ਚੰਡੀਗੜ੍ਹ, 25 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਣੇ ਪੂਰੇ ਦੇਸ਼ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਉਲੰਘਣਾ ਕਰਨ ਉੱਤੇ 500 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਡਿਜ਼ਾਸਟਰ ਐਕਟ 2005 ਅਧੀਨ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਮਾਸਕ ਸਬੰਧੀ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਇਨ੍ਹਾਂ ਅਨੁਸਾਰ ਕਿਸੇ ਵੀ ਭੀੜ ਵਾਲੇ ਹਾਲਾਤ ਵਿਚ ਮਾਸਕ ਲਾਜ਼ਮੀ ਹੋਵੇਗਾ।
ਇਨ੍ਹਾਂ ਸਥਾਨਾਂ ‘ਤੇ ਲਾਜ਼ਮੀ ਹੋਇਆ ਮਾਸਕ
* ਪਬਲਿਕ ਟਰਾਂਸਪੋਰਟ ਜਿਵੇਂ ਕਿ ਬੱਸਾਂ, ਟੈਕਸੀਆਂ, ਆਟੋ-ਰਿਕਸ਼ਾ।
* ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟ ਸਟੋਰ, ਦੁਕਾਨਾਂ ਆਦਿ।
* ਸਾਰੇ ਵਿੱਦਿਅਕ ਅਦਾਰਿਆਂ ਜਿਵੇਂ ਕਿ ਕਾਲਜਾਂ, ਸਕੂਲਾਂ, ਕੋਚਿੰਗ ਸੈਂਟਰਾਂ, ਲਾਈਬ੍ਰੇਰੀਆਂ ਆਦਿ।
* ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫਤਰਾਂ।
* ਕਿਸੇ ਵੀ ਤਰ੍ਹਾਂ ਦੀ ਇੰਡੋਰ ਗੈਦਰਿੰਗ।
ਜਾਰੀ ਨੋਟੀਫਿਕੇਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਦੌਰਾਨ ਜੇਕਰ ਕੋਈ ਵੀ ਇਸ ਨਿਯਮ ਦਾ ਉਲੰਘਣ ਕਰਦਾ ਫੜਿਆ ਗਿਆ ਤਾਂ ਉਸ ਨੂੰ 500 ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਜੇਕਰ ਇਸ ਦੌਰਾਨ ਕੋਈ ਵਿਅਕਤੀ ਜੁਰਮਾਨੇ ਦੀ ਅਦਾਇਗੀ ਨਹੀਂ ਕਰਦਾ ਤਾਂ ਉਸ ਖਿਲਾਫ ਧਾਰਾ 188 ਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਦੀ ਨਿਯਮਾਂ ਦਾ ਪਾਲਣ ਕਰਵਾਉਣ ਲਈ ਜ਼ਿੰਮੇਦਾਰੀ ਵੀ ਲਾਈ ਗਈ ਹੈ।