???? ਖਾਲਿਸਤਾਨੀ ਨਾਮ ਦੇ ਹਊਏ ਨੂੰ ਸਮੇਂ ਸਿਰ ਨੱਥ ਪਾਵੇ ਸਰਕਾਰ : ਵਿਜੇ ਕਪੂਰ
???? ਗੁਰਪਤਵੰਤ ਪੰਨੂ ਨੂੰ ਗਿਰਫ਼ਤਾਰ ਕਰਕੇ ਲਿਆਏ ਪੰਜਾਬ ਸਰਕਾਰ
???? SYL ਗਾਣਾ ਬੈਨ ਕਰਨਾ ਕੇਂਦਰ ਸਰਕਾਰ ਦਾ ਵਧੀਆ ਕਦਮ
ਪਟਿਆਲਾ, 29 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੰਤਰਰਾਸ਼ਟ੍ਰੀਯ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ
ਬੀਤੀ ਰਾਤ ਸੰਗਰੂਰ ਵਿਖੇ ਵੱਖ ਵੱਖ ਥਾਵਾਂ ਉੱਤੇ ਮੁੜ ਤੋਂ ਖਾਲਿਸਤਾਨ ਦੇ ਨਾਅਰੇ ਲਿਖਣ ਦੀ ਹੋਈ ਘਟਨਾ ਦੀ ਭਾਰੀ ਨਿੰਦਾ ਜਾਹਿਰ ਕੀਤੀ ਹੈ। ਉਨ੍ਹਾਂ ਨੇ ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲ ਦੇ ਸਮੇਂ ਵਿੱਚ ਵਾਪਰੀਆਂ ਘਟਨਾਵਾਂ ਪੰਜਾਬ ਦੇ ਭਵਿੱਖ ਲਈ ਮਾੜੇ ਸੰਕੇਤ ਹਨ। ਵਿਜੈ ਕਪੂਰ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਦੇ ਲੋਕਾਂ ਨੂੰ ਭਲੋਅ ਕੇ ਆਪਣੀ ਜਿੱਤ ਤਾਂ ਹਾਸਲ ਕਰ ਲਈ, ਪਰ ਉਹ ਲੋਕਾਂ ਖਾਸ ਕਰਕੇ ਯੂਥ ਨੂੰ ਹੁਣ ਗੁੰਮਰਾਹ ਕਰਨਾ ਬੰਦ ਕਰਨ ਤੇ ਪੰਜਾਬ ਦੀ ਤਰੱਕੀ ਬਾਰੇ ਸੋਚਣ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਹਮੇਸ਼ਾਂ ਵੱਖਵਾਦ ਤੇ ਖਾਲਿਸਤਾਨ ਦੀ ਗੱਲ ਕਰਦਾ ਹੈ ਅਤੇ ਉਸਨੇ ਸਿਵਾਏ ਲੋਕਾਂ ਨੂੰ ਭੜਕਾਉਣ ਦੇ ਹੋਰ ਕੋਈ ਕੰਮ ਨਹੀਂ ਕੀਤਾ। ਜਿੱਤਣ ਤੋਂ ਬਾਅਦ ਵੀ ਉਸਨੇ ਭਿੰਡਰਾਂਵਾਲੇ ਦੀ ਸੋਚ ਦੀ ਹਿਮਾਇਤ ਕਰਕੇ ਪੰਜਾਬ ਦੇ ਸ਼ਾਂਤੀਪੂਰਨ ਮਾਹੌਲ ਵਿੱਚ ਅੱਗ ਲਾਉਣ ਦੀ ਹੀ ਕੋਸ਼ਿਸ਼ ਕੀਤੀ ਹੈ। ਕਪੂਰ ਨੇ ਕਿਹਾ ਕਿ ਮਾਨ ਇਹ ਸਾਫ ਕਰੇ ਕਿ ਉਹ ਹੁਣ ਭਾਰਤ ਦੇ ਸੰਵਿਧਾਨ ਦੀ ਸਹੁੰ ਨਹੀਂ ਚੁੱਕੇਗਾ ਤੇ ਭਾਰਤ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਸਹੁੰ ਨਹੀਂ ਚੁੱਕੇਗਾ ? ਕਿਉਂਕਿ ਪਹਿਲਾਂ ਉਸ ਵੱਲੋਂ ਰਾਸ਼ਟਰੀ ਝੰਡੇ ਤਿਰੰਗੇ ਦਾ ਅਪਮਾਨ ਕੀਤਾ ਗਿਆ ਸੀ ਅਤੇ ਵੱਖਵਾਦ ਤੇ ਖਾਲਿਸਤਾਨ ਦੀ ਹਮਾਇਤ ਕੀਤੀ ਸੀ। ਕਪੂਰ ਨੇ ਕਿਹਾ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਸੰਗਰੂਰ ਵਿਖੇ ਆਏ ਚੋਣ ਨਤੀਜਿਆਂ ਤੋਂ ਸਬਕ ਲੈ ਕੇ ਆਪਣੀ ਕਾਰਗੁਜ਼ਾਰੀ ਵਿੱਚ ਬਦਲਾਅ ਲਿਆਉਣਾ ਚਾਹੀਦਾ ਹੈ ਅਤੇ ਸੂਬੇ ਵਿੱਚ ਦਿਨ-ਬ-ਦਿਨ ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਸਿਰਫ ਮੁੱਕਦਮੇ ਦਰਜ ਕਰਨ ਨਾਲ ਕੋਈ ਹੱਲ ਨਹੀਂ ਨਿਕਲਣਾ, ਸਗੋਂ ਸਰਕਾਰ ਨੂੰ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਭਾਰਤ ਲਿਆ ਕੇ ਕਾਨੂੰਨੀ ਕਾਰਵਾਈ ਨੂੰ ਅਮਲੀ ਜਾਮਾ ਪਾ ਕੇ ਮਾੜੇ ਅਨਸਰਾਂ ਨੂੰ ਸਖਤ ਸੁਨੇਹਾ ਦੇਣ ਦੀ ਲੋੜ ਹੈ। ਕਪੂਰ ਨੇ ਕਿਹਾ ਕਿ ਪੰਜਾਬ ਵਿੱਚ ਬੈਠੇ ਸਿਮਰਨਜੀਤ ਸਿੰਘ ਮਾਨ ਤੇ ਵਿਦੇਸ਼ ਵਿੱਚ ਬੈਠੇ ਗੁਰਪਤਵੰਤ ਸਿੰਘ ਪੰਨੂ ਵਰਗੇ ਲੋਕ ਸਿਰਫ ਆਪਣੇ ਸਿਆਸੀ ਤੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਗੜੇ ਮੁਰਦੇ ਉਖਾੜ ਰਹੇ ਹਨ ਜਿਨ੍ਹਾਂ ਦੀ ਅੱਜ ਦੇ ਸਮੇਂ ਵਿੱਚ ਕੋਈ ਜ਼ਰੂਰਤ ਨਹੀਂ ਹੈ। ਖਾਲਿਸਤਾਨ ਵਰਗੀ ਕੋਈ ਚੀਜ਼ ਅੱਜ ਹੋਂਦ ਵਿੱਚ ਨਹੀਂ ਹੈ ਬਲਕਿ ਇਹ ਸਿਰਫ ਕੁਝ ਮਤਲਬਪ੍ਰਸਤ ਲੋਕਾਂ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਜਿੰਦਾ ਰੱਖਿਆ ਹੋਇਆ ਇੱਕ ਹਊਆ ਹੈ ਜਿਸਨੂੰ ਸਮੇਂ ਸਮੇਂ ਦੌਰਾਨ ਆਪਣੀ ਸਹੂਲਤ ਮੁਤਾਬਕ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਾਹਰ ਕੱਢ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਆਪਣੇ ਭਾਸ਼ਣ ਵਿੱਚ ਕਦੇ ਵੀ ਭਵਿੱਖ ਵਿੱਚ ਸੂਬੇ ਦੀ ਤਰੱਕੀ ਦੀ ਕੋਈ ਗੱਲ ਨਹੀਂ ਕਰਦੇ ਸਗੋਂ ਅੱਤਵਾਦ ਤੇ ਵੱਖਵਾਦ ਦੀਆਂ ਗੱਲਾਂ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਐੱਸਵਾਈਐਲ ਗਾਣੇ ਨੂੰ ਸਰਕਾਰ ਵੱਲੋਂ ਯੂਟਿਊਬ ‘ਤੇ ਬੈਨ ਕਰਵਾਉਣ ਬਾਰੇ ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਇਕ ਵਧੀਆ ਕਾਰਗੁਜ਼ਾਰੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਲੰਬੇ ਦੌਰ ਕਾਰਨ ਪੰਜਾਬ ਅੱਜ ਪੰਜਾਹ ਸਾਲ ਪਿੱਛੇ ਚੱਲ ਰਿਹਾ ਹੈ ਅਤੇ ਇਸ ਦੌਰਾਨ ਲੱਖਾਂ ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਵਿਜੈ ਕਪੂਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਅੱਤਵਾਦੀ ਨੂੰ ਹੀਰੋ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਅੱਤਵਾਦ ਦੀ ਹਿਮਾਇਤ ਕਰੇਗਾ ਤਾਂ ਉਨ੍ਹਾਂ ਦੀ ਪਾਰਟੀ ਉਸਦਾ ਸਖਤ ਵਿਰੋਧ ਕਰੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਖਾਸਕਰ ਯੂਥ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਉਹ ਅਜਿਹੇ ਲੋਕਾਂ ਦੀਆਂ ਸਿਆਸੀ ਖੇਡਾਂ ਦਾ ਸ਼ਿਕਾਰ ਨਾ ਬਣਨ ਅਤੇ ਸੂਬੇ ਦੀ ਤਰੱਕੀ ਤੇ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਵੱਲ ਧਿਆਨ ਦੇਣ।
Newsline Express