ਚੰਡੀਗੜ, 24 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ ਹੈ ਅਤੇ ਮਹੱਤਵਪੂਰਨ ਫ਼ੈਸਲਿਆਂ ‘ਤੇ ਮੋਹਰ ਵੀ ਲਾਈ ਗਈ। ਜਿਨ੍ਹਾਂ ਵਿਚੋਂ 10.77 ਲੱਖ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ‘ਤੇ ਪੰਜਾਬ ਸਰਕਾਰ ਨੇ ਮੋਹਰ ਲਗਾਈ ਹੈ।ਦੂਜਾ ਅਧਿਆਪਕਾਂ ਦੀ ਬਦਲੀ ਨੂੰ ਵੀ ਸੌਖਾ ਕੀਤਾ ਗਿਆ ਹੈ। ਜਿਹੜਾ ਟੀਚਰ ਆਪਣੇ ਜਿਲ੍ਹੇ ‘ਚ, ਆਪਣੇ ਘਰ ਦੇ ਨੇੜੇ ਆਉਣਾ ਚਾਹੁੰਦਾ ਹੈ ਉਹ ਇੱਕ ਸੌਖੀ ਪ੍ਰਕ੍ਰਿਆ ਜ਼ਰੀਏ ਆ ਸਕਦਾ ਹੈ। ਤੀਜਾ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਦੀਆਂ ਪੈਨਸ਼ਨ 6000 ਤੋਂ ਵਧਾਕੇ 10000 ਰੁਪਏ ਕੀਤੀ ਗਈ ਹੈ।
ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਵੀ ਫਰਿਸ਼ਤੇ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ‘ਚ ਜ਼ਖਮੀ ਵਿਅਕਤੀ ਦੇ ਮੁਫਤ ਇਲਾਜ ਦੇ ਨਾਲ-ਨਾਲ ਜ਼ਖਮੀ ਨੂੰ ਨਜ਼ਦੀਕੀ ਹਸਪਤਾਲ ‘ਚ ਪਹੁੰਚਾਉਣ ਵਾਲੇ ਨੂੰ ਨਕਦ ਇਨਾਮ ਵੀ ਦਿੱਤਾ ਜਾਵੇਗਾ। ਇਸ ਦੀ ਸ਼ੁਰੂਆਤ 27 ਜਨਵਰੀ ਨੂੰ ਰੋਡ ਸੇਫਟੀ ਫੋਰਸ ਨਾਲ ਕੀਤੀ ਜਾਵੇਗੀ। SSF ਕੋਲ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਵਾਹਨ ਹਨ।
26 ਜਨਵਰੀ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਸਬ-ਡਵੀਜ਼ਨਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਅੰਦਰੋਂ ਹੀ ਉਪਲਬਧ ਹੋਣਗੀਆਂ। ਹਸਪਤਾਲਾਂ ਵਿੱਚ ਐਕਸਰੇ ਅਤੇ ਅਲਟਰਾਸਾਊਂਡ ਵੀ ਉਪਲਬਧ ਹੋਣਗੇ।
ਕੈਬਨਿਟ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਲਾਭਪਾਤਰੀਆਂ ਨੂੰ ਇਸ ਮਹੀਨੇ ਤੋਂ ਮੁਫਤ ਰਾਸ਼ਨ ਮਿਲੇਗਾ। ਉਨ੍ਹਾਂ ਕਿਹਾ ਕਿ ਸਕੂਲ ਅਧਿਆਪਕਾਂ ਦੇ ਤਬਾਦਲੇ ਨੂੰ ਸਰਲ ਬਣਾਉਣ ਲਈ ਨਵੀਂ ਸਕੀਮ ਨੂੰ ਵੀ ਮੰਤਰੀ ਮੰਡਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਸ੍ਰੀ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਯੋਗਸ਼ਾਲਾਵਾਂ ਨੂੰ 15 ਨਵੇਂ ਸ਼ਹਿਰਾਂ ਤੱਕ ਵਧਾਇਆ ਜਾਵੇਗਾ। ਮੰਤਰੀ ਮੰਡਲ ਨੇ ਪੀਪੀਐੱਸਸੀ ਦੇ ਚੇਅਰਮੈਨ ਵਜੋਂ ਜੇਪੀਐੱਸ ਔਲਖ ਦੇ ਨਾਂ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਹੁਣ ਫਾਈਲ ਮਨਜ਼ੂਰੀ ਲਈ ਰਾਜਪਾਲ ਕੋਲ ਭੇਜੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ 2024 ਵਿੱਚ ਪੰਜਾਬ ਸਾਰੀਆਂ ਲੋਕ ਸਭਾ ਸੀਟਾਂ ਆਮ ਆਦਮੀ ਪਾਰਟੀ ਨੂੰ ਦੇ ਕੇ ਇਤਿਹਾਸ ਰਚੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਹੋਵੇਗਾ।