???? ਜਾਨਾਂ ਬਚਾਉਣ ਤੇ ਹਾਦਸੇ ਘਟਾਉਣ ਦਾ ਗਿਆਨ ਵੰਡਣਾ ਸਰਵੋਤਮ ਪ੍ਰੳਪਕਾਰ : ਮਨਜੀਤ ਸਿੰਘ ਨਾਰੰਗ
???? ਸੰਕਟ ਸਮੇਂ ਬਚਾਅ ਤੇ ਪੀੜਤਾਂ ਦੀ ਮਦਦ ਕਰਨ ਸੰਬੰਧੀ ਵੀਰ ਹਕੀਕਤ ਰਾਏ ਸਕੂਲ ‘ਚ ਕਰਵਾਏ ਅੰਤਰ ਸਕੂਲ ਮੁਕਾਬਲੇ
???? 15 ਸਕੂਲਾਂ ਦੇ ਵਿਦਿਆਰਥੀਆਂ ਨੇ ਲਿਆ ਭਾਗ
???? ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਸਮੇਂ ਜਾਨ ਮਾਲ ਨੂੰ ਬਚਾਉਣ ਲਈ ਪ੍ਰੈਕਟਿਕਲ ਟਰੇਨਿੰਗ ਬਹੁਤ ਜ਼ਰੂਰੀ : ਸਰਲਾ ਭਟਨਾਗਰ
ਪਟਿਆਲਾ / ਸੁਨੀਤਾ ਵਰਮਾ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਭਾਰਤੀ ਸਿਵਲ ਡਿਫੈਂਸ ਦਿਵਸ਼ ਦੇ ਸਬੰਧ ਵਿੱਚ ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ ਦੇ ਚੀਫ਼ ਟ੍ਰੇਨਰ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਕਾਕਾ ਰਾਮ ਵਰਮਾ ਵਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸੜਕਾਂ, ਘਰਾਂ ਅਤੇ ਸੰਸਥਾਵਾਂ ਵਿਖੇ ਹਾਦਸੇ ਘਟਾਉਣ ਦੇ ਅੰਤਰ ਸਕੂਲ ਕੁਇਜ਼ ਅਤੇ ਪ੍ਰਦਰਸ਼ਨ ਮੁਕਾਬਲੇ ਪਟਿਆਲਾ ਦੇ ਪ੍ਰਸਿੱਧ ਸਕੂਲ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਦੀ ਅਗਵਾਈ ਹੇਠ ਕਰਵਾਏ ਗਏ, ਜਿਨ੍ਹਾਂ ਵਿੱਚ ਜੂਨੀਅਰ ਅਤੇ ਸੀਨੀਅਰ ਗਰੁੱਪ ਵਿੱਚ 15 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।
ਕਾਕਾ ਰਾਮ ਵਰਮਾ, ਸਾਬਕਾ ਸਬ ਇੰਸਪੈਕਟਰ ਸਟੇਟ ਐਵਾਰਡੀ ਗੁਰਜਾਪ ਸਿੰਘ, ਮਨਜੀਤ ਕੌਰ ਆਜ਼ਾਦ, ਮੈਡਮ ਅਲਕਾ ਅਰੋੜਾ ਪਟਿਆਲਾ ਫਾਉਂਡੇਸ਼ਨ ਦੇ ਸਿਖਿਆਰਥੀਆਂ ਅਤੇ ਮਾਰੂਤੀ ਸੁਜ਼ੂਕੀ ਡਰਾਈਵਿੰਗ ਟਰੇਨਿੰਗ ਸਕੂਲ ਦੇ ਮੈਨੇਜਰ ਅਸ਼ੀਸ਼ ਸ਼ਰਮਾ ਨੇ ਸਬੰਧਤ ਵਿਸ਼ਿਆਂ ਬਾਰੇ ਪ੍ਰਸ਼ਨ ਪੁੱਛੇ ਅਤੇ ਇਨ੍ਹਾਂ ਵਿਸ਼ਿਆਂ ਬਾਰੇ ਵੀਡੀਓ ਅਤੇ ਪੋਸਟਰਾਂ ਰਾਹੀਂ ਜਾਣਕਾਰੀ ਵੀ ਸਾਂਝੀ ਕੀਤੀ।
ਸ. ਮਨਜੀਤ ਸਿੰਘ ਨਾਰੰਗ, ਸਾਬਕਾ ਸੀਨੀਅਰ ਆਈ ਏ ਐਸ ਅਫਸਰ, ਸਾਬਕਾ ਡਿਪਟੀ ਕਮਿਸ਼ਨਰ, ਪੀਆਰਟੀਸੀ ਦੇ ਸਾਬਕਾ ਐਮ ਡੀ ਨੇ ਕਿਹਾ ਕਿ ਭੋਜਨ ਤੇ ਕਪੜੇ ਆਦਿ ਵੰਡਣ ਦੀ ਥਾਂ ਹਾਦਸੇ ਘਟਾਉਣ ਅਤੇ ਕੀਮਤੀ ਜਾਨਾਂ ਬਚਾਉਣ ਦਾ ਗਿਆਨ ਟਰੇਨਿੰਗ ਰਾਹੀਂ ਦੇਣ ਲਈ ਕੀਤੇ ਉਪਰਾਲੇ ਪ੍ਰਸ਼ੰਸਾਯੋਗ, ਪ੍ਰਉਪਕਾਰ ਅਤੇ ਮਾਨਵਤਾ ਪ੍ਰਤੀ ਫ਼ਰਜ਼ ਤੇ ਜ਼ਿੰਮੇਵਾਰੀਆਂ ਹਨ। ਉਨ੍ਹਾਂ ਕਿਹਾ ਕਿ ਕਾਪੀਆਂ ਕਿਤਾਬਾਂ ਅਤੇ ਕਲਾਸ ਰੂਮਾਂ ਦੇ ਸਿਲੇਬਸ ਵੱਧ ਨੰਬਰ ਲੈਣ ਲਈ ਤਾਂ ਬੱਚਿਆਂ ਨੂੰ ਜ਼ਰੂਰ ਤਿਆਰ ਕਰਦੇ ਹਨ, ਪਰ ਕੁਦਰਤੀ ਆਫ਼ਤਾਵਾਂ, ਜੰਗਾਂ, ਮਹਾਂਮਾਰੀਆਂ, ਘਰੇਲੂ ਤੇ ਸੜ੍ਹਕੀ ਹਾਦਸਿਆਂ ਦੇ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਇਸ ਤਰ੍ਹਾਂ ਦੇ ਪ੍ਰੈਕਟਿਕਲ ਪ੍ਰੋਗਰਾਮ ਸਿਖਿਆ ਸੰਸਥਾਵਾਂ ਵਿਖ਼ੇ ਅਕਸਰ ਨਹੀਂ ਪੜ੍ਹਾਏ ਜਾਂਦੇ ਜਦਕਿ ਇਸ ਤਰ੍ਹਾਂ ਦੇ ਪ੍ਰੈਕਟਿਕਲ ਪ੍ਰਦਰਸ਼ਨ, ਜ਼ਿੰਦਗੀਆਂ ਬਚਾਉਣ, ਦੇਸ਼ ਸਮਾਜ, ਘਰ, ਪਰਿਵਾਰਾਂ ਨੂੰ ਸੰਕਟ ਸਮੇਂ ਹਾਦਸਿਆਂ ਤੋਂ ਬਚਾਉਣ ਲਈ ਬਹੁਤ ਲਾਭਦਾਇਕ ਸਿੱਧ ਹੁੰਦੇ ਹਨ। ਇਸ ਨਾਲ ਸਿਖਿਅਤ ਨੌਜਵਾਨ ਅਤੇ ਨਾਗਰਿਕ ਪੀੜਤਾਂ ਦੇ ਮਦਦਗਾਰ ਦੋਸਤਾਂ ਵਜੋਂ ਮਾਨਵਤਾ ਦੇ ਫਰਿਸ਼ਤੇ ਬਣ ਸਕਦੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਸ੍ਰੀ ਕਾਕਾ ਰਾਮ ਵਰਮਾ ਵਰਗੇ ਤਜਰਬੇਕਾਰ, ਸੁਝਵਾਨ ਤੇ ਨਿਸ਼ਕਾਮ ਭਾਵਨਾ ਨਾਲ ਕੰਮ ਕਰਨ ਵਾਲੇ ਸਮਾਜ ਸੇਵੀਆਂ ਤੇ ਕਾਬਿਲ ਟ੍ਰੇਨਰਾਂ ਦੀਆਂ ਸੇਵਾਵਾਂ ਰਾਹੀਂ ਵਿਦਿਆਰਥੀਆਂ, ਅਧਿਆਪਕਾਂ, ਆਮ ਨਾਗਰਿਕਾਂ, ਪੁਲਿਸ, ਫੈਕਟਰੀ ਕਰਮਚਾਰੀਆਂ, ਐਨ ਐਨ ਐਸ ਵਲੰਟੀਅਰਜ਼ ਤੇ ਐਨਸੀਸੀ ਕੈਡਿਟਾਂ ਆਦਿ ਨੂੰ ਪੀੜਤਾਂ ਦੇ ਮਦਦਗਾਰ ਫਰਿਸ਼ਤੇ ਬਣਾਉਣ ਲਈ ਸਹਿਯੋਗ ਲੈਣਾ ਚਾਹੀਦਾ ਹੈ। ਕਾਕਾ ਰਾਮ ਵਰਮਾ, ਗੁਰਜਾਪ ਸਿੰਘ ਅਤੇ ਇਨ੍ਹਾਂ ਦੇ ਸਾਥੀਆਂ ਵਲੋਂ ਸਾਰਿਆਂ ਨੂੰ ਮੁਫ਼ਤ ਵਿੱਚ ਟ੍ਰੇਨਿੰਗ ਦੇਣ ਲਈ ਜੰਗੀ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ। ਗੁਰਜਾਪ ਸਿੰਘ ਅਤੇ ਅਲਕਾ ਅਰੋੜਾ ਨੇ ਦੱਸਿਆ ਕਿ ਸਰਵੋਤਮ ਇਨਾਮ ਮੈਡਲ ਅਤੇ ਸਰਟੀਫਿਕੇਟ ਜਿੱਤਣ ਵਾਲੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ, ਗ੍ਰੀਨ ਵੈਲ ਹਾਈ ਸਕੂਲ ਅਤੇ ਲੱਕੀ ਪਬਲਿਕ ਹਾਈ ਸਕੂਲ ਨੂੰ ਕਾਕਾ ਰਾਮ ਵਰਮਾ ਵਲੋਂ ਪ੍ਰਦਾਨ ਕੀਤੀਆਂ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਸੀਨੀਅਰ ਗਰੁੱਪ ਵਿੱਚ ਗ੍ਰੀਨ ਵੈਲ ਹਾਈ ਸਕੂਲ ਅਤੇ ਲੱਕੀ ਪਬਲਿਕ ਸਕੂਲ ਦੀਆਂ ਟੀਮਾਂ ਪਹਿਲੇ, ਵੀਰ ਹਕੀਕਤ ਰਾਏ ਸਕੂਲ ਅਤੇ ਸਰਕਾਰੀ ਸਕੂਲ ਆਫ਼ ਐਮੀਨੈਂਸ ਫੀਲ ਖਾਨਾ ਨੇ ਦੂਸਰੇ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ ਅਤੇ ਸੋਨੀ ਪਬਲਿਕ ਸਕੂਲ ਦੀ ਟੀਮਾਂ ਤੀਸਰੇ ਨੰਬਰ ‘ਤੇ ਰਹੀਆਂ ਜਦਕਿ ਜੂਨੀਅਰ ਗਰੁੱਪ ਵਿੱਚ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਐਸ ਆਰ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਟੀਮਾਂ ਪਹਿਲੇ, ਨਿਊ ਡੈਫੋਡਿਲ ਪਬਲਿਕ ਸਕੂਲ ਅਤੇ ਐਸ ਡੀ ਐਸ ਈ ਸੀਨੀਅਰ ਸੈਕੰਡਰੀ ਸਕੂਲ ਦੀ ਟੀਮਾਂ ਦੂਸਰੇ ਅਤੇ ਤੀਸਰੇ ਨੰਬਰ ‘ਤੇ ਰਹੀਆਂ
ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਸਮੇਂ ਜਾਨ ਮਾਲ ਨੂੰ ਬਚਾਉਣ ਲਈ ਪ੍ਰੈਕਟਿਕਲ ਟਰੇਨਿੰਗ ਬਹੁਤ ਜ਼ਰੂਰੀ ਹੈ। ਜਿਵੇਂ ਆਰਮੀ, ਐਨ ਡੀ ਆਰ ਐਫ, ਫਾਇਰ ਬ੍ਰਿਗੇਡ, ਡਾਕਟਰ, ਨਰਸਾਂ, ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਜਦੋਜਹਿਦ ਕਰਦੇ ਹਨ, ਪਰ ਸੰਕਟ ਸਮੇਂ ਫ਼ਸਟ ਏਡ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਦੇ ਗਿਆਨ ਬਹੁਤ ਮਦਦਗਾਰ ਸਾਬਿਤ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕਾਕਾ ਰਾਮ ਵਰਮਾ ਦੇ ਉਦਮ ਸਦਕਾ ਪਟਿਆਲਾ ਦੇ ਵਿਦਿਆਰਥੀਆਂ, ਅਧਿਆਪਕਾਂ, ਪੀਆਰਟੀਸੀ ਦੇ ਡਰਾਈਵਰਾਂ, ਕਡੰਕਟਰਾਂ,
ਐਨ ਸੀ ਸੀ ਕੈਡਿਟਸ, ਐਨ ਐਸ ਐਸ ਵੰਲਟੀਅਰਾਂ ਨੂੰ ਫ਼ਸਟ ਏਡ ਸਿਹਤ ਤਦੰਰੁਸਤੀ ਸੇਫਟੀ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਰੈਸਕਿਯੂ ਟਰਾਂਸਪੋਰਟ, ਅਤੇ ਆਫ਼ਤਾਵਾਂ ਬਾਰੇ ਲਗਾਤਾਰ ਟਰੇਨਿੰਗ ਮਿਲ ਰਹੀ ਹੈ ਅਤੇ ਉਨ੍ਹਾਂ ਵੱਲੋਂ ਹਰ ਮਹੀਨੇ ਅੰਤਰ ਸਕੂਲ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਦੇ ਗਿਆਨ ਅਭਿਆਸ ਨੂੰ ਸੁਰਜੀਤ ਕੀਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਇਨਾਮ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਜਦਕਿ ਪੰਜਾਬ ਅਤੇ ਪਟਿਆਲਾ ਵਿਖੇ ਇਸ ਤਰ੍ਹਾਂ ਦੇ ਮੁਕਾਬਲੇ ਅਤੇ ਟ੍ਰੇਨਿੰਗ ਹੋਰ ਕੋਈ ਵਿਭਾਗ ਜਾਂ ਸੰਸਥਾਵਾਂ ਨਹੀਂ ਕਰਵਾ ਰਹੀਆਂ।
ਇਸ ਪ੍ਰੋਗਰਾਮ ਦੀ ਸਫਲਤਾ ਲਈ ਸਕੂਲ ਦੇ ਕੋਆਰਡੀਨੇਟਰ ਨਰੇਸ਼ ਕੁਮਾਰੀ, ਇੰਦੂ ਮੈਡਮ ਅਤੇ ਸਟੇਟ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਪ੍ਰਸ਼ੰਸਾਯੋਗ ਸਹਿਯੋਗ ਦਿੱਤਾ।
Newsline Express