਹਿੱਸਿਆਂ ’ਚ ਭੂਚਾਲ ਕਾਰਨ ਧਰਤੀ ਹਿੱਲੀ। ਕਾਰਗਿਲ ’ਚ ਵੀ ਝਟਕੇ ਮਹਿਸੂਸ ਕੀਤੇ ਗਏ। ਸ਼ਾਮ ਨੂੰ 7:02 ਵਜੇ ਅਤੇ 7:08 ਵਜੇ ਇਹ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ ਹੈ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਚੌਕਸੀ ਵਜੋਂ ਘਰਾਂ ’ਚੋਂ ਬਾਹਰ ਨਿਕਲ ਆਏ। ਘਾਟੀ ’ਚ ਵੀ ਇਸ ਦੌਰਾਨ ਡਰ ਦਾ ਮਾਹੌਲ ਵੇਖਿਆ ਗਿਆ। ਇਸ ਤੋਂ ਪਹਿਲਾਂ 5 ਦਸੰਬਰ ਨੂੰ ਰਾਤ ਕਰੀਬ 2:03 ਵਜੇ ਉੱਤਰਕਾਸ਼ੀ ਅਤੇ ਟੀਹਰੀ ’ਚ ਭੂਚਾਲ ਆਇਆ ਸੀ। ਟੀਹਰੀ ’ਚ ਤਾਂ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਕ ਵਾਰ ਕਰੀਬ 1:30 ਵਜੇ ਭੂਚਾਲ ਆਇਆ ਸੀ। ਭੂਚਾਲ ਕਾਰਨ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ। ਆਫ਼ਤ ਕੰਟਰੋਲ ਰੂਮ ਅਨੁਸਾਰ, ਭੂਚਾਲ ਦਾ ਕੇਂਦਰ ਟੀਹਰੀ ’ਚ ਦੱਸਿਆ ਗਿਆ ਸੀ। ਇਸ ਤੋਂ ਪਹਿਲਾਂ 24 ਦਸੰਬਰ ਨੂੰ ਪਿਥੌਰਾਗ੍ਹੜ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।