ਸਮੂਹ ਪਟਿਆਲਵੀ ਪਟਿਆਲਾ ਹੈਰੀਟੇਜ ਫੈਸਟੀਵਲ ਦਾ ਹਿੱਸਾ ਜ਼ਰੂਰ ਬਣਨ : ਸਾਕਸ਼ੀ ਸਾਹਨੀ
-ਪਟਿਆਲਾ ਹੈਰੀਟੇਜ ਫੈਸਟੀਵਲ ਦੀ ਰੂਪ ਰੇਖਾ ਨੂੰ ਅੰਤਿਮ ਛੋਹਾਂ ਦੇਣ ਲਈ ਮੀਟਿੰਗ
-ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਉਪਰਾਲਾ-ਡਿਪਟੀ ਕਮਿਸ਼ਨਰ
ਪਟਿਆਲਾ, 14 ਦਸੰਬਰ : ਸੁਨੀਤਾ/ਨਿਊਜ਼ਲਾਈਨ ਐਕਸਪ੍ਰੈਸ – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਦੀ ਉਲੀਕੀ ਜਾ ਰਹੀ ਰੂਪ ਰੇਖਾ ਨੂੰ ਅੰਤਿਮ ਛੋਹਾਂ ਦੇਣ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਅੱਜ ਇੱਥੇ ਇੱਕ ਮੀਟਿੰਗ ਕਰਦਿਆਂ ਇਸ ਫੈਸਟੀਵਲ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਮੁੱਚੇ ਪ੍ਰਬੰਧ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਨੇਪਰੇ ਚਾੜ੍ਹੇ ਜਾਣ ਦੀਆਂ ਹਦਾਇਤਾਂ ਕੀਤੀਆ। ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਇਸ ਲਈ ਇਸ ਫੈਸਟੀਵਲ ਦੀਆਂ ਤਿਆਰੀਆਂ ‘ਚ ਕੋਈ ਢਿੱਲ ਮੱਠ ਨਾ ਵਰਤੀ ਜਾਵੇ ਅਤੇ ਆਪੋ-ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਾਵੇ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਵਿਰਾਸਤੀ ਸ਼ਹਿਰ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ‘ਚ ਵੱਡੀ ਗਿਣਤੀ ਦਰਸ਼ਕ ਪੁੱਜਣਗੇ ਇਸ ਲਈ ਸਾਰੀਆਂ ਤਿਆਰੀਆਂ ਸੁਚੱਜੇ ਢੰਗ ਨਾਲ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਪਟਿਆਲਾ ਨੂੰ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਸੈਰ ਸਪਾਟਾ ਵਿਭਾਗ ਦੇ ਰਾਹੀਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਪਟਿਆਲਵੀਆਂ ਸਮੇਤ ਹੋਰਨਾਂ ਇਲਾਕਿਆਂ ਦੇ ਵਸਨੀਕਾਂ ਨੂੰ ਵੀ ਇਸ ਉਤਸਵ ਦਾ ਅਨੰਦ ਮਾਣਨ ਦਾ ਖੁੱਲਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਫਰਵਰੀ ਮਹੀਨੇ ਦੇ ਅਖੀਰ ‘ਚ ਕਰਾਫ਼ਟ ਮੇਲੇ ਤੱਕ ਚੱਲਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਪਟਿਆਲਾ ਦੇ ਪੁਰਾਤਨ ਬਾਰਾਂਦਰੀ ਬਾਗ ਵਿਖੇ 16 ਤੇ 17 ਦਸੰਬਰ ਨੂੰ ਕਰਵਾਏ ਜਾਣ ਵਾਲੇ ਅਮਰੂਦ ਫ਼ੈਸਟੀਵਲ ਅਤੇ ਗੁਲਦਾਊਦੀ ਫੁੱਲਾਂ ਦਾ ਸ਼ੋਅ ਤੋਂ ਹੋਵੇਗੀ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਤੰਗਬਾਜ਼ੀ ਤੇ ਏਅਰ ਬੈਲੂਨ ਸ਼ੋਅ, ਫੁਲਕਾਰੀ ਸ਼ੋਅ, ਬੱਚਿਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਪ੍ਰੋਗਰਾਮ, ਸਟੈਂਡ ਅੱਪ ਕਮੇਡੀ, ਲਿਟਰੇਚਰ ਫੈਸਟੀਵਲ ਅਤੇ ਕਲਾ ਪ੍ਰਦਰਸ਼ਨੀ ਅਤੇ ਫੋਟੋਗ੍ਰਾਫ਼ੀ ਅਵਾਰਡ, ਪੋਲੋ ਮੈਚ ਅਤੇ ਸਾਇਕਲ ਪੋਲੋ ਤੇ ਸਾਇਕਲ ਰੈਲੀ, ਮੈਰਾਥਨ, ਕੁਇਜ ਮੁਕਾਬਲੇ, ਵਰਚੂਅਲ ਰਿਐਲਟੀ, ਐਡਵੈਂਚਰ ਟੂਰਿਜ਼ਮ, ਏਅਰੋ ਮਾਡਲਿੰਗ ਸ਼ੋਅ, ਡਾਇਨਾਸੋਰ ਸ਼ੋਅ, ਹੈਰੀਟੇਜ ਵਾਕ, ਪਲੋਟਸ ਅਤੇ ਓਪਨ ਏਅਰ ਥੀਏਟਰ, ਡਾਗ ਸ਼ੋਅ, ਆਰਮੀ ਟੈਂਕ ਸ਼ੋਅ ਅਤੇ ਮੈਡਲ ਗੈਲਰੀ, ਫੋਟੋਗ੍ਰਾਫ਼ੀ ਅਤੇ ਪੇਟਿੰਗ ਮੁਕਾਬਲੇ, ਸੱਭਿਆਚਾਰਕ ਤੇ ਡਰਾਮੈਟਿਕ ਪ੍ਰੋਗਰਾਮ, ਪਟਿਆਲਾ ਘਰਾਣਾ ਦੀਆਂ ਗਾਇਨ ਸ਼ੈਲੀਆਂ, ਕਲਾਸੀਕਲ ਗਾਇਨ, ਨਾਟਕ, ਰੰਗੋਲੀ, ਫਲੈਸ਼ ਮੋਬ, ਵਿੰਟੇਜ਼ ਕਾਰ ਰੈਲੀ ਅਤੇ ਕਰਾਫ਼ਟ ਮੇਲਾ ਇਸ ਵੱਡੇ ਪ੍ਰੋਗਰਾਮ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਪਟਿਆਲਾ ਹੈਰੀਟੇਜ਼ ਦੀ ਸਮਾਪਤੀ ਸਮੇਂ ਫੂਡ ਫੈਸਟੀਵਲ, ਯੋਗਾ, ਜਿਮਨਾਸਟਿਕ ਅਤੇ ਜੂੰਬਾ ਤੇ ਫਲੋਟਸ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।
ਇਸ ਮੌਕੇ ਏ.ਡੀ.ਸੀਜ਼ ਗੌਤਮ ਜੈਨ, ਗੁਰਪ੍ਰੀਤ ਸਿੰਘ ਥਿੰਦ ਤੇ ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਅਕਸ਼ਿਤ ਗੁਪਤਾ, ਐਸ.ਪੀ. ਸਿਟੀ ਵਜੀਰ ਸਿੰਘ ਖਹਿਰਾ, ਐਸ.ਡੀ.ਐਮਜ਼ ਡਾ. ਇਸਮਤ ਵਿਜੇ ਸਿੰਘ, ਚਰਨਜੀਤ ਸਿੰਘ, ਡਾ. ਸੰਜੀਵ ਕੁਮਾਰ, ਨਵਦੀਪ ਕੁਮਾਰ, ਕਿਰਪਾਲਵੀਰ ਸਿੰਘ, ਦਮਨਦੀਪ ਕੌਰ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜੀਵਨਜੋਤ ਕੌਰ ਤੇ ਨਮਨ ਮੜਕਨ, ਆਬਕਾਰੀ ਵਿਭਾਗ ਦੇ ਅਧਿਕਾਰੀ ਕੰਨੂ ਗਰਗ, ਸਿਵਲ ਸਰਜਨ ਡਾ. ਦਲਬੀਰ ਕੌਰ ਸਮੇਤ ਉੱਤਰ ਖੇਤਰੀ ਸੱਭਿਆਚਾਰ ਕੇਂਦਰ, ਭਾਸ਼ਾ ਵਿਭਾਗ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਸਮੇਤ ਵੱਖ-ਵੱਖ ਕਾਲਜਾਂ ਦੇ ਨੁਮਾਇੰਦਿਆਂ ਸਮੇਤ ਫੌਜ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ।