ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣੇ ਸ਼ਾਹਬਾਜ਼ ਸ਼ਰੀਫ
ਇਸਲਾਮਾਬਾਦ, 11 ਅਪ੍ਰੈਲ : ਨਿਊਜ਼ਲਾਈਨ ਐਕਸਪ੍ਰੈਸ – ਪਾਕਿਸਤਾਨ ਦੀ ਸੰਸਦ ਨੇ ਸ਼ਾਹਬਾਜ਼ ਸ਼ਰੀਫ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਹੈ। ਇਹ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣੇ ਹਨ। ਪਰ ਇਮਰਾਨ ਖ਼ਾਨ ਦੀ ਪਾਰਟੀ ਨੇ ਚੋਣ ਦਾ ਬਾਈਕਾਟ ਕੀਤਾ। ਦੱਸ ਦੇਈਏ ਕਿ ਇਮਰਾਨ ਖਾਨ ਖਿਲਾਫ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਬਾਅਦ ਐਤਵਾਰ ਨੂੰ ਦੇਸ਼ ‘ਚ ਇਕ ਹਫਤੇ ਤੋਂ ਚੱਲ ਰਿਹਾ ਸਿਆਸੀ ਸੰਕਟ ਖਤਮ ਹੋ ਗਿਆ, ਜਿਸ ‘ਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਬ ਦੇ 70 ਸਾਲਾ ਛੋਟੇ ਭਰਾ ਸ਼ਾਹਬਾਜ਼ ਮੁਲਕ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਤੇ ਸਿਆਸੀ ਪੱਖੋਂ ਅਹਿਮ ਪੰਜਾਬ ਸੂਬੇ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਦੀ ਪਾਰਟੀ ਪੀਐੱਮਐੱਲ-ਐੱਨ ਖਾਸਕਰ ਇਸਦੇ ਸੁਪਰੀਮੋ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਉਨ੍ਹਾਂ ਦੇ ਨਾਂ ‘ਤੇ ਸਹਿਮਤੀ ਦਿੱਤੀ ਹੈ। ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ ਇੰਚਾਰਜ ਆਸਿਫ ਅਲੀ ਜ਼ਰਦਾਰੀ ਨੇ ਵਿਰੋਧੀ ਧਿਰਾਂ ਦੀ ਸਾਂਝੀ ਬੈਠਕ ‘ਚ ਪਾਕਿ ਪੀਐੱਮ ਲਈ ਸ਼ਹਿਬਾਜ਼ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ।