???? ਦਿੱਲੀ ਦੇ ਟਿੱਕਰੀ ਤੇ ਸਿੰਘੁ ਬਾਰਡਰ ਉੱਤੇ ਲਗਾਏ ਬੈਰੀਕੇਟ ਤੋੜਨੇ ਕੀਤੇ ਸ਼ੁਰੂ
???? ਬੈਰੀਕੇਟਿੰਗ ਹੱਟਣ ਨਾਲ ਖੁੱਲ੍ਹ ਜਾਏਗਾ ਰਸਤਾ
ਦਿੱਲੀ, 25 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਟਿੱਕਰੀ ਅਤੇ ਸਿੰਘੁ ਬਾਰਡਰ ਉੱਤੇ ਸੜਕ ਉਤੇ ਲਗਾਏ ਬੈਰੀਕੇਟ ਤੇ ਹੋਰ ਰੁਕਾਵਟਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਹੁਣ ਵਾਹਨ ਮੁੜ ਤੋਂ ਦਿੱਲੀ ਵੱਲ ਅਸਾਨੀ ਨਾਲ ਜਾ ਸਕਣਗੇ।
ਸੂਤਰਾਂ ਮੁਤਾਬਕ ਸਮਝਿਆ ਜਾ ਰਿਹਾ ਹੈ ਕਿ ਸਰਕਾਰ ਨੇ ਵਿਸ਼ਵਾਸ ਕਰ ਲਿਆ ਹੈ ਕਿ ਹੁਣ ਜਾਂ ਤਾਂ ਕਿਸਾਨ ਖ਼ੁਦ ਹੀ ਦਿੱਲੀ ਵੱਲ ਕੂਚ ਨਹੀਂ ਕਰਨਗੇ ਅਤੇ ਜਾਂ ਫੇਰ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਸ਼ੰਭੂ ਤੇ ਖਨੌਰੀ ਬਾਰਡਰ ਹੀ ਕਾਫ਼ੀ ਹਨ।
ਜਿਕਰਯੋਗ ਹੈ ਕਿ ਕਿਸਾਨ ਸੰਘਰਸ਼ ਤੋਂ ਡਰਦਿਆਂ ਸ਼ੰਭੂ ਬਾਰਡਰ ਤੋਂ ਲੈ ਕੇ ਦਿੱਲੀ ਤਕ ਬੈਰੀਕੇਡਿੰਗ ਕਰ ਦਿੱਤੀ ਗਈ ਸੀ। ਇਹ ਬੈਰੀਕੇਟ ਵੀ ਆਮ ਨਹੀਂ ਸਨ ਬਲਕਿ ਵੱਡੇ ਆਕਾਰ ਦੇ ਸਨ ਜਿਨ੍ਹਾਂ ਨੂੰ ਕਿਸਾਨਾਂ ਵਲੋਂ ਤੋੜਨਾ ਕੋਈ ਸੌਖਾ ਕੰਮ ਨਹੀ ਸੀ।
ਹੁਣ ਖ਼ਬਰ ਆਈ ਹੈ ਕਿ ਸਰਕਾਰ ਵਲੋਂ ਸਿੰਘੂ ਅਤੇ ਟਿਕਰੀ ਬਾਰਡਰ ਉਤੇ ਲਾਏ ਗਏ ਬੈਰੀਕੇਡ ਤੋੜੇ ਜਾ ਰਹੇ ਹਨ। ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਸੱਦੇ ਤੋਂ ਬਾਅਦ 13 ਫਰਵਰੀ ਨੂੰ ਬੰਦ ਕੀਤੀ ਗਈ ਕੌਮੀ ਸ਼ਾਹਰਾਹ-44 ਦੀ ਸਰਵਿਸ ਰੋਡ ਨੂੰ ਪੁਲੀਸ ਨੇ ਦਿੱਲੀ ਸਰਹੱਦ ਤੋਂ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਪੁਲਿਸ ਸਰਵਿਸ ਰੋਡ ‘ਤੇ ਚਾਰੇ ਮਾਰਗਾਂ ਨੂੰ ਖੋਲ੍ਹ ਰਹੀ ਹੈ। ਇਸ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਦਿੱਲੀ ਆਉਣ-ਜਾਣ ‘ਚ ਕਾਫੀ ਰਾਹਤ ਮਿਲੇਗੀ। ਕੁੰਡਲੀ ਖੇਤਰ ਦੇ ਸਨਅਤਕਾਰ, ਦੁਕਾਨਦਾਰ, ਵਪਾਰੀ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਸੜਕ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਸਨ। ਸਰਵਿਸ ਰੋਡ ਖੁੱਲ੍ਹਣ ਨਾਲ ਵਾਹਨ ਚਾਲਕਾਂ ਨੂੰ ਕਾਫੀ ਰਾਹਤ ਮਿਲੇਗੀ।
ਇਸ ਦੇ ਨਾਲ ਹੀ ਬਹਾਦਰਗੜ੍ਹ ‘ਚ ਵੀ ਪੁਲਿਸ ਨੇ ਟਿੱਕਰੀ ਬਾਰਡਰ ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਹਿਲੇ ਪੜਾਅ ਵਿੱਚ ਬੈਰੀਕੇਡਿੰਗ ਦੀਆਂ ਛੇ ਪਰਤਾਂ ਵਿੱਚੋਂ ਪੰਜ ਨੂੰ ਹਟਾਇਆ ਜਾਵੇਗਾ। ਇਸ ਤੋਂ ਬਾਅਦ, ਸਿਰਫ ਕੰਕਰੀਟ ਦੀ ਕੰਧ ਨੂੰ ਹਟਾਉਣਾ ਬਾਕੀ ਰਹਿ ਜਾਵੇਗਾ।
Newsline Express