ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਨਸਾਫ ਲਈ ਅੱਜ ਤੋਂ 3 ਰੋਜ਼ਾ ਕਿਸਾਨ ਧਰਨਾ
????ਇਨਸਾਫ ਮੋਰਚੇ ਲਈ ਪੰਜਾਬ ਤੋਂ ਹਜ਼ਾਰਾਂ ਕਿਸਾਨ ਰਵਾਨਾ
???? ਮੋਦੀ / ਯੋਗੀ ਹਕੂਮਤ ਦੇ ਵਿਸ਼ਵਾਸ਼ਘਾਤ ਅਤੇ ਜਾਬਰ ਰਵਈਏ ਖ਼ਿਲਾਫ਼ ਧਰਨਾ : ਐਡੋਕੇਟ ਪ੍ਰਭਜੀਤਪਾਲ ਸਿੰਘ
ਪਟਿਆਲਾ, 17 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸੰਯੁਕਤ ਕਿਸਾਨ ਮੋਰਚੇ ਵੱਲੋਂ ਲਏ ਗਏ ਫੈਸਲੇ ਤਹਿਤ ਉੱਤਰ ਪ੍ਰਦੇਸ਼ ਵਿੱਚ ਲਖੀਮਪੁਰ ਖੀਰੀ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ, ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਵਾਉਣ, ਨਿਰਦੋਸ਼ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਾਉਣ ਲਈ 18, 19, 20 ਤਿੰਨ ਰੋਜਾ ਲਖੀਮਪੁਰ ਖੀਰੀ ਵਿਖੇ ਵੱਡੇ ਪੱਧਰ ‘ਤੇ ਧਰਨੇ ਦਿੱਤੇ ਜਾਣਗੇ ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਸਮੂਲੀਅਤ ਕਰਨ ਲਈ ਰਵਾਨਾ ਹੋ ਗਏ। ਲਖੀਮਪੁਰ ਖੀਰੀ ਜਾਣ ਵਾਲੇ ਕਿਸਾਨਾਂ ਦੇ ਨਾਲ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵੀ ਅਤੇ ਕਿਸਾਨ ਆਗੂ ਐਡਵੋਕੇਟ ਪ੍ਰਭਜੀਤਪਾਲ ਸਿੰਘ ਨੇ ਨਿਊਜ਼ਲਾਈਨ ਐਕਸਪ੍ਰੈਸ ਨੂੰ ਦੱਸਿਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ‘ਚ ਦਿੱਲੀ ਦੇ ਬਾਰਡਰਾਂ ਸਮੇਤ ਪੂਰੇ ਮੁਲਕ ਅੰਦਰ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਯੂਪੀ ਵਿੱਚ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੀ ਅਗਵਾਈ ਵਾਲੀ ਹਕੂਮਤ ਦੀ ਸਰਪ੍ਰਸਤੀ ਹੇਠ ਲਖੀਮਪੁਰ ਵਿਖੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪਾਲੇ ਹੋਏ ਗੁੰਡਿਆਂ ਅਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਜੀਪ ਹੇਠ ਦਰੜਕੇ ਤਿੰਨ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਸ਼ਹੀਦ ਕਰ ਦਿੱਤਾ ਸੀ। ਪੁਲਿਸ ਨੇ ਕੇਂਦਰੀ ਮੰਤਰੀ ਦਾ ਪੱਖ ਪੂਰਦਿਆਂ ਉਲਟਾ ਜਮਹੂਰੀ ਢੰਗ ਨਾਲ ਭਾਜਪਾਈ ਮੰਤਰੀਆਂ ਦੀ ਫੇਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਝੂਠੇ ਪੁਲਿਸ ਕੇਸ ਦਰਜ ਕਰਕੇ ਜੇਲ੍ਹ ਅੰਦਰ ਡੱਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਉੱਪਰ ਪਾਏ ਝੂਠੇ ਪੁਲਿਸ ਕੇਸ ਵਾਪਸ ਕਰਾਉਣ ਲਈ ਸੰਯੁਕਤ ਕਿਸਾਨ ਮੋਰਚਾ ਉਸੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਕਿਉਂਕਿ ਪੁਲਿਸ ਨੇ ਇੱਕ ਪਾਸੇ ਇਨ੍ਹਾਂ ਨਿਰਦੋਸ਼ ਕਿਸਾਨਾਂ ਨੂੰ ਜੇਲ੍ਹ ਵਿੱਚ ਡੱਕਿਆ ਹੋਇਆ ਹੈ, ਦੂਜੇ ਪਾਸੇ ਚਾਰ ਕਿਸਾਨਾਂ ਦੇ ਕਾਤਲ ਕੇਂਦਰੀ ਮੰਤਰੀ ਦੇ ਅਜੇ ਮਿਸ਼ਰਾ ਟੈਣੀ ਦੇ ਗੁੰਡੇ ਪੁੱਤ ਅਸ਼ੀਸ਼ ਮਿਸ਼ਰਾ ਨੂੰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਹੀ ਗ੍ਰਿਫਤਾਰ ਕੀਤਾ ਸੀ ਜਦਕਿ ਕੁੱਝ ਸਮੇਂ ਬਾਅਦ ਹੀ ਇਲਾਹਾਬਾਦ ਹਾਈਕੋਰਟ ਨੇ ਉਸ ਨੂੰ ਜਮਾਨਤ ਦੇ ਦਿੱਤੀ ਸੀ। ਸੰਯੁਕਤ ਕਿਸਾਨ ਮੋਰਚਾ ਵੱਲੋਂ ਸੁਪਰੀਮ ਕੋਰਟ ਤੱਕ ਪੈਰਵਾਈ ਕਰਕੇ ਮੁੜ ਜਮਾਨਤ ਰੱਦ ਕਰਵਾਕੇ ਜੇਲ੍ਹ ਭਿਜਵਾਇਆ ਹੈ।
ਐਡਵੋਕੇਟ ਪ੍ਰਭਜੀਤਪਾਲ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਲਈ ਲੜਦਾ ਰਹੇਗਾ ਜਿਵੇਂ ਕਿ ਕਿਸਾਨ ਮੋਰਚੇ ਵਿਚ ਲੋਕਾਂ ਨੇ ਕਿਸਾਨ ਮੋਰਚੇ ਦਾ ਕੇਂਦਰ ਸਰਕਾਰ ਖ਼ਿਲਾਫ਼ ਡੱਟ ਕੇ ਸਾਥ ਦਿੱਤਾ, ਉਸੇ ਤਰ੍ਹਾ ਮੋਰਚਾ ਵੀ ਹਮੇਸ਼ਾ ਲੋਕ ਹਿੱਤ ਲਈ ਲੜਦਾ ਰਹੇਗਾ। ਉਹਨਾਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਮੋਦੀ / ਯੋਗੀ ਹਕੂਮਤ ਦੇ ਵਿਸ਼ਵਾਸ਼ਘਾਤ ਅਤੇ ਜਾਬਰ ਰਵਈਏ ਖ਼ਿਲਾਫ਼ ਧਰਨੇ ਵਿੱਚ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਲਖੀਮਪੁਰ ਖੀਰੀ ਜਾਂ ਲਈ ਭਾਰੀ ਗਿਣਤੀ ਨੌਜਵਾਨ ਕਿਸਾਨ ਵੀ ਹਾਜ਼ਰ ਸਨ। Newsline Express