ਝਾਰਖੰਡ, 11 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ -ਬੀਤੇ ਦਿਨ ਝਾਰਖੰਡ ਦੇ ਦੇਵਘਰ ਦੇ ਤ੍ਰਿਕੁਟ ਵਿੱਚ ਦੋ ਰੋਪਵੇਅ ਟਰਾਲੀਆਂ ਦੀ ਟੱਕਰ ਹੋ ਗਈ। ਇਸ ਦੌਰਾਨ 12 ਹੋਰ ਰੋਪਵੇਅ ਟਰਾਲੀਆਂ ‘ਚ ਬੈਠੇ 48 ਲੋਕ ਹਾਦਸੇ ਦੇ 20 ਘੰਟੇ ਬਾਅਦ ਵੀ ਹਵਾ ਵਿੱਚ ਹੀ ਫਸੇ ਹੋਏ ਸੀ। ਇਹ ਹਾਦਸਾ ਐਤਵਾਰ ਸ਼ਾਮ 4.30 ਵਜੇ ਵਾਪਰਿਆ, ਇਸ ਹਾਦਸੇ ਵਿੱਚ 10 ਸੈਲਾਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਨ੍ਹਾਂ ‘ਚੋਂ ਦੋ ਦੀ ਰਾਤ ਨੂੰ ਇਲਾਜ ਦੌਰਾਨ ਮੌਤ ਹੋ ਗਈ।
ਇਨ੍ਹਾਂ ਫਸੇ ਹੋਏ ਸੈਲਾਨੀਆਂ ਨੂੰ ਸੁਰੱਖਿਅਤ ਬਚਾਉਣ ਲਈ ਦੋ ਹੈਲੀਕਾਪਟਰਾਂ ਦੀ ਮਦਦ ਲਈ ਗਈ। ਇਸ ਦੌਰਾਨ ਐਨਡੀਆਰਐਫ ਦੀ ਟੀਮ ਨੇ ਹੁਣ ਤੱਕ 11 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਹੈ। ਅਜਿਹਾ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਵਾਪਰਿਆ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਰੋਪਵੇਅ ਦਾ ਸੰਚਾਲਨ ਇੱਕ ਨਿੱਜੀ ਕੰਪਨੀ ਕਰ ਰਹੀ ਹੈ।
ਰੇਸਕਿਉ ਓਪਰੇਸ਼ਨ ਦੌਰਾਨ ਵੀ ਇਕ ਹੋਰ ਵਡਾ ਹਾਦਸਾ ਹੋ ਗਿਆ। ਜਿਸ ਹੈਲੀਕਾਪਟਰ ਰਾਹੀਂ ਲੋਕਾਂ ਨੂੰ ਬਚਾਇਆ ਜਾ ਰਿਹਾ ਸੀ, ਉਸ ਵਿਚੋਂ ਇਕ ਵਿਅਕਤੀ ਹੇਠਾਂ ਡਿੱਗ ਪਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ।