???? ਪਟਿਆਲਾ ਜ਼ਿਲ੍ਹਾ ਭਾਜਪਾ ਸ਼ਹਿਰੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਕੀਤੀ ਮੰਗ
ਪਟਿਆਲਾ, 5ਜਨਵਰੀ – ਗਰੋਵਰ, ਸੁਰਜੀਤ, ਮੋਹਿਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿੱਚ ਸੁਰੱਖਿਆ ਵਿੱਚ ਵੱਡੀ ਢਿੱਲ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਭਾਜਪਾ ਸ਼ਹਿਰੀ ਨੇ ਇਸ ਲਈ ਪੂਰੀ ਤਰ੍ਹਾਂ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਫਿਰੋਜ਼ਪੁਰ ਰੈਲੀ ਤੋਂ ਪਰਤ ਕੇ ਪਟਿਆਲਾ ਪੁੱਜੇ ਜ਼ਿਲ੍ਹਾ ਭਾਜਪਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਤੋਂ ਪੰਜਾਬ ਵਿੱਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ। ਹਰਿੰਦਰ ਕੋਹਲੀ ਨੇ ਕਿਹਾ ਕਿ ਪਟਿਆਲਾ ਤੋਂ ਫਿਰੋਜ਼ਪੁਰ ਨੂੰ ਜਾਂਦੇ ਸਮੇਂ ਜਿਸ ਤਰ੍ਹਾਂ ਕਿਸਾਨਾਂ ਦੇ ਭੇਸ ‘ਚ ਭੇਜੇ ਗਏ ਕਾਂਗਰਸੀ ਗੁੰਡਿਆਂ ਨੇ ਭਾਜਪਾ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਕਰੀਬ 15 ਤੋਂ 20 ਮਿੰਟ ਤੱਕ ਰੋਕਣ ਲਈ ਮਜ਼ਬੂਰ ਕੀਤਾ, ਉਸਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਹਾਲਾਤ ਪੂਰੀ ਤਰ੍ਹਾਂ ਵਿਗੜ ਚੁੱਕੇ ਹਨ। ਕਾਂਗਰਸ ਸਰਕਾਰ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੂੰ ਪੰਜਾਬ ਵਿੱਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੀਦਾ ਹੈ। ਹਰਿੰਦਰ ਕੋਹਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਨੂੰ ਮਿਲਣ ਆਏ ਸਨ। ਉਹ ਪੰਜਾਬ ਦੇ ਵਿਕਾਸ ਲਈ ਕਈ ਵੱਡੇ-ਵੱਡੇ ਐਲਾਨ ਕਰਕੇ ਬਹੁਤ ਕੁਝ ਦੇਣ ਆਏ ਸਨ, ਪਰ ਪੰਜਾਬ ਦੇ ਦੁਸ਼ਮਣ ਇਹ ਬਰਦਾਸ਼ਤ ਨਹੀਂ ਕਰ ਸਕੇ। ਇਸ ਲਈ ਇੱਕ ਵੱਡੀ ਸਾਜ਼ਿਸ਼ ਤਹਿਤ ਇਸ ਰੈਲੀ ਨੂੰ ਰੋਕਿਆ ਗਿਆ।