ਪਟਿਆਲਾ, 12 ਜੂਨ : ਨਿਊਜ਼ਲਾਈਨ ਐਕਸਪ੍ਰੈਸ –
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ ਸਾਇਨਾ ਕਪੂਰ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਵਿੱਚ ਬਾਲ ਮਜ਼ਦੂਰੀ ਖਤਮ ਕਰਨ ਲਈ ਬਚਪਨ ਬਚਾਓ ਅੰਦੋਲਨ ਅਤੇ ਜ਼ਿਲ੍ਹਾ ਟਾਸਕ ਫੋਰਸ ਪਟਿਆਲਾ ਵੱਲੋਂ ਅੱਜ ਲਾਹੌਰੀ ਗੇਟ ਵਿਖੇ ਛਾਪੇਮਾਰੀ ਕੀਤੀ ਗਈ।
ਜ਼ਿਲ੍ਹਾ ਟਾਸਕ ਫੋਰਸ ਵਿਚ ਹਰਮਨਪ੍ਰੀਤ ਕੌਰ ਇੰਸਪੈਕਟਰ ਲੇਬਰ, ਸੁਖਪਾਲ ਕੌਰ ਡਿਪਟੀ ਡਾਇਰੈਕਟਰ ਫ਼ੈਕਟਰੀ, ਪੁਨੀਤ ਕੁਮਾਰ ਡੀ.ਸੀ.ਪੀ.ਓ, ਡਾਕਟਰ ਰਾਜੀਵ ਟੰਡਨ, ਅਮਰਿੰਦਰ ਸਿੰਘ, ਇੰਦਰਪ੍ਰੀਤ ਸਿੰਘ ਸਿੱਖਿਆ ਵਿਭਾਗ ਅਤੇ ਹਿਊਮਨ ਰਾਈਟਸ, ਸ਼ਹੀਦ -ਏ- ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਪ੍ਰਧਾਨ ਯੂਥ ਫੈਡਰੇਸ਼ਨ ਆਫ਼ ਇੰਡੀਆ ਅਤੇ ਸਰਪ੍ਰਸਤ ਪਾਵਰ ਹਾਊਸ ਯੂਥ ਕਲੱਬ, ਰਾਜਵੀਰ ਸਿੰਘ ਈ ਟੀ ਟੀ ਟੀਚਰ, ਪੁਲਿਸ ਵਿਭਾਗ ਤੋਂ ਏ ਐਸ ਆਈ ਹਮੀਰ ਸਿੰਘ ਸਿੱਧੂ, ਏ ਐਸ ਆਈ ਰਾਜ ਸਿੰਘ, ਏ ਐਸ ਆਈ ਮੰਗਲ ਸਿੰਘ, ਹੌਲਦਾਰ ਊਸ਼ਾ ਰਾਣੀ, ਹੌਲਦਾਰ ਸੁਨੀਤਾ ਰਾਣੀ ਮੌਜੂਦ ਸਨ।
ਇਸ ਮੌਕੇ ਟਾਸਕ ਫੋਰਸ ਵੱਲੋਂ ਲਾਹੌਰੀ ਗੇਟ ਦੀਆਂ ਵੱਖ ਵੱਖ ਦੁਕਾਨਾਂ ਉਪਰ ਛਾਪੇਮਾਰੀ ਕਰ ਕੇ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰੈਸਕੂਊ ਕੀਤਾ ਗਿਆ, ਬਰਾਮਦ ਬੱਚਿਆਂ ਦੇ ਦਸਤਾਵੇਜ਼ ਵੈਰੀਫਾਈ ਕਰਕੇ ਇਹਨਾਂ ਨੂੰ ਬੱਚਿਆਂ ਦੇ ਪੁਨਰਵਾਸ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਜਿਹੜੇ ਬੱਚੇ ਪੜ੍ਹਾਈ ਕਰਨਾ ਚਾਹੁੰਦੇ ਹਨ ਉਹਨਾਂ ਬੱਚਿਆਂ ਦੇ ਨਾਮ ਨੋਟ ਕਰਕੇ ਜਲਦ ਤੋਂ ਜਲਦ ਸਿੱਖਿਆ ਵਿਭਾਗ ਨੂੰ ਭੇਜ ਕੇ ਵੱਖ ਵੱਖ ਸਕੂਲਾਂ ਵਿਚ ਦਾਖਲ ਕਰਵਾਇਆ ਜਾਵੇਗਾ, ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸਾਇਨਾ ਕਪੂਰ ਨੇ ਕਿਹਾ ਕਿ ਪਬਲਿਕ ਅਤੇ ਦੁਕਾਨਦਾਰਾਂ ਨੂੰ ਵੀ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਤੇ ਨਹੀਂ ਰੱਖਣਾ ਚਾਹੀਦਾ, ਜੇਕਰ ਫਿਰ ਵੀ ਕੋਈ ਬਾਲ ਮਜ਼ਦੂਰੀ ਕਰਵਾਉਂਦਾ ਹੈ ਤਾਂ ਉਸ ਵਿਅਕਤੀ ਵਿਰੁੱਧ ਪੁਲਸ ਕਾਰਵਾਈ ਕੀਤੀ ਜਾਵੇਗੀ।