???? ਸੋਸ਼ਲ ਮੀਡੀਆ ‘ਤੇ ਅਫ਼ਵਾਹਾਂ ਤੇ ਗ਼ਲਤ ਸੂਚਨਾ ਨੂੰ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਸਥਾਪਤ…
???? ਗ਼ਲਤ ਪੋਸਟਾਂ ਦੀ ਸੂਚਨਾ ਦੇਣ ਲਈ ਸਾਈਬਰ ਸੈੱਲ ਦਾ ਵਟਸਐਪ ਨੰਬਰ 9592912900 ਤੇ ਈਮੇਲ ਜਾਰੀ….
???? ਟਵਿਟਰ ਹੈਂਡਲ ‘ਤੇ ਡਾਇਰੈਕਟ ਮੈਸੇਜ ਵੀ ਕੀਤਾ ਜਾ ਸਕਦਾ ਹੈ : ਸਾਕਸ਼ੀ ਸਾਹਨੀ..
????ਕਿਸੇ ਵੀ ਗ਼ਲਤ ਸੂਚਨਾ, ਅਫ਼ਵਾਹ ਜਾਂ ਭੜਕਾਊ ਪੋਸਟ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ : ਡੀ.ਸੀ.…
ਪਟਿਆਲਾ, 1 ਮਈ – ਨਿਊਜ਼ਲਾਈਨ ਐਕਸਪ੍ਰੈਸ –
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੋਸ਼ਲ ਮੀਡੀਆ ‘ਤੇ ਫੈਲਦੇ ਭੜਕਾਊ ਬਿਆਨਾਂ, ਅਫ਼ਵਾਹਾਂ, ਸਨਸਨੀਖੇਜ਼ ਖ਼ਬਰਾਂ ਅਤੇ ਗ਼ਲਤ ਅਤੇ ਤੱਥਹੀਣ ਪੋਸਟਾਂ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਨੇ ਭਵਿੱਖ ‘ਚ ਅਜਿਹਾ ਹੋਣ ਤੋਂ ਰੋਕਣ ਲਈ ਆਪਣੇ ਦਫ਼ਤਰ ਵਿਖੇ ਇੱਕ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਵੀ ਸਥਾਪਤ ਕੀਤਾ ਹੈ। ਡੀ.ਸੀ. ਨੇ ਦੱਸਿਆ ਕਿ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ ਦੀ ਅਗਵਾਈ ਹੇਠਲੀ ਇਸ ਟੀਮ ‘ਚ ਡੀ.ਪੀ.ਆਰ.ਓ. ਦਫ਼ਤਰ, ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਅਤੇ ਪੁਲਿਸ ਦੇ ਸਾਈਬਰ ਸੈੱਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਖ਼ੁਦ ਇਸ ਦੀ ਨਿਗਰਾਨੀ ਕਰਨਗੇ।
ਡੀ.ਸੀ. ਸਾਕਸ਼ੀ ਸਾਹਨੀ ਨੇ ਇਸ ਸਬੰਧੀਂ ਵਟਸਐਪ ਨੰਬਰ 95929-12900 ਅਤੇ ਈਮੇਲ ਆਈ. ਡੀ. ਐਸਐਮਐਮਸੀਪੀਟੀਏ ਐਟ ਜੀਮੇਲ ਡਾਟ ਕਾਮ (smmcpta@gmail.com) ਜਾਰੀ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਭੜਕਾਊ ਬਿਆਨਾਂ, ਗ਼ਲਤ ਪੋਸਟਾਂ ਅਤੇ ਸਨਸਨੀਖੇਜ਼ ਖ਼ਬਰਾਂ ਆਦਿ ਨੂੰ ਅੱਗੇ ਪੋਸਟ ਜਾਂ ਸ਼ੇਅਰ ਨਾ ਕਰਨ ਸਗੋਂ ਇਸ ਨੂੰ ਪਟਿਆਲਾ ਪੁਲਿਸ ਦੇ ਸਾਈਬਰ ਸੈੱਲ ਦੇ ਇੰਚਾਰਜ ਦੇ ਵਟਸਐਪ ਨੰਬਰ, ਈਮੇਲ ਜਾਂ ਡੀਸੀਪਟਿਆਲਾਪੀਬੀ @DCPatialaPb ਅਤੇ ਡੀਪੀਆਰਓਪਟਿਆਲਾ @DPROPatiala ਦੇ ਟਵਿਟਰ ਹੈਂਡਲਾਂ ਉਪਰ ਵੀ ਡਾਇਰੈਕਟ ਮੈਸੇਜ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੀ ਜਾਣਕਾਰੀ ਨੂੰ ਐਸ.ਐਸ.ਪੀ. ਪਟਿਆਲਾ ਨਾਲ ਸਾਂਝੀ ਕਰਕੇ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ। ਇਸ ਦਾ ਮਕਸਦ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਅਤੇ ਸ਼ਾਂਤੀ ਭੰਗ ਕਰਨ ਵਾਲੀ ਕਿਸੇ ਵੀ ਖ਼ਬਰ ਜਾਂ ਗੁੰਮਰਾਹਕੁੰਨ ਪੋਸਟਾਂ ਨੂੰ ਨਸ਼ਰ ਹੋਣ ਤੋਂ ਰੋਕਣਾ ਹੈ।
ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਨੂੰ ਆਪਸੀ ਸ਼ਾਂਤੀ ਤੇ ਸਦਭਾਵਨਾ ਪੈਦਾ ਕਰਨ ਲਈ ਵਰਤਣ ਨਾ ਕਿ ਨਫ਼ਰਤੀ ਭਾਸ਼ਣ ਤੇ ਅਫ਼ਵਾਹਾਂ ਫੈਲਾਉਣ ਲਈ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਨੂੰ ਵਰਤਿਆ ਜਾਵੇ। ਉਨ੍ਹਾਂ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਸਨਸਨੀਖੇਜ਼ ਖ਼ਬਰਾਂ ਫੈਲਾਉਣ ਵਾਲਿਆਂ ਸਮੇਤ ਸੋਸ਼ਲ ਮੀਡੀਆ ‘ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜ਼ਿਲ੍ਹੇ ‘ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕਿਸੇ ਵੀ ਅਜਿਹੀ ਤੱਥਹੀਣ ਪੋਸਟ ਨੂੰ ਟਵਿਟਰ, ਇੰਸਟਾਗ੍ਰਾਮ ਜਾਂ ਫੇਸਬੁਕ ਸਮੇਤ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਸਾਂਝੀ ਨਾ ਕੀਤਾ ਜਾਵੇ, ਜਿਹੜੀ ਕਿ ਸਮਾਜ ਵਿੱਚ ਅਸ਼ਾਂਤੀ ਤੇ ਦੋ ਫ਼ਿਰਕਿਆਂ ਜਾਂ ਲੋਕਾਂ ਵਿੱਚ ਝਗੜੇ ਪੈਦਾ ਕਰਦੀ ਹੋਵੇ।
Newsline Express