???? ਪਟਿਆਲਾ ਦੇ 22 ਨੰਬਰ ਫਾਟਕ ਅਤੇ ਹੋਰਾਂ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਕਟਾਈ ਉਤੇ ਭੜਕੇ ਸਮਾਜ ਸੇਵੀ ਐਡਵੋਕੇਟ ਪ੍ਰਭਜੀਤ ਪਾਲ ਸਿੰਘ
???? ਵੱਧ ਤੋਂ ਵੱਧ ਦਰੱਖਤ ਲਗਾਉਣ ਦੀ ਥਾਂ ਵੱਧ ਤੋਂ ਵੱਧ ਦਰੱਖਤ ਕੱਟਣਾ ਬਿਲਕੁਲ ਗ਼ਲਤ ਤੇ ਗੈਰ ਕਾਨੂੰਨੀ : ਐਡਵੋਕੇਟ ਪ੍ਰਭਜੀਤ ਪਾਲ ਸਿੰਘ
???? ਪ੍ਰਸ਼ਾਸਨ ਦੀ ਨੱਕ ਥੱਲੇ ਹੋ ਰਹੀ ਦਰਖਤਾਂ ਦੀ ਬੇਕਦਰੀ ਲਈ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਡੀ ਸੀ ਪਟਿਆਲਾ
ਪਟਿਆਲਾ, 28 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ, ਅਦਾਲਤਾਂ, ਮੀਡੀਆ ਅਤੇ ਵਾਤਾਵਰਨ ਪ੍ਰੇਮੀ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਅਤੇ ਜਿੰਨੀ ਮਰਜ਼ੀ ਦੁਹਾਈ ਪਾਈ ਜਾਣ ਕਿ ਦਰਖਤ ਇਨਸਾਨ ਦੀ ਜ਼ਿੰਦਗੀ ਲਈ ਬੇਹੱਦ ਜ਼ਰੂਰੀ ਹਨ, ਪ੍ਰੰਤੂ ਜੁੰਮੇਵਾਰ ਅਧਿਕਾਰੀ ਇਸਦੀ ਜ਼ਰਾ ਪ੍ਰਵਾਹ ਨਹੀਂ ਕਰ ਰਹੇ। ਇਸ ਦੀਆਂ ਮਿਸਾਲਾਂ ਪਿਛਲੇ ਕਾਫੀ ਸਮੇਂ ਤੋਂ ਵੱਖ ਵੱਖ ਸ਼ਹਿਰਾਂ ਤੇ ਮੁੱਖ ਮਾਰਗਾਂ ਉੱਤੇ ਲਗਾਤਾਰ ਬਿਨਾ ਰੋਕ ਟੋਕ ਹੋਈ ਹਰੇ ਭਰੇ ਦਰਖਤਾਂ ਦੀ ਅੰਨ੍ਹੇਵਾਹ ਕਟਾਈ ਤੋਂ ਮਿਲ ਜਾਂਦੀਆਂ ਹਨ। ਪਰ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਾ ਹੋਣ ਕਰਕੇ ਦਰਖਤਾਂ ਦੀ ਕਟਾਈ ਜਾਰੀ ਹੈ। ਪਟਿਆਲਾ ਦੇ 22 ਨੰਬਰ ਫਾਟਕ ਦੇ ਹੇਠਾਂ ਦੋਵੇਂ ਪਾਸੇ ਸੈਂਕੜੇ ਦਰਖਤਾਂ ਦੀ ਕਟਾਈ ਹੋ ਚੁੱਕੀ ਹੈ ਜੋਕਿ ਅੱਜ ਵੀ ਜਾਰੀ ਦੇਖੀ ਗਈ। ਦਰਖਤਾਂ ਦੀ ਇਸ ਕਟਾਈ ਤੋਂ ਭੜਕੇ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵੀ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਅੱਜ 22 ਨੰਬਰ ਫਾਟਕ ਨੇੜੇ ਮਾਰਕਿਟ ਵਿਖੇ ਪਹੁੰਚ ਕੇ ਦੇਖਿਆ ਅਤੇ ਮੀਡੀਆ ਨੂੰ ਬੁਲਾਇਆ ਤਾਂ ਉਥੇ ਕੰਮ ਕਰ ਰਹੇ ਲੋਕ ਉਥੋਂ ਖਿਸਕ ਗਏ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਮਝ ਨਹੀਂ ਆਉਂਦਾ ਕਿ ਪ੍ਰਸ਼ਾਸਨ ਕਿਊੰ ਸੁੱਤਾ ਪਿਆ ਹੈ, ਕਿਊੰ ਢੁਕਵਾਂ ਫੈਸਲਾ ਨਹੀਂ ਲਿਆ ਜਾਂਦਾ ਅਤੇ ਕਿਉਂ ਦਰਖਤਾਂ ਦੀ ਇੰਨੀ ਬੇਕਦਰੀ ਕੀਤੀ ਜਾ ਰਹੀ ਹੈ! ਉਨ੍ਹਾਂ ਨੇ ਕਿਹਾ ਕਿ ਜਿੰਮੇਵਾਰ ਲੋਕ ਦਿਮਾਗ ਤੋਂ ਕੰਮ ਕਿਊੰ ਨਹੀਂ ਲੈਂਦੇ। ਉਨ੍ਹਾਂ ਨੇ ਕਿਹਾ ਕਿ ਆਸ ਪਾਸ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਮਾਰਕਿਟ ਦੀ ਪਾਰਕਿੰਗ ਲਈ ਸੈਂਕੜੇ ਹਰੇ ਭਰੇ ਤੇ ਪੁਰਾਣੇ। ਦਰਖਤਾਂ ਦੀ ਕੁਰਬਾਨੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਮਾਰਕਿਟ ਵਾਲੇ ਪਾਸੇ ਪਾਰਕਿੰਗ ਬਣਾਉਣ ਲਈ ਦਰਖਤ ਹਟਾਉਣੇ ਪੈ ਵੀ ਗਏ ਤਾਂ ਦੁੱਜੇ ਪਾਸੇ ਰਿਹਾਇਸ਼ੀ ਇਲਾਕੇ ਦੇ ਦਰਖਤ ਕਿਊੰ ਕੱਟੇ ਗਏ। ਪ੍ਰਭਜੀਤ ਪਾਲ ਸਿੰਘ ਨੇ ਕਿਹਾ ਕਿ ਦਰਖਤਾਂ ਨੂੰ ਕੱਟਣ ਦੀ ਥਾਂ ਸ਼ਿਫਟ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਗਲੋਬਲ ਵਾਰਨਿੰਗ ਦੇ ਦੌਰ ਵਿੱਚ ਜਿੱਥੇ ਵੱਧ ਤੋਂ ਵੱਧ ਦਰੱਖਤ ਲਗਾਉਣ ਦੀ ਲੋੜ ਹੈ ਉਥੇ ਵੱਧ ਤੋਂ ਵੱਧ ਦਰੱਖਤ ਕੱਟਣਾ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਗ਼ਲਤ ਹੈ ਬਲਕਿ ਗੈਰ ਕਾਨੂੰਨੀ ਵੀ ਹੈ।
ਉਨ੍ਹਾਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਅਧਿਕਾਰੀਆਂ ਤੇ ਹੋਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
Newsline Express