ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਲਈ 8 ਦਸੰਬਰ ਤੱਕ ਕੀਤਾ ਜਾ ਸਕਦੈ ਅਪਲਾਈ : ਵਧੀਕ ਜ਼ਿਲ੍ਹਾ ਚੋਣ ਅਫ਼ਸਰ
-19 ਤੇ 20 ਨਵੰਬਰ ਅਤੇ 3 ਤੇ 4 ਦਸੰਬਰ ਨੂੰ ਸੁਧਾਈ ਲਈ ਬੂਥ ਲੈਵਲ ‘ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ
-ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦੀਆਂ ਕਾਪੀਆਂ ਸੌਂਪੀਆਂ
ਪਟਿਆਲਾ, 9 ਨਵੰਬਰ – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਕੁੱਲ ਅੱਠ ਵਿਧਾਨ ਸਭਾ ਚੋਣ ਹਲਕਿਆਂ ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ਸਨੌਰ, ਪਟਿਆਲਾ, ਸਮਾਣਾ ਅਤੇ ਸ਼ੁਤਰਾਣਾ ਵਿੱਚ ਯੋਗਤਾ ਮਿਤੀ 1 ਜਨਵਰੀ 2023 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਿਵੀਜ਼ਨ ਦਾ ਕੰਮ ਮਿਤੀ 9 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ।
ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦੇਣ ਲਈ ਅੱਜ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮਿੰਨੀ ਸਕੱਤਰੇਤ ਵਿਖੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਅੱਠਾਂ ਵਿਧਾਨ ਸਭਾ ਚੋਣ ਹਲਕਿਆਂ ਦੀ ਫੋਟੋ ਵੋਟਰ ਸੂਚੀਆਂ ਦਾ ਇੱਕ-ਇੱਕ ਸੈਟ ਅਤੇ ਸੀ.ਡੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀ।
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਪਹਿਲੀ ਜਨਵਰੀ 2023 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਮਤਦਾਤਾ ਬਣਨ ਦੇ ਯੋਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਲਈ ਇਸ ਮੁਹਿੰਮ ਦੌਰਾਨ 9 ਨਵੰਬਰ ਤੋਂ 8 ਦਸੰਬਰ, 2022 ਤੱਕ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵੀਂ ਵੋਟ ਲਈ ਫ਼ਾਰਮ ਨੰਬਰ 6, ਵੋਟ ਕਟਵਾਉਣ ਲਈ ਫ਼ਾਰਮ ਨੰਬਰ 7 ਅਤੇ ਵੋਟ ‘ਚ ਦਰੁਸਤੀ ਲਈ ਫ਼ਾਰਮ ਨੰਬਰ 8 ਭਰਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਉਣ ਲਈ 19 ਤੇ 20 ਨਵੰਬਰ (ਸ਼ਨੀਵਾਰ ਤੇ ਐਤਵਾਰ) ਅਤੇ 3 ਤੇ 4 ਦਸੰਬਰ (ਸ਼ਨੀਵਾਰ ਤੇ ਐਤਵਾਰ) ਵਿਸ਼ੇਸ਼ ਮਿਤੀਆਂ ਤੈਅ ਕੀਤੀਆਂ ਗਈਆਂ ਹਨ। ਇਨ੍ਹਾਂ ਨਿਰਧਾਰਿਤ ਮਿਤੀਆਂ ਨੂੰ ਬੀ.ਐਲ.ਓਜ਼ ਵੱਲੋਂ ਸਬੰਧਤ ਬੂਥਾਂ ‘ਤੇ ਬੈਠ ਕੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਮ ਜਨਤਾ/ਵੋਟਰਾਂ ਪਾਸੋਂ ਦਾਅਵੇ ਅਤੇ ਇਤਰਾਜ਼ਾਂ ਸਬੰਧੀ ਫਾਰਮ ਨੰਬਰ 6 (ਨਵੀਂ ਰਜਿਸਟ੍ਰੇਸ਼ਨ), 6 ਬੀ (ਆਧਾਰ ਕਾਰਡ ਨਾਲ ਵੋਟਰ ਕਾਰਡ ਲਿੰਕ ਕਰਵਾਉਣ ਲਈ), 7 (ਵੋਟ ਕਟਵਾਉਣ ਜਾਂ ਪਤਾ ਬਦਲਾਉਣ) ਅਤੇ 8 (ਮੌਜੂਦਾ ਵੋਟ ਦੇ ਇੰਦਰਾਜ ‘ਚ ਦਰੁਸਤੀ) ਪ੍ਰਾਪਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ 9-11-2022 ਤੋਂ 08-12-2022 ਤੱਕ ਪ੍ਰਾਪਤ ਹੋਣ ਵਾਲੇ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਸਬੰਧਤ ਮਤਦਾਤਾ ਰਜਿਸਟਰੇਸ਼ਨ ਅਫ਼ਸਰ ਵੱਲੋਂ 26 ਦਸੰਬਰ 2022 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2023 ਨੂੰ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਯੋਗ ਨਾਗਰਿਕਾਂ ਨੂੰ ਆਪਣੇ ਵੋਟ ਬਣਵਾਉਣ, ਕਿਸੇ ਵੋਟਰ ਦੀ ਮੌਤ ਉਪਰੰਤ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਉਸ ਦੀ ਵੋਟ ਕਟਵਾਉਣ ਅਤੇ ਪਹਿਲਾਂ ਤੋਂ ਦਰਜ ਮਤਦਾਤਾਵਾਂ ਦੇ ਇੰਦਰਾਜਾਂ ‘ਚ ਜੇ ਕੋਈ ਸੋਧ ਲੋੜੀਂਦੀ ਹੈ ਤਾਂ ਉਸ ਸੋਧ ਨੂੰ ਕਰਵਾਉਣ ਲਈ ਵੋਟਰ ਸੂਚੀ-2023 ਸੁਧਾਈ ਮੁਹਿੰਮ ਦਾ ਲਾਭ ਉਠਾਉਣ ਲਈ ਕਿਹਾ। ਇਸ ਮੌਕੇ ਚੋਣ ਤਹਿਸੀਲਦਾਰ ਰਾਮ ਜੀ ਲਾਲ ਤੇ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।